ਆਗਾਮੀ ਲੋਕ ਸਭਾ ਚੋਣਾਂ ‘ਚ ਕਿਸੇ ਵੀ ਪਾਰਟੀ ਨਾਲ ਨਹੀਂ ਕਰਾਂਗੇ ਗੱਠਜੋੜ: ਕੇਜਰੀਵਾਲ

ਆਗਾਮੀ ਲੋਕ ਸਭਾ ਚੋਣਾਂ ‘ਚ ਕਿਸੇ ਵੀ ਪਾਰਟੀ ਨਾਲ ਨਹੀਂ ਕਰਾਂਗੇ ਗੱਠਜੋੜ: ਕੇਜਰੀਵਾਲ

ਬਠਿੰਡਾ – ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਅਰਵਿੰਦ ਕੇਜਰੀਵਾਲ ਨੇ ਸਪੱਸ਼ਟ ਕੀਤਾ ਕਿ ਉਹ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿਚ ਕਿਸੇ ਵੀ ਪਾਰਟੀ ਨਾਲ ਗੱਠਜੋੜ ਨਹੀਂ ਕਰਨਗੇ ਅਤੇ ਆਪਣੇ ਦਮ ‘ਤੇ ਚੋਣ ਲੜਨਗੇ। ਤੁਹਾਨੂੰ ਦੱਸ ਦੇਈਏ ਕਿ ਉਹ ਬਠਿੰਡਾ ਵਿਚ ਵਿਧਾਇਕ ਰੂਬੀ ਦੇ ਵਿਆਹ ਵਿਚ ਸ਼ਾਮਲ ਹੋਣ ਲਈ ਪੁੱਜੇ ਹੋਏ ਹਨ। ਉਨ੍ਹਾਂ ਨਾਲ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ, ਸੰਸਦ ਮੈਂਬਰ ਭਗਵੰਤ ਮਾਨ ਸਮੇਤ ਆਮ ਆਦਮੀ ਪਾਰਟੀ ਦੇ ਕਈ ਵਿਧਾਇਕ ਅਤੇ ਨੇਤਾ ਮੌਜੂਦ ਸਨ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਕੋਲ ਹੁਣ ਸਿਰਫ ਇਕ ਹੀ ਬਦਲ ਆਮ ਆਦਮੀ ਪਾਰਟੀ ਬਚਿਆ ਹੈ, ਕਿਉਂਕਿ ਜਨਤਾ ਨੇ ਅਕਾਲੀ ਦਲ ਅਤੇ ਕਾਂਗਰਸ ਦੀ ਸੱਤਾ ਦਾ ਮਜ਼ਾ ਚੱਖ ਲਿਆ ਹੈ ਹੁਣ ਉਹ ਉਨ੍ਹਾਂ ਤੋਂ ਦੂਰ ਹੁੰਦੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਉਹ ਕੁੱਝ ਹੀ ਵੋਟਾਂ ‘ਤੇ ਸੱਤਾ ਤੋਂ ਦੂਰ ਰਹੇ ਪਰ ਇਸ ਵਾਰ ਕਮੀ ਨੂੰ ਪੂਰਾ ਕਰ ਲਿਆ ਜਾਵੇਗਾ। ਇਕ ਉੱਤਰ ਵਿਚ ਕੇਜਰੀਵਾਲ ਨੇ ਕਿਹਾ ਕਿ ਪੰਜਾਬ ਵਿਚ ਆਮ ਆਦਮੀ ਪਾਰਟੀ ਵਿਚ ਕੁੱਝ ਊਥਲ-ਪੁਥਲ ਹੋਈ ਹੈ, ਜਿਸ ਨਾਲ ਅੰਦਰੂਨੀ ਟਕਰਾਅ ਸਾਹਮਣੇ ਆਇਆ ਹੈ। ਇਸ ਅੰਦਰੂਨੀ ਟਕਰਾਅ ਨੂੰ ਚੋਣਾਂ ਤੋਂ ਪਹਿਲਾਂ ਠੀਕ ਕਰ ਲਿਆ ਜਾਵੇਗਾ। ‘ਆਪ’ ਪਾਰਟੀ ਇਕ ਵੱਡੀ ਪਾਰਟੀ ਬਣਦੀ ਜਾ ਰਹੀ ਹੈ। ਨੇਤਾਵਾਂ ਵਿਚ ਵਿਚਾਰਾਂ ਦਾ ਮੱਤਭੇਦ ਹੋ ਸਕਦਾ ਹੈ ਪਰ ਇਸ ਨਾਲ ਪਾਰਟੀ ਨੂੰ ਕੋਈ ਨੁਕਸਾਨ ਨਹੀਂ ਹੋਵੇਗਾ।
ਕੈਪਟਨ ਸਰਕਾਰ ‘ਤੇ ਵਰ੍ਹਦੇ ਹੋਏ ਉਨ੍ਹਾਂ ਕਿਹਾ ਕਿ ਕਾਂਗਰਸ ਨੇ ਇਕ ਵੀ ਵਾਅਦਾ ਪੂਰਾ ਨਹੀਂ ਕੀਤਾ। ਕਿਸੇ ਨੂੰ ਨੌਕਰੀ ਨਹੀਂ ਮਿਲੀ, ਸਮਾਰਟ ਫੋਨ ਨਹੀਂ ਮਿਲਿਆ, ਕਿਸਾਨਾਂ ਦੇ ਕਰਜ਼ੇ ਮੁਆਫ ਨਹੀਂ ਹੋਏ, ਬੇਅਦਬੀ ਦੀਆਂ ਘਟਨਾਵਾਂ ਵਿਚ ਵਾਧਾ ਹੋਇਆ, ਖੁਦਕੁਸ਼ੀਆਂ ਵਧੀਆਂ, ਨਸ਼ੇ ‘ਤੇ ਰੋਕਥਾਮ ਲਈ ਜੋ ਸਹੁੰ ਖਾਧੀ ਸੀ ਉਹ ਪੂਰੀ ਨਹੀਂ ਹੋਈ। ਕੇਜਰੀਵਾਲ ਨੇ ਕਿਹਾ ਕਿ ਦਿੱਲੀ ਵਿਚ ਉਨ੍ਹਾਂ ਦੀ ਸਰਕਾਰ ਨੇ ਜੋ ਵਾਅਦੇ ਕੀਤੇ ਸਨ ਉਹ ਸਾਰੇ ਪੂਰੇ ਕੀਤੇ ਹਨ। ਇਸ ਲਈ ਸਿਰਫ ਦਿੱਲੀ ਹੀ ਨਹੀਂ ਦੇਸ਼ ਦੀ ਜਨਤਾ ਆਮ ਆਦਮੀ ਪਾਰਟੀ ਨਾਲ ਜੁੜ ਚੁੱਕੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਲੋਕਾਂ ਨੂੰ ਹੁਣ ਮੌਜੂਦਾ ਸਰਕਾਰ ਵਲੋਂ ਕੋਈ ਉਮੀਦ ਨਹੀਂ, ਕਿਉਂਕਿ 18 ਮਹੀਨੇ ਬੀਤਣ ਦੇ ਬਾਅਦ ਵੀ ਕੈਪਟਨ ਸਰਕਾਰ ਨਾ ਤਾਂ ਕੋਈ ਵਿਕਾਸ ਕਰ ਸਕੀ ਅਤੇ ਨਾ ਹੀ ਕੋਈ ਵਾਅਦਾ ਪੂਰਾ ਕਰ ਸਕੀ।

You must be logged in to post a comment Login