ਆਖਰ ‘ਆਪ’ ਦੇ ਹਰਪਾਲ ਚੀਮਾ ਨੂੰ ਮਿਲ ਹੀ ਗਈ ਸਰਕਾਰੀ ਕੋਠੀ

ਆਖਰ ‘ਆਪ’ ਦੇ ਹਰਪਾਲ ਚੀਮਾ ਨੂੰ ਮਿਲ ਹੀ ਗਈ ਸਰਕਾਰੀ ਕੋਠੀ

ਚੰਡੀਗੜ੍ਹ : ਆਮ ਆਦਮੀ ਪਾਰਟੀ ਵਲੋਂ ਵਿਰੋਧੀ ਧਿਰ ਦੇ ਨਵੇਂ ਚੁਣੇ ਗਏ ਨੇਤਾ ਹਰਪਾਲ ਸਿੰਘ ਚੀਮਾ ਨੂੰ ਸੈਕਟਰ-39 ਵਿਖੇ ਸਰਕਾਰੀ ਕੋਠੀ ਅਲਾਟ ਕੀਤੀ ਗਈ ਹੈ, ਹਾਲਾਂਕਿ ਇਸ ਕੋਠੀ ਦੀ ਮੁਰੰਮਤ ਹੋਣ ਦੇ ਚੱਲਦਿਆਂ ਹਰਪਾਲ ਚੀਮਾ ਅਜੇ ਇਸ ‘ਚ ਸ਼ਿਫਟ ਨਹੀਂ ਕਰਨਗੇ। ਹਰਪਾਲ ਚੀਮਾ ਤੋਂ ਪਹਿਲਾਂ ਵਿਰੋਧੀ ਧਿਰ ਦੇ ਸਾਬਕਾ ਨੇਤਾ ਸੁਖਪਾਲ ਖਹਿਰਾ ਨੂੰ ਸੈਕਟਰ-16 ‘ਚ 500 ਨੰਬਰ ਕੋਠੀ ਮਿਲੀ ਹੋਈ ਸੀ। ਆਮ ਤੌਰ ‘ਤੇ ਵਿਰੋਧੀ ਧਿਰ ਦੇ ਨੇਤਾ ਦੀ ਸਰਕਾਰੀ ਰਿਹਾਇਸ਼ ਮੁੱਖ ਮੰਤਰੀ ਦੀ ਰਿਹਾਇਸ਼ ਦੇ ਨਾਲ ਹੁੰਦੀ ਹੈ ਪਰ ਹਰਪਾਲ ਚੀਮਾ ਨੂੰ ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ਼ ਤੋਂ ਬਹੁਤ ਦੂਰ ਰਿਹਾਇਸ਼ ਦਿੱਤੀ ਗਈ ਹੈ। ਇਸ ਬਾਰੇ ਬੋਲਦਿਆਂ ਦਾਖਾਂ ਤੋਂ ‘ਆਪ’ ਵਿਧਾਇਕ ਐੱਚ. ਐੱਸ. ਫੂਲਕਾ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਦੀ ਰਿਹਾਇਸ਼ ਦੇ ਨਾਲ ਵਾਲੀ ਰਿਹਾਇਸ਼ ‘ਚ ਕਾਂਗਰਸੀ ਆਗੂ ਰਾਜਿੰਦਰ ਕੌਰ ਭੱਠਲ ਰਹਿ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਗੁਰਦਾਸਪੁਰ ਤੋਂ ਸੁਨੀਲ ਜਾਖੜ ਦੇ ਅਹੁਦਾ ਸੰਭਾਲਣ ਵੇਲੇ ਵੀ ਭੱਠਲ ਨੇ ਕੋਠੀ ਖਾਲੀ ਕਰਨ ਤੋਂ ਇਨਕਾਰ ਕਰ ਦਿੱਤਾ ਸੀ ਤਾਂ ਸੂਬਾ ਸਰਕਾਰ ਨੇ ਗਵਰਨਰ ਤੱਕ ਪਹੁੰਚ ਕੀਤੀ ਸੀ ਤੇ ਉਨ੍ਹਾਂ ਨੂੰ ਸੈਕਟਰ-16 ‘ਚ ਸਰਕਾਰੀ ਕੋਠੀ ਅਲਾਟ ਕੀਤੀ ਸੀ।

You must be logged in to post a comment Login