ਆਈਸੀਸੀ ਰੈਂਕਿੰਗ: ਰਵੀ ਦੁਨੀਆ ਦਾ ਨੰਬਰ ਇੱਕ ਟੀ20 ਗੇਂਦਬਾਜ਼

ਆਈਸੀਸੀ ਰੈਂਕਿੰਗ: ਰਵੀ ਦੁਨੀਆ ਦਾ ਨੰਬਰ ਇੱਕ ਟੀ20 ਗੇਂਦਬਾਜ਼

ਦੁਬਈ, 7 ਦਸੰਬਰ- ਭਾਰਤ ਦਾ ਨੌਜਵਾਨ ਲੈੱਗ ਸਪਿੰਨਰ ਰਵੀ ਬਿਸ਼ਨੋਈ (23) ਹਾਲ ਹੀ ਵਿੱਚ ਆਸਟਰੇਲੀਆ ਖ਼ਿਲਾਫ਼ ਲੜੀ ’ਚ ਸ਼ਾਨਦਾਰ ਪ੍ਰਦਰਸ਼ਨ ਸਦਕਾ ਪੰਜ ਸਥਾਨ ਅੱਗੇ ਆਉਂਦਿਆਂ ਅੱਜ ਆਈਸੀਸੀ (ਕੌਮਾਂਤਰੀ ਕ੍ਰਿਕਟ ਕੌਂਸਲ) ਟੀ 20 ਕੌਮਾਂਤਰੀ ਗੇਂਦਬਾਜ਼ੀ ਰੈਂਕਿੰਗ ਵਿੱਚ ਸਿਖਰਲੇ ਸਥਾਨ ’ਤੇ ਕਾਬਜ਼ ਹੋ ਗਿਆ। ਬਿਸ਼ਨੋਈ ਨੇ ਪਿਛਲੇ ਦਿਨੀਂ ਆਸਟਰੇਲੀਆ ਖ਼ਿਲਾਫ਼ ਸਮਾਪਤ ਹੋਈ ਲੜੀ ਵਿੱਚ ਪੰਜ ਮੈਚਾਂ ਦੌਰਾਨ ਨੌਂ ਵਿਕਟਾਂ ਲਈਆਂ ਸਨ। ਰਵੀ ਦੇ ਰੇਟਿੰਗ ਅੰਕ 699 ਹਨ। ਉਸ ਨੇ ਇਸ ਤਰ੍ਹਾਂ ਪੰਜ ਸਥਾਨ ਅੱਗੇ ਆਉਂਦਿਆਂ ਅਫ਼ਗਾਨਿਸਤਾਨ ਦੇ ਸਪਿੰਨਰ ਰਾਸ਼ਿਦ ਖ਼ਾਨ ਨੂੰ ਸਿਖਰ ਤੋਂ ਥੱਲੇ ਖਿਸਕਾ ਦਿੱਤਾ ਹੈ, ਜਿਸ ਦੇ ਰੇਟਿੰਗ ਅੰਕ 692 ਹਨ। ਸ੍ਰੀਲੰਕਾ ਦੇ ਸਪਿੰਨਰ ਵਾਨਿੰਦੂ ਹਸਾਰੰਗਾ ਅਤੇ ਇੰਗਲੈਂਡ ਦੇ ਆਦਿਲ ਰਾਸ਼ਿਦ ਸਾਂਝੇ ਤੌਰ ’ਤੇ ਤੀਜੇ ਸਥਾਨ ਉੱਤੇ ਹਨ ਅਤੇ ਦੋਵਾਂ ਦੇ 679 ਅੰਕ ਹਨ। ਸ੍ਰੀਲੰਕਾ ਦੇ ਮਹੀਸ਼ ਤੀਕਸ਼ਣ 677 ਅੰਕ ਨਾਲ ਸਿਖਰਲੇ ਪੰਜ ਗੇਂਦਬਾਜ਼ਾਂ ਵਿੱਚ ਸ਼ਾਮਲ ਹੈ। ਬਿਸ਼ਨੋਈ ਖੇਡ ਦੀ ਇਸ ਵੰਨਗੀ ਵਿੱਚ ਸਿਖਰਲੇ 10 ਵਿੱਚ ਕਾਬਜ਼ ਇਕਲੌਤਾ ਗੇਂਦਬਾਜ਼ ਹੈ, ਜਦਕਿ ਅਕਸ਼ਰ ਪਟੇਲ ਨੌਂ ਸਥਾਨ ਦੇ ਵਾਧੇ ਨਾਲ 18ਵੇਂ ਸਥਾਨ ’ਤੇ ਪਹੁੰਚ ਗਿਆ ਹੈ। ਭਾਰਤ ਨੂੰ ਟੀ20 ਕੌਮਾਂਤਰੀ ਲੜੀ ਵਿੱਚ ਆਸਟਰੇਲੀਆ ’ਤੇ 4-1 ਨਾਲ ਜਿਤਾਉਣ ਵਾਲਾ ਕਪਤਾਨ ਸੂਰਿਆਕੁਮਾਰ ਯਾਦਵ ਬੱਲੇਬਾਜ਼ਾਂ ਦੀ ਰੈਂਕਿੰਗ ਵਿੱਚ ਸਿਖਰ ’ਤੇ ਕਾਇਮ ਹੈ, ਜਦਕਿ ਸਲਾਮੀ ਬੱਲੇਬਾਜ਼ ਰੁਤੂਰਾਜ ਗਾਇਕਵਾੜ ਇੱਕ ਸਥਾਨ ਖਿਸਕ ਕੇ ਸੱਤਵੇਂ ਸਥਾਨ ’ਤੇ ਪਹੁੰਚ ਗਿਆ ਹੈ। ਹਾਰਦਿਕ ਪਾਂਡਿਆ ਨੇ ਆਲ-ਰਾਊਂਡਰ ਖਿਡਾਰੀਆਂ ਦੀ ਸੂਚੀ ਵਿੱਚ ਤੀਜਾ ਸਥਾਨ ਕਾਇਮ ਰੱਖਿਆ ਹੈ, ਜਦਕਿ ਸੱਟ ਲੱਗਣ ਕਾਰਨ ਉਹ ਆਸਟਰੇਲੀਆ ਖ਼ਿਲਾਫ਼ ਲੜੀ ’ਚ ਨਹੀਂ ਖੇਡ ਸਕਿਆ ਸੀ।

You must be logged in to post a comment Login