ਨਵੀਂ ਦਿੱਲੀ – ਕੇਂਦਰ ਸਰਕਾਰ ਨੇ ਇਹ ਗੱਲ ਦੋਹਰਾਈ ਹੈ ਕਿ ਰਿਜ਼ਰਵ ਬੈਂਕ ਆਫ ਇੰਡੀਆ ਨਾਲ ਚੱਲ ਰਹੇ ਤਾਜ਼ਾ ਵਿਵਾਦ ਕਾਰਨ ਬੈਂਕ ਦੇ ਗਵਰਨਰ ਨੂੰ ਅਹੁਦਾ ਛੱਡਣ ਲਈ ਨਹੀਂ ਕਿਹਾ ਜਾ ਰਿਹਾ। ਸਰਕਾਰੀ ਸੂਤਰਾਂ ਨੇ ਦੱਸਿਆ ਕਿ ਸਰਕਾਰ ਅਤੇ ਆਰ. ਬੀ. ਆਈ. ਦਰਮਿਆਨ ਮਤਭੇਦ ਕੋਈ ਨਵੀਂ ਗੱਲ ਨਹੀਂ। ਬੀਤੇ ਸਮੇਂ ਦੌਰਾਨ ਵੀ ਅਜਿਹੇ ਮਤਭੇਦ ਪੈਦਾ ਹੁੰਦੇ ਰਹੇ ਹਨ। ਇਕ ਸਰਕਾਰੀ ਅਧਿਕਾਰੀ ਨੇ ਦੱਸਿਆ ਕਿ ਗਵਰਨਰ ਉਰਜਿਤ ਪਟੇਲ ਦਾ ਕਾਰਜਕਾਲ ਅਗਸਤ 2019 ’ਚ ਖਤਮ ਹੋਣਾ ਹੈ। ਸਰਕਾਰ ਵਲੋਂ ਉਨ੍ਹਾਂ ਨੂੰ ਨਾ ਤਾਂ ਅਹੁਦੇ ਤੋਂ ਹਟਾਇਆ ਜਾ ਰਿਹਾ ਹੈ ਅਤੇ ਨਾ ਹੀ ਅਹੁਦਾ ਛੱਡਣ ਲਈ ਕਿਹਾ ਜਾ ਰਿਹਾ ਹੈ।
1937 ’ਚ ਗਵਰਨਰ ਨੇ ਦਿੱਤਾ ਸੀ ਅਸਤੀਫਾ : ਬੀਤੇ ਸਮੇਂ ਦੇ ਇਤਿਹਾਸ ’ਤੇ ਝਾਤੀ ਮਾਰਨ ਉੱਤੇ ਪਤਾ ਲੱਗਦਾ ਹੈ ਕਿ 1937 ’ਚ ਉਸ ਵੇਲੇ ਦੇ ਗਵਰਨਰ ਅਾਬਿਸ ਬਾਰਨ ਸਮਿਥ ਨੇ ਅਸਤੀਫਾ ਦਿੱਤਾ ਸੀ। ਉਸ ਤੋਂ 20 ਸਾਲ ਬਾਅਦ 1957 ਵਿਚ ਅਾਰ. ਬੀ. ਅਾਈ. ਦੇ ਗਵਰਨਰ ਬੇਨੇਗਲ ਰਾਮਾ ਰਾਓ ਅਤੇ ਉਦੋਂ ਦੇ ਵਿੱਤ ਮੰਤਰੀ ਟੀ. ਟੀ ਕ੍ਰਿਸ਼ਨਾਮਚਾਰੀ ਦਰਮਿਅਾਨ ਮਤਭੇਦ ਪੈਦਾ ਹੋ ਗਏ ਸਨ। ਉਦੋਂ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਨੇ ਵਿੱਤ ਮੰਤਰੀ ਦਾ ਪੱਖ ਲਿਅਾ ਸੀ ਪਰ ਰਾਓ ਨੇ ਖੁਦ ਹੀ ਕੁਝ ਦਿਨ ਬਾਅਦ ਅਸਤੀਫਾ ਦੇ ਦਿੱਤਾ ਸੀ।

You must be logged in to post a comment Login