ਆਪਸੀ ਤਕਰਾਰ ਵਿਚ ਹੀ ਉਲਝੀ ਰਹੀ ਆਮ ਆਦਮੀ ਪਾਰਟੀ

ਆਪਸੀ ਤਕਰਾਰ ਵਿਚ ਹੀ ਉਲਝੀ ਰਹੀ ਆਮ ਆਦਮੀ ਪਾਰਟੀ

ਚੰਡੀਗੜ : ਆਮ ਆਦਮੀ ਪਾਰਟੀ (ਆਪ) ਲਈ ਸੰਨ 2018 ਵੀ ਪਿਛਲੇ ਵਰ੍ਹੇ 2017 ਵਾਂਗ ਹੀ ਆਪਸੀ ਟਕਰਾਅ, ਖਿੱਚ-ਧੂਹ ਤੇ ਟੁੱਟ-ਭੱਜ ਵਾਲਾ ਹੀ ਰਿਹਾ ਹੈ। ਇਸ ਵਰ੍ਹੇ ਪਾਰਟੀ ਨੂੰ ਵਿਧਾਨ ਸਭਾ ਹਲਕਾ ਸ਼ਾਹਕੋਟ ਦੀ ਉਪ ਚੋਣ ਤੇ ਨਗਰ ਨਿਗਮ ਚੋਣਾਂ ਵਿਚ ਤਾਂ ਹਾਰ ਮਿਲੀ ਹੀ, ‘ਆਪ’ ਦੇ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਤੋਂ ਡਰੱਗ ਰੈਕੇਟ ਮਾਮਲੇ ਵਿਚ ਮੰਗੀ ਮੁਆਫ਼ੀ ਨੇ ਵੀ ਪੰਜਾਬ ਇਕਾਈ ਵਿਚ ਭੁਚਾਲ ਲਿਆ ਦਿੱਤਾ। ਇਸ ਦੇ ਰੋਸ ਵਜੋਂ ਸੰਸਦ ਮੈਂਬਰ ਭਗਵੰਤ ਮਾਨ ਅਤੇ ਵਿਧਾਇਕ ਅਮਨ ਅਰੋੜਾ ਨੇ ਆਪੋ-ਆਪਣੇ ਅਹੁਦਿਆਂ ਤੋਂ ਅਸਤੀਫ਼ੇ ਤੱਕ ਦੇ ਦਿੱਤੇ। ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖਹਿਰਾ ਨੇ ਵੀ ਪੰਜਾਬ ਇਕਾਈ ਨੂੰ ਦਿੱਲੀ ਹਾਈ ਕਮਾਂਡ ਤੋਂ ਅਲੱਗ-ਥਲੱਗ ਕਰਨ ਦਾ ਅਸਫ਼ਲ ਯਤਨ ਕੀਤਾ। ਲੋਕ ਇਨਸਾਫ਼ ਪਾਰਟੀ ਦੇ ਬੈਂਸ ਭਰਾਵਾਂ ਨੇ ਇਸੇ ਮੁੱਦੇ ’ਤੇ ‘ਆਪ’ ਨਾਲੋਂ ਤੋੜ-ਵਿਛੋੜਾ ਕਰ ਲਿਆ। ਸਿੱਟੇ ਵੱਜੋਂ ਖਹਿਰਾ ਅਤੇ ਬੈਂਸ ਭਰਾਵਾਂ ਵਿਚ ਨਜ਼ਦੀਕੀਆਂ ਵੱਧ ਗਈਆਂ। ਇਸ ਤੋਂ ਬਾਅਦ ਸ੍ਰੀ ਖਹਿਰਾ ਅਤੇ ‘ਆਪ’ ਦੀ ਪੰਜਾਬ ਇਕਾਈ ਦੇ ਸਹਿ ਪ੍ਰਧਾਨ ਬਲਬੀਰ ਸਿੰਘ ਵਿਚਾਲੇ ਸ਼ਬਦੀ ਜੰਗ ਸ਼ੁਰੂ ਹੋ ਗਈ ਤੇ ਅੱਕ ਕੇ ਹਾਈ ਕਮਾਂਡ ਨੇ ਮੌਕਾ ਮਿਲਦਿਆਂ ਹੀ ਖਹਿਰਾ ਨੂੰ ਹਟਾ ਕੇ ਵਿਧਾਇਕ ਹਰਪਾਲ ਸਿੰਘ ਚੀਮਾ ਨੂੰ ਵਿਰੋਧੀ ਧਿਰ ਦਾ ਆਗੂ ਬਣਾ ਦਿੱਤਾ। ਇਸ ਤੋਂ ਬਾਅਦ ਸੁਖਪਾਲ ਖਹਿਰਾ ਨੇ ਪੰਜਾਬ ਦੀ ਖ਼ੁਦਮੁਖਤਿਆਰੀ ਦਾ ਮੁੱਦਾ ਚੁੱਕ ਲਿਆ ਅਤੇ ਹਾਈ ਕਮਾਂਡ ਵਿਰੁੱਧ ਬ਼ਗਾਵਤ ਕਰ ਦਿੱਤੀ। ਇਸੇ ਦੌਰਾਨ ਉਨ੍ਹਾਂ ਨੂੰ 8 ਵਿਧਾਇਕਾਂ ਕੰਵਰ ਸੰਧੂ, ਨਾਜਰ ਸਿੰਘ ਮਾਨਸ਼ਾਹੀਆ, ਮਾਸਟਰ ਬਲਦੇਵ ਸਿੰਘ, ਜਗਦੇਵ ਸਿੰਘ ਕਮਾਲੂ, ਜਗਤਾਰ ਸਿੰਘ ਜੱਗਾ, ਪਿਰਮਲ ਸਿੰਘ ਖਾਲਸਾ, ਰੁਪਿੰਦਰ ਰੂਬੀ ਅਤੇ ਜੈ ਕਿਸ਼ਨ ਸਿੰਘ ਰੋੜੀ ਦਾ ਸਾਥ ਮਿਲਿਆ ਤੇ ਦੋ ਅਗਸਤ ਨੂੰ ਬਾਗੀਆਂ ਨੇ ਬਠਿੰਡਾ ਵਿਚ ਕਨਵੈਨਸ਼ਨ ਕੀਤੀ। ਹਾਲਾਂਕਿ ਕਨਵੈਨਸ਼ਨ ਤੋਂ ਪਹਿਲਾਂ ਹੀ ਰੂਬੀ ਨੇ ਪਾਰਟੀ ਖੇਮੇ ਵਿਚ ਵਾਪਸੀ ਕਰ ਲਈ। ਪ੍ਰਵਾਸੀ ਭਾਰਤੀਆਂ ਨੇ ਵੀ ਸ੍ਰੀ ਖਹਿਰਾ ਨੂੰ ਭਰਵਾਂ ਸਮਰਥਨ ਦਿੱਤਾ। ਸ੍ਰੀ ਖਹਿਰਾ ਨੇ ਪਾਰਟੀ ਦੇ ਬਰਾਬਰ ਆਪਣੀ ਸਿਆਸੀ ਮਾਮਲਿਆਂ ਦੀ ਕਮੇਟੀ (ਪੀਏਸੀ) ਬਣਾ ਲਈ ਅਤੇ ਇਕ ਵਾਰ ਤਾਂ ਉਹ ਖੁ਼ਦ ਪੀਏਸੀ ਦੇ ‘ਹੁਕਮ’ ਉੱਤੇ ਪੰਜਾਬ ਦੇ ਐੱਡਹਾਕ ਪ੍ਰਧਾਨ ਵੀ ਬਣ ਗਏ। ਇਸੇ ਦੌਰਾਨ ਪਾਰਟੀ ਲੀਡਰਸ਼ਿਪ ਨੇ ਬਾਗੀ ਧੜੇ ਤੇ ਖ਼ਾਸ ਕਰ ਕੇ ਸੁਖਪਾਲ ਖਹਿਰਾ ਅਤੇ ਸ੍ਰੀ ਸੰਧੂ ਵਿਰੁੱਧ ਮੋਰਚਾ ਖੋਲ੍ਹ ਦਿੱਤਾ ਅਤੇ ਹਾਈ ਕਮਾਂਡ ਨੇ ਦੋਵਾਂ ਨੂੰ ਪਾਰਟੀ ਵਿਚੋਂ ਮੁਅੱਤਲ ਕਰ ਦਿੱਤਾ। ਹਾਈ ਕਮਾਂਡ ਨੇ ਵਿਧਾਇਕ ਬੁੱਧ ਰਾਮ ਦੀ ਅਗਵਾਈ ਹੇਠ 22 ਮੈਂਬਰੀ ਕੋਰ ਕਮੇਟੀ ਬਣਾ ਕੇ ਅਤੇ ਵੱਖ-ਵੱਖ ਵਿੰਗ ਉਸਾਰ ਕੇ ਪੰਜਾਬ ਵਿਚ ਪਾਰਟੀ ਦਾ ਵਿਸਤਾਰ ਕਰਨ ਦੀ ਕਵਾਇਦ ਆਰੰਭੀ।
ਹਾਲ ਹੀ ਵਿਚ ‘ਆਪ’ ਨੇ ਸਾਲ 2019 ਦੀਆਂ ਲੋਕ ਸਭਾ ਚੋਣਾਂ ਲਈ ਆਪਣੇ 5 ਉਮੀਦਵਾਰ ਐਲਾਨ ਕੇ ਇਕ ਵਾਰ ਮੁੜ ਪਾਰਟੀ ਨੂੰ ਪੈਰਾਂ-ਸਿਰ ਕਰਨ ਲਈ ਕਦਮ ਚੁੱਕੇ ਹਨ। ਖਹਿਰਾ ਧੜੇ ਨੇ ਵੀ ਇਨਸਾਫ਼ ਮਾਰਚ ਕੱਢ ਕੇ ਸਿਆਸੀ ਜ਼ਮੀਨ ਤਲਾਸ਼ਣ ਦੀ ਮੁਹਿੰਮ ਚਲਾਈ, ਪਰ ਇਸ ਦੌਰਾਨ ਬਾਗੀ ਧੜੇ ਦੇ ਵਿਧਾਇਕ ਜੈ ਸਿੰਘ ਰੋੜੀ ਵੱਲੋਂ ਪਾਰਟੀ ਵੱਲ ਮੋੜਾ ਕੱਟਣ ਅਤੇ ਬਾਕੀ ਵਿਧਾਇਕਾਂ ਵੱਲੋਂ ਅਸਤੀਫ਼ੇ ਨਾ ਦੇਣ ਦੇ ਲਏ ਸਟੈਂਡ ਕਾਰਨ ਸ੍ਰੀ ਖਹਿਰਾ ਨਵੀਂ ਪਾਰਟੀ ਬਣਾਉਣ ਵਿਚ ਸਫ਼ਲ ਨਹੀਂ ਹੋ ਸਕੇ। ਸ੍ਰੀ ਖਹਿਰਾ ਨੇ ਹੁਣ ਜਨਵਰੀ 2019 ਦੇ ਪਹਿਲੇ ਹਫ਼ਤੇ ਆਪਣੀ ਨਵੀਂ ਸਿਆਸੀ ਪਾਰਟੀ ਬਣਾਉਣ ਦਾ ਐਲਾਨ ਕੀਤਾ ਹੈ, ਪਰ ਨਾਲ ਹੀ ਕਹਿ ਦਿੱਤਾ ਹੈ ਕਿ ਉਨ੍ਹਾਂ ਨਾਲ ਜੁੜੇ ਵਿਧਾਇਕ ਆਪਣੇ ਅਹੁਦੇ ਤੋਂ ਅਸਤੀਫ਼ੇ ਨਹੀਂ ਦੇਣਗੇ। ਇਸ ਐਲਾਨ ਨਾਲ ਹੁਣ ਸਵਾਲ ਖੜ੍ਹਾ ਹੋ ਗਿਆ ਹੈ ਬਾਗੀ ਧਿਰ ਦੇ ਵਿਧਾਇਕ ‘ਆਪ’ ਤੋਂ ਅਸਤੀਫ਼ਾ ਦਿੱਤੇ ਬਿਨਾਂ ਨਵੀਂ ਪਾਰਟੀ ਦਾ ਹਿੱਸਾ ਕਿਵੇਂ ਬਣ ਸਕਦੇ ਹਨ? ਸ੍ਰੀ ਖਹਿਰਾ ਵੱਲੋਂ ਕਈ ਦਿਨ ਪਹਿਲਾਂ ਬਾਗੀ ਧਿਰ ਦੇ ਜ਼ਿਲ੍ਹਾ ਪ੍ਰਧਾਨਾਂ ਦੀਆਂ ਨਿਯੁਕਤੀਆਂ ਦਾ ਐਲਾਨ ਵੀ ਅੱਜ ਤੱਕ ਹਵਾ ਵਿਚ ਹੀ ਲਟਕਿਆ ਹੋਇਆ ਹੈ। ਬਾਦਲ ਸਰਕਾਰ ਵੇਲੇ ਹੋਈ ਬੇਅਦਬੀ ਦੇ ਮਾਮਲੇ ਦੀ ਜਾਂਚ ਲਈ ਬਣਾਏ ਕਮਿਸ਼ਨ ਦੇ ਮੁਖੀ ਸੇਵਾਮੁਕਤ ਜਸਟਿਸ ਜ਼ੋਰਾ ਸਿੰਘ ਦੇ ‘ਆਪ’ ਵਿਚ ਸ਼ਾਮਲ ਹੋਣ ਦੇ ਐਲਾਨ ਤੇ ਵਿਧਾਇਕ ਰੋੜੀ ਵੱਲੋਂ ਬਾਗ਼ੀ ਧੜੇ ਨੂੰ ਅਲਵਿਦਾ ਕਹਿਣ ਨਾਲ ਪਾਰਟੀ ਨੂੰ ਜ਼ਰੂਰ ਬਲ ਮਿਲਿਆ ਹੈ। ਸ੍ਰੀ ਕੇਜਰੀਵਾਲ ਜਨਵਰੀ ਤੇ ਫਰਵਰੀ 2019 ਦੌਰਾਨ ਪੰਜਾਬ ਵਿਚ ਰੈਲੀਆਂ ਕਰਕੇ ਚੋਣ ਮੁਹਿੰਮ ਦਾ ਆਗਾਜ਼ ਕਰ ਰਹੇ ਹਨ। ਇਸ ਨਾਲ ਪਾਰਟੀ ਅਤੇ ਬਾਗੀ ਧਿਰ ਵਿਚਕਾਰ ਟਕਰਾਅ ਹੋਰ ਤਿੱਖਾ ਹੋਣ ਦੀਆਂ ਕਿਆਸਰਾਈਆਂ ਲਾਈਆਂ ਜਾ ਰਹੀਆਂ ਹਨ। ਪਾਰਟੀ ਦੇ ਸੀਨੀਅਰ ਆਗੂ ਐੱਚਐੱਸ ਫੂਲਕਾ ਵੀ ਬੇਅਦਬੀ ਮਾਮਲੇ ਵਿਚ ਸਰਕਾਰੀ ਢਿੱਲ ਖ਼ਿਲਾਫ਼ ਸਪੀਕਰ ਨੂੰ ਆਪਣਾ ਅਸਤੀਫ਼ਾ ਦੇ ਚੁੱਕੇ ਹਨ। ਹਾਲੇ ਭਾਵੇਂ ਇਹ ਪ੍ਰਵਾਨ ਹੋਣਾ ਬਾਕੀ ਹੈ, ਪਰ ਸੰਭਾਵਨਾ ਹੈ ਕਿ ‘ਆਪ’ ਦੇ ਵਿਧਾਇਕਾਂ ਦੀ ਗਿਣਤੀ 20 ਤੋਂ ਘੱਟ ਕੇ 19 ਰਹਿ ਜਾਵੇ। ਅਕਾਲੀ ਦਲ ਦੀ ਫੁੱਟ ਤੇ ਕੈਪਟਨ ਸਰਕਾਰ ਪ੍ਰਤੀ ਲੋਕਾਂ ਦੇ ਰੋਸ ਨੂੰ ‘ਆਪ’ 2019 ਦੀਆਂ ਲੋਕ ਸਭਾ ਚੋਣਾਂ ਵਿਚ ਸੁਨਹਿਰੀ ਮੌਕੇ ਵੱਜੋਂ ਵਰਤ ਸਕਦੀ ਸੀ, ਪਰ ਮੌਜੂਦਾ ਹਾਲਤਾਂ ਤੋਂ ਅਜਿਹਾ ਨਹੀਂ ਜਾਪ ਰਿਹਾ।

You must be logged in to post a comment Login