ਆਖ਼ਰ ਕਿਉਂ ਹੋ ਰਿਹੈ ਕਿਸਾਨ ਅੰਦੋਲਨ?

ਆਖ਼ਰ ਕਿਉਂ ਹੋ ਰਿਹੈ ਕਿਸਾਨ ਅੰਦੋਲਨ?

ਨਵੀਂ ਦਿੱਲੀ- ਕਿਸਾਨਾਂ ਵਲੋਂ ਇਕ ਵਾਰ ਮੁੜ ਦਿੱਲੀ ਨੂੰ ਘੇਰਨ ਲਈ ਤਿਆਰੀ ਕਰ ਲਈ ਹੈ। ਪੰਜਾਬ-ਹਰਿਆਣਾ ਤੋਂ ਇਲਾਵਾ ਕਈ ਹੋਰ ਸੂਬਿਆਂ ਦੇ ਕਿਸਾਨ ਵੀ ਦਿੱਲੀ ਲਈ ਕੂਚ ਕਰ ਚੁੱਕੇ ਹਨ। ਹਾਲਾਂਕਿ ਕਿਸਾਨਾਂ ਨੇ ਇਸ ਨੂੰ ‘ਚਲੋ ਦਿੱਲੀ ਮਾਰਚ’ ਦਾ ਨਾਂ ਦਿੱਤਾ ਹੈ ਪਰ ਇਸ ਨੂੰ ਕਿਸਾਨ ਅੰਦੋਲਨ 2.0 ਵੀ ਕਿਹਾ ਜਾ ਰਿਹਾ ਹੈ। ਦਰਅਸਲ ਇਸ ਕਿਸਾਨ ਅੰਦੋਲਨ ਦਾ ਪੈਟਰਨ 2020-21 ‘ਚ ਹੋਏ ਕਿਸਾਨ ਅੰਦੋਲਨ ਨਾਲ ਵੀ ਕਾਫ਼ੀ ਮਿਲਦਾ ਜੁਲਦਾ ਹੈ। ਪਿਛਲੀ ਵਾਰ ਦੀ ਤਰ੍ਹਾਂ ਹੀ ਵੱਖ-ਵੱਖ ਸੂਬਿਆਂ ਤੋਂ ਕਿਸਾਨ ਇਸ ਅੰਦੋਲਨ ‘ਚ ਸ਼ਾਮਲ ਹੋਣ ਲਈ ਆ ਰਹੇ ਹਨ। ਇਸ ਵਾਰ ਕਿਸਾਨ ਆਪਣੇ ਨਾਲ ਟਰੈਕਟਰ-ਟਰਾਲੀ ਭਰ ਰਾਸ਼ਨ ਵੀ ਆਪਣੇ ਨਾਲ ਲਿਆ ਰਹੇ ਹਨ। ਮੰਨਿਆ ਜਾ ਰਿਹਾ ਹੈ ਕਿ ਇਸ ਵਾਰ ਕਿਸਾਨਾਂ ਦੀ ਯੋਜਨਾ ਲੰਬੇ ਸਮੇਂ ਤੱਕ ਦਿੱਲੀ ਦੇ ਵੱਖ-ਵੱਖ ਬਾਰਡਰ ‘ਤੇ ਧਰਨਾ ਦੇਣ ਦਾ ਹੈ। ਹਾਲਾਂਕਿ ਪਿਛਲੀ ਵਾਰ ਦੇ ਮੁਕਾਬਲੇ ਇਸ ਵਾਰ ਸਾਰੇ ਕਿਸਾਨ ਸੰਗਠਨਾਂ ਦਾ ਸਮਰਥਨ ਪ੍ਰਾਪਤ ਨਹੀਂ ਹੋਇਆ। ਇਸ ਵਾਰ ਦੇ ਅੰਦੋਲਨ ਦੇ ਵੱਖ-ਵੱਖ ਕਿਸਾਨ ਸੰਗਠਨ ਮਿਲ ਕੇ ਆਯੋਜਿਤ ਕਰ ਰਹੇ ਹਨ। ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਸਰਕਾਰ ਨਾਲ ਕਈ ਬੈਠਕਾਂ ਵੀ ਹੋ ਚੁੱਕੀਆਂ ਹਨ ਪਰ ਅਜੇ ਵੀ ਫਾਈਨਲ ਸਹਿਮਤੀ ਨਹੀਂ ਬਣ ਪਾ ਰਹੀ ਹੈ। ਆਓ ਤੁਹਾਨੂੰ ਦੱਸਦੇ ਹਾਂ ਕਿ ਕਿਸਾਨ ਕਿਹੜੀਆਂ ਮੰਗਾਂ ਨੂੰ ਲੈ ਕੇ ਅੰਦੋਲਨ ਕਰ ਰਹੇ ਹਨ।

ਇਨ੍ਹਾਂ ਮੰਗਾਂ ਨੂੰ ਲੈ ਕੇ ਕਿਸਾਨ ਕਰ ਰਹੇ ਹਨ ਅੰਦੋਲਨ

1- ਸਾਰੀਆਂ ਫ਼ਸਲਾਂ ਦੀ MSP ‘ਤੇ ਖਰੀਦ ਦੀ ਗਾਰੰਟੀ ਦਾ ਕਾਨੂੰਨ ਬਣੇ
2- ਕਿਸਾਨ-ਖੇਤ ਮਜ਼ਦੂਰਾਂ ਦਾ ਕਰਜ਼ਾ ਮੁਆਫ਼ ਹੋਵੇ, ਪੈਨਸ਼ਨ ਦਿੱਤੀ ਜਾਵੇ
3-ਲਖੀਮਪੁਰ ਖੀਰੀ ਮਾਮਲੇ ‘ਚ ਦੋਸ਼ੀਆਂ ਨੂੰ ਸਜ਼ਾ ਅਤੇ ਪੀੜਤਾਂ ਨੂੰ ਨਿਆਂ ਮਿਲੇ
4-ਕਿਸਾਨ ਅੰਦੋਲਨ ਦੌਰਾਨ ਮ੍ਰਿਤਕ ਕਿਸਾਨਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ, ਸਰਕਾਰੀ ਨੌਕਰੀ ਮਿਲੇ
5-ਬਿਜਲੀ ਸੋਧ ਬਿੱਲ-2020 ਨੂੰ ਰੱਦ ਕੀਤਾ ਜਾਵੇ
6-ਕਿਸਾਨਾਂ ਨੂੰ ਪ੍ਰਦੂਸ਼ਣ ਕਾਨੂੰਨ ਤੋਂ ਬਾਹਰ ਰੱਖਿਆ ਜਾਵੇ
7-ਨਕਲੀ ਬੀਜ, ਕੀਟਨਾਸ਼ਕ ਦਵਾਈਆਂ ਅਤੇ ਖਾਦ ਵਾਲੀਆਂ ਕੰਪਨੀਆਂ ‘ਤੇ ਸਖ਼ਤ ਕਾਨੂੰਨ ਬਣਾਇਆ ਜਾਵੇ।

ਦਿੱਲੀ ਨਾਲ ਲੱਗਦੀਆਂ ਇਨ੍ਹਾਂ ਸਰਹੱਦਾਂ ‘ਤੇ ਚੌਕਸੀ

ਕਿਸਾਨਾਂ ਵਲੋਂ ਦਿੱਲੀ ‘ਚ ਵਧ ਰਹੀ ਘੇਰਾਬੰਦੀ ਨੂੰ ਰੋਕਣ ਲਈ ਹਰਿਆਣਾ ਅਤੇ ਪੰਜਾਬ ਨਾਲ ਲੱਗਦੀ ਸਿੰਘੂ ਸਰਹੱਦ ’ਤੇ ਕੰਡਿਆਲੀ ਤਾਰ ਲਗਾ ਦਿੱਤੀ ਗਈ ਹੈ। ਸੜਕਾਂ ‘ਤੇ ਸੀਮਿੰਟ ਦੇ ਬਣੇ ਬੈਰੀਕੇਡ ਵੀ ਲਗਾਏ ਗਏ ਹਨ। ਦਿੱਲੀ ‘ਚ ਗਾਜ਼ੀਪੁਰ ਟਿੱਕਰੀ ਅਤੇ ਸਿੰਧੂ ਬਾਰਡਰ ‘ਤੇ ਦਿੱਲੀ ਪੁਲਸ ਤਿਆਰੀ ਕਰ ਰਹੀ ਹੈ, ਤਾਂ ਜੋ ਕਿਸਾਨਾਂ ਨੂੰ ਦਿੱਲੀ ‘ਚ ਦਾਖ਼ਲ ਹੋਣ ਤੋਂ ਰੋਕਿਆ ਜਾ ਸਕੇ। ਗਾਜ਼ੀਪੁਰ ਬਾਰਡਰ ‘ਤੇ ਪੁਲਸ ਵੱਲੋਂ ਵਾਹਨਾਂ ਅਤੇ ਬੈਰੀਕੇਡ ਵੀ ਲਗਾਏ ਗਏ ਹਨ। ਸੀਸੀਟੀਵੀ ਅਤੇ ਲਾਊਡ ਸਪੀਕਰ ਵੀ ਲਗਾਏ ਜਾ ਰਹੇ ਹਨ। ਪੁਲਸ-ਪ੍ਰਸ਼ਾਸਨ ਨੂੰ ਡਰ ਹੈ ਕਿ ਪੱਛਮੀ ਉੱਤਰ ਪ੍ਰਦੇਸ਼ ਦੀਆਂ ਹੋਰ ਸੰਸਥਾਵਾਂ ਵੀ ਇਸ ਵਿਚ ਸ਼ਾਮਲ ਨਾ ਹੋ ਜਾਣ। ਜੇਕਰ ਅਜਿਹਾ ਹੁੰਦਾ ਹੈ ਤਾਂ ਸੰਭਾਵਨਾ ਹੈ ਕਿ ਦਿੱਲੀ-ਮੇਰਠ ਹਾਈਵੇਅ ‘ਤੇ ਵੀ ਵਿਘਨ ਪੈ ਸਕਦਾ ਹੈ।

16 ਫਰਵਰੀ ਨੂੰ ਭਾਰਤ ਬੰਦ ਦੀ ਅਪੀਲ

ਆਲ ਇੰਡੀਆ ਕਿਸਾਨ ਸਭਾ ਨੇ ਵੀ ਕਿਸਾਨਾਂ ਦੇ ਅੰਦੋਲਨ ਤੋਂ ਫਿਲਹਾਲ ਦੂਰੀ ਬਣਾਈ ਹੋਈ ਹੈ, ਜਦੋਂ ਕਿ ਸੰਯੁਕਤ ਕਿਸਾਨ ਮੋਰਚਾ ਦੇ ਬੈਨਰ ਹੇਠ 16 ਫਰਵਰੀ ਨੂੰ ਰਾਸ਼ਟਰਵਿਆਪੀ ਭਾਰਤ ਬੰਦ ਦੀ ਅਪੀਲ ਕੀਤੀ ਗਈ ਹੈ, ਜਿਸ ‘ਚ ਕਈ ਕਿਸਾਨ ਅਤੇ ਮਜ਼ਦੂਰ ਪੂਰੇ ਦਿਨ ਹੜਤਾਲ ਅਤੇ ਕੰਮ ਬੰਦ ਕਰਨਗੇ। ਦੁਪਹਿਰ 12 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਦੇਸ਼ ਦੇ ਸਾਰੇ ਰਾਸ਼ਟਰੀ ਰਾਜਮਾਰਗਾਂ ਦਾ ਘਿਰਾਓ ਕੀਤਾ ਜਾਵੇਗਾ ਅਤੇ ਹਾਈਵੇਅ ਬੰਦ ਕੀਤੇ ਜਾਣਗੇ। ਆਲ ਇੰਡੀਆ ਕਿਸਾਨ ਸਭਾ ਦਾ ਕਹਿਣਾ ਹੈ ਕਿ ਸਰਕਾਰ ਨੇ ਸਵਾਮੀਨਾਥਨ ਨੂੰ ਭਾਰਤ ਰਤਨ ਦੇ ਦਿੱਤਾ ਪਰ ਉਨ੍ਹਾਂ ਦੀ ਸਿਫ਼ਾਰਿਸ਼ ਨਹੀਂ ਮੰਨੀ ਗਈ ਹੈ।

You must be logged in to post a comment Login