ਆਮ ਆਦਮੀ ਪਾਰਟੀ ਦੇ ਸੁਸ਼ੀਲ ਰਿੰਕੂ ਨੇ ਵੱਡੀ ਜਿੱਤ ਦਰਜ ਕਰਕੇ ਢਾਹਿਆ ਕਾਂਗਰਸ ਦਾ ਮਜ਼ਬੂਤ ਕਿਲਾ

ਆਮ ਆਦਮੀ ਪਾਰਟੀ ਦੇ ਸੁਸ਼ੀਲ ਰਿੰਕੂ ਨੇ ਵੱਡੀ ਜਿੱਤ ਦਰਜ ਕਰਕੇ ਢਾਹਿਆ ਕਾਂਗਰਸ ਦਾ ਮਜ਼ਬੂਤ ਕਿਲਾ

ਜਲੰਧਰ, 13 ਮਈ- ਆਮ ਆਦਮੀ ਪਾਰਟੀ (ਆਪ) ਨੇ ਜਲੰਧਰ ਜ਼ਿਮਨੀ ਚੋਣ ਦੌਰਾਨ ਵੱਡੀ ਗਿਣਤੀ ਵਿੱਚ ਪ੍ਰਾਪਤ ਕੀਤੀਆਂ ਵੋਟਾਂ ਨਾਲ ਕਾਂਗਰਸ ਦਾ ਮਜ਼ਬੂਤ ਮੰਨਿਆ ਜਾਂਦਾ ਕਿਲ੍ਹਾ ਢੇਰੀ ਕਰ ਦਿੱਤਾ। ਆਪ ਦੇ ਸੁਸ਼ੀਲ ਰਿੰਕੂ ਨੇ 302097 ਵੋਟਾਂ ਹਾਸਲ ਕਰਕੇ 58691 ਵੋਟ ਦੇ ਫਰਕ ਨਾਲ ਕਾਂਗਰਸੀ ਉਮੀਦਵਾਰ ਕਰਮਜੀਤ ਕੌਰ ਨੂੰ ਪਛਾੜ ਦਿੱਤਾ। ਕਾਂਗਰਸ ਦੀ ਉਮੀਦਵਾਰ ਕਰਮਜੀਤ ਕੌਰ ਨੇ 243450 ਵੋਟਾਂ ਹਾਸਲ ਕੀਤੀਆਂ। ਕਾਂਗਰਸ ਜਲੰਧਰ ਦੇ ਲੋਕ ਸਭਾ ਹਲਕੇ ’ਤੇ 1999 ਤੋਂ ਕਾਬਜ਼ ਚੱਲੀ ਆ ਰਹੀ ਸੀ। ਕਾਂਗਰਸ ਵਿੱਚੋਂ ਆਪ ਵਿੱਚ ਆਏ ਸ਼ੁਸ਼ੀਲ ਰਿੰਕੂ ਨੇ ਨਾ ਸਿਰਫ ਵੱਡੀ ਜਿੱਤ ਹਾਸਲ ਕੀਤੀ, ਜਦ ਕਿ ਕਾਂਗਰਸ ਦਾ ਢਾਈ ਦਹਾਕਿਆਂ ਤੋਂ ਮਜ਼ਬੂਤ ਮੰਨੇ ਜਾਂਦੇ ਜਲੰਧਰ ਵਰਗੇ ਗੜ੍ਹ ਵਿੱਚ ਤਕੜੀ ਸੰਨ੍ਹ ਮਾਰੀ ਮਾਰੀ ਹੈ। ਸ਼ੁਸ਼ੀਲ ਰਿੰਕੂ ਨੇ ਜਲੰਧਰ ਪੱਛਮੀ ਹਲਕੇ ਤੋਂ ਪਹਿਲੀਵਾਰ ਵਿਧਾਨ ਸਭਾ ਦੀ ਚੋਣ ਲੜੀ ਸੀ ਤੇ ਉਹ ਜੇਤੂ ਰਹੇ ਸਨ। ਦੂਜੀਵਾਰ ਉਹ 2022 ਦੀਆਂ ਚੋਣਾਂ ਆਪ ਦੇ ਆਗੂ ਸ਼ੀਤਲ ਅੰਗੂਰਾਲ ਤੋਂ ਹਾਰ ਗਏ ਸਨ। ਲੋਕ ਸਭਾ ਦੀ ਉਪ ਚੋਣ ਵੇਲੇ ਉਹ ਕਾਂਗਰਸ ਛੱਡ ਕੇ ਆਪ ਵਿੱਚ ਆ ਗਏ ਸਨ। ਰਿੰਕੂ ਆਪ ਦੇ ਪਹਿਲੇ ਐੱਮਪੀ ਬਣ ਗਏ ਹਨ ਜਿਹੜੇ ਜਲੰਧਰ ਤੋਂ ਪਹਿਲ਼ੀ ਵਾਰ ਲੋਕ ਸਭਾ ਵਿੱਚ ਨੁਮਾਇੰਦਗੀ ਕਰਨਗੇ। ਰਿੰਕੂ ਨੇ ਪਹਿਲੇ ਗੇੜ ਤੋਂ ਹੀ ਬੜ੍ਹਤ ਬਣਾਉਣੀ ਸ਼ੁਰੂ ਕਰ ਦਿੱਤੀ ਸੀ ਜਿਹੜੀ ਕਿ ਆਖੀਰ ਤੱਕ ਜਾਰੀ ਰਹੀ। ਜਦ ਕਿ ਭਾਜਪਾ ਦੇ ਇੰਦਰ ਇਕਬਾਲ ਸਿੰਘ ਅਟਵਾਲ ਤੀਜੇ ਨੰਬਰ ’ਤੇ ਚੱਲਦੇ ਰਹੇ ਪਰ ਉਹ ਆਖੀਰਲੇ ਗੇੜਾਂ ਵਿੱਚ ਆ ਕੇ ਪੱਛੜ ਗਏ। ਜਦ ਕਿ ਅਕਾਲੀ ਦਲ-ਬਸਪਾ ਗੱਠਜੋੜ ਦੇ ਉਮੀਦਵਾਰ ਡਾ. ਸੁਖਵਿੰਦਰ ਕੁਮਾਰ ਸੁੱਖੀ 158354 ਵੋਟਾਂ ਲੈਕੇ ਤੀਜੇ ਸਥਾਨ ’ਤੇ ਰਿਹਾ। ਸ਼੍ਰੋਮਣੀ ਅਕਾਲੀ ਦਲ (ਅ) ਦਾ ਉਮੀਦਵਾਰ ਗੁਰਜੰਟ ਸਿੰਘ ਕੱਟੂ ਮਹਿਜ 20 ਹਾਜ਼ਰ ਵੋਟਾਂ ਹੀ ਹਾਸਲ ਕਰ ਸਕਿਆ।

ਆਪ ਆਦਮੀ ਪਾਰਦੀ ਦੇ ਸਮਰਥਕ ਜਿਉਂ ਹੀ ਸ਼ੁਸ਼ੀਲ ਰਿੰਕੂ ਨੂੰ ਬੜਤ ਮਿਲਣ ਸ਼ੁਰੂ ਹੋਈ ਤਾਂ ਉਨ੍ਹਾਂ ਨੇ ਜ਼ਸ਼ਨ ਮਨਾਉਣੇ ਸ਼ੁਰੂ ਕਰ ਦਿਤੇ ਸਨ। ਆਪ ਦੀ ਜਲੰਧਰ ਵਿੱਚ ਪਹਿਲੀ ਵਾਰ ਹੋਈ ਜਿੱਤ ‘ਤੇ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਵਧਾਈ ਦਿਤੀ ਹੈ।

You must be logged in to post a comment Login