ਆਮ ਆਦਮੀ ਪਾਰਟੀ ਨੂੰ ਵਿਦੇਸ਼ੀ ਧਰਤੀ ‘ਤੇ ਵੀ ਮਿਲਿਆ ਝਟਕਾ

ਆਮ ਆਦਮੀ ਪਾਰਟੀ ਨੂੰ ਵਿਦੇਸ਼ੀ ਧਰਤੀ ‘ਤੇ ਵੀ ਮਿਲਿਆ ਝਟਕਾ

ਚੰਡੀਗੜ੍ਹ – ਆਮ ਆਦਮੀ ਪਾਰਟੀ (ਆਪ) ਦੇ ਓਵਰਸੀਜ਼ ਯੂਨਿਟਸ ਨੇ ਹਾਈਕਮਾਂਡ ਨੂੰ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਸਿੱਧੇ ਤੌਰ ‘ਤੇ ਪੰਜਾਬ ਇਕਾਈ ਨਾਲ ਹੀ ਕੰਮ ਕਰਨਗੇ ਤੇ ਪੰਜਾਬ ਵਿਚ ਹੀ ‘ਆਪ’ ਨੂੰ ਮਜ਼ਬੂਤ ਕਰਨ ਲਈ ਕਦਮ ਉਠਾਉਣਗੇ। ਪਾਰਟੀ ਵਲੋਂ ਹਾਲ ਹੀ ਵਿਚ ਓਵਰਸੀਜ਼ ਯੂਨਿਟਸ ਨੂੰ ਭੰਗ ਕਰਨ ਸਬੰਧੀ ਭੇਜੀ ਗਈ ਈਮੇਲ ਨੂੰ ਹਾਈਕਮਾਂਡ ਦਾ ਪੁਰਾਣਾ ਸਟਾਈਲ ਕਰਾਰ ਦਿੰਦੇ ਹੋਏ ਐੱਨ. ਆਰ. ਆਈਜ਼ ਵਲੋਂ ਕਿਹਾ ਗਿਆ ਹੈ ਕਿ ਹੁਣ ਉਹ ਸਿਰਫ ਤੇ ਸਿਰਫ ਪੰਜਾਬ ਲਈ ਕੰਮ ਕਰਨ ਵਾਲਿਆਂ ਦਾ ਹੀ ਸਮਰਥਨ ਕਰਨਗੇ। ਇਹ ਇਸ਼ਾਰਾ ਸਿੱਧੇ ਤੌਰ ‘ਤੇ ਸੁਖਪਾਲ ਖਹਿਰਾ ਅਤੇ 7 ਹੋਰ ‘ਬਾਗੀ’ ਵਿਧਾਇਕਾਂ ਵੱਲ ਹੈ। ਇਸ ਸਬੰਧ ਵਿਚ ‘ਆਪ’ ਦੇ ਓਵਰਸੀਜ਼ ਕੋਆਰਡੀਨੇਟਰ ਮਨਜਿੰਦਰ ਸੰਧੂ ਨੇ ਕਿਹਾ ਹੈ ਕਿ ਆਮ ਆਦਮੀ ਪਾਰਟੀ ਵਲੋਂ ਓਵਰਸੀਜ਼ ਯੂਨਿਟਸ ਨੂੰ ਭੰਗ ਕੀਤੇ ਜਾਣ ਸਬੰਧੀ ਫੈਸਲਾ ਉਨ੍ਹਾਂ ਲਈ ਕੋਈ ਨਵੀਂ ਗੱਲ ਨਹੀਂ ਸੀ ਕਿਉਂਕਿ ਉਨ੍ਹਾਂ ਸਾਰਿਆਂ ਨੇ ‘ਆਪ’ ਦੇ ਹਾਲਾਤ ਵੇਖਦੇ ਹੋਏ ਮਾਰਚ ਮਹੀਨੇ ‘ਚ ਹੀ ਆਪਣੀ ਇੱਛਾ ਪਾਰਟੀ ਲੀਡਰਸ਼ਿਪ ਨੂੰ ਸਪੱਸ਼ਟ ਕਰ ਦਿੱਤੀ ਸੀ ਕਿ ਜ਼ਿਆਦਾਤਰ ਓਵਰਸੀਜ਼ ਇੰਚਾਰਜ ਸਿੱਧੇ ਪੰਜਾਬ ਦੇ ਨਾਲ ਹੀ ਜੁੜਨ ਦੇ ਪੱਖ ਵਿਚ ਹਨ। ਜਗ ਬਾਣੀ ਨੂੰ ਭੇਜੀ ਈਮੇਲ ਵਿਚ ਮਨਜਿੰਦਰ ਸਿੰਘ ਵਲੋਂ ਕਿਹਾ ਗਿਆ ਹੈ ਕਿ ਉਨ੍ਹਾਂ ਸਮੇਤ ‘ਆਪ’ ਦੇ ਸਾਰੇ ਓਵਰਸੀਜ਼ ਚੈਪਟਰਾਂ ਨੇ 26 ਮਾਰਚ 2018 ਨੂੰ ਹੀ ਪ੍ਰਿਥਵੀ ਰੈੱਡੀ ਨੂੰ ਪੱਤਰ ਭੇਜ ਕੇ ਕਹਿ ਦਿੱਤਾ ਸੀ ਕਿ ਅਸੀਂ ਮਤੇ ਨੂੰ ਪਾਸ ਕਰਕੇ ਪੰਜਾਬ ਲੀਡਰਸ਼ਿਪ ਦੇ ਤਹਿਤ ਸਿੱਧੇ ਪੰਜਾਬ ‘ਆਪ’ ਇਕਾਈ ਨਾਲ ਕੰਮ ਕਰਾਂਗੇ, ਆਮ ਆਦਮੀ ਪਾਰਟੀ ਨਾਲ ਨਹੀਂ। ਮਨਜਿੰਦਰ ਸੰਧੂ ਦੇ ਮੁਤਾਬਕ ਪ੍ਰਿਥਵੀ ਰੈੱਡੀ ਨੇ ਉਕਤ ਈਮੇਲ ਪ੍ਰਤੀ ਪ੍ਰਤੀਕਿਰਆ ਦਿੰਦੇ ਹੋਏ ‘ਆਪ’ ਨਾਲ ਸੰਵਾਦ ਕਰਨ ਜਾਂ ਓਵਰਸੀਜ਼ ‘ਆਪ’ ਅਹੁਦੇਦਾਰਾਂ ਦੀ ਗੱਲ ਸੁਣਨ ਦੀ ਬਜਾਏ ਇਕ ਧਮਕੀ ਭਰੀ ਈਮੇਲ ਭੇਜ ਦਿੱਤੀ, ਜਿਸ ਵਿਚ ਕਿਹਾ ਗਿਆ ਸੀ ਕਿ ਸਿੱਧੇ ਪੰਜਾਬ ਲੀਡਰਸ਼ਿਪ ਨਾਲ ਸੰਪਰਕ ‘ਤੇ ਕੰਮ ਕਰਨ ਨੂੰ ਪਾਰਟੀ ਵਿਰੋਧੀ ਗਤੀਵਿਧੀ ਮੰਨਿਆ ਜਾਵੇਗਾ। ਦੁਖਦ ਗੱਲ ਇਹ ਹੈ ਕਿ ਉਨ੍ਹਾਂ ਸਾਰੇ ਓਵਰਸੀਜ਼ ਚੈਪਟਰਾਂ ਨੇ ਦਿੱਲੀ ਅਤੇ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਬਹੁਤ ਮਿਹਨਤ ਕੀਤੀ ਹੈ। ਮਨਜਿੰਦਰ ਨੇ ਕਿਹਾ ਕਿ ਆਪ ਲਈ ਕੰਮ ਕਰਨ ਵਾਲੇ ਐੱਨ. ਆਰ. ਆਈਜ਼ ਨੇ ਕਈ ਲੱਖ ਡਾਲਰ ਫੰਡ ਜੁਟਾ ਕੇ ‘ਆਪ’ ਨੂੰ ਦਿੱਤੇ ਅਤੇ ਲੋਕਾਂ ਨੂੰ ‘ਆਪ’ ਲਈ ਵੋਟ ਕਰਨ ਦੀ ਅਪੀਲ ਕੀਤੀ ਪਰ ਅੰਤ ਵਿਚ ਐੱਨ. ਆਰ. ਆਈਜ਼ ਨੂੰ ਨਿਰਾਸ਼ਾ ਹੀ ਹੱਥ ਲੱਗੀ। ਸੰਧੂ ਨੇ ਕਿਹਾ ਕਿ ਐੱਨ. ਆਰ. ਆਈਜ਼ ਨੂੰ ਹੁਣ ਮਹਿਸੂਸ ਹੋਣ ਲੱਗਾ ਹੈ ਕਿ ਆਮ ਆਦਮੀ ਪਾਰਟੀ ਨੇ ਵੀ ਹੋਰ ਰਾਜਨੀਤਕ ਪਾਰਟੀਆਂ ਦੀ ਤਰ੍ਹਾਂ ‘ਇਸਤੇਮਾਲ ਕਰੋ ਅਤੇ ਸੁੱਟੋ’ ਵਾਲੀ ਨੀਤੀ ਅਪਣਾ ਲਈ ਹੈ।

You must be logged in to post a comment Login