ਆਸਟਰੇਲੀਆ ਦੀ ਖੋਜ ਕਰਨ ਵਾਲੇ ਕੈਪਟਨ ਜੇਮਸ ਕੁੱਕ ਦੇ ਬੁੱਤ ਦੀ ਭੰਨਤੋੜ

ਆਸਟਰੇਲੀਆ ਦੀ ਖੋਜ ਕਰਨ ਵਾਲੇ ਕੈਪਟਨ ਜੇਮਸ ਕੁੱਕ ਦੇ ਬੁੱਤ ਦੀ ਭੰਨਤੋੜ

ਸਿਡਨੀ, 5 ਮਾਰਚ- ਆਸਟਰੇਲੀਆ ਦੀ ਖੋਜ ਕਰਨ ਵਾਲੇ ਕੈਪਟਨ ਜੇਮਸ ਕੁੱਕ ਦੇ ਬੁੱਤ ਉੱਤੇ ਲਾਲ ਪੇਂਟ ਸੁੱਟਣ ਤੋਂ ਇਲਾਵਾ ਇਸ ਦੇ ਨੱਕ ਤੇ ਹੱਥ ਦੀ ਭੰਨਤੋੜ ਕੀਤੀ ਗਈ ਹੈ। ਪੁਲੀਸ ਬੁੱਤ ਦੀ ਬੇਅਦਬੀ ਕਰਨ ਵਾਲੇ ਵਿਅਕਤੀਆਂ ਦਾ ਪਤਾ ਲਾਉਣ ਲਈ ਸਰਗਰਮ ਹੈ। ਅਜਿਹੀ ਘਟਨਾ ਨੂੰ ਵਾਪਰਨ ਤੋਂ ਰੋਕਣ ਲਈ ਬੁੱਤ ਨੇੜੇ ਪੁਲੀਸ ਸੁਰੱਖਿਆ ਪਹਿਰਾ ਲਾਇਆ ਗਿਆ ਹੈ। ਬ੍ਰਿਟੇਨ ਦੇ ਕੈਪਟਨ ਕੁੱਕ ਨੇ ਆਪਣੇ ਸਮੁੰਦਰੀ ਜਹਾਜ਼ ਨਾਲ 1770 ਵਿੱਚ ਆਸਟਰੇਲਿਆਈ ਮਹਾਂਦੀਪ ਦੇ ਪੂਰਬੀ ਤੱਟ ਉੱਤੇ ਆ ਕਿ ਇਸ ਦੀ ਖੋਜ ਕੀਤੀ ਸੀ। ਕੈਪਟਨ ਕੁੱਕ ਨੇ ਇਸ ਨੂੰ ਬਰਤਾਨਵੀ ਰਾਜ ਦੀ ਨਵੀਂ ਕਲੋਨੀ ਨਿਊ ਸਾਊਥ ਵੇਲਜ਼ ਦਾ ਨਾਮ ਦਿੱਤਾ ਸੀ। ਆਸਟਰੇਲੀਆ ਦੇ ਅਸਲ ਬਾਸ਼ਿੰਦੇ ਓਬਰਿਜਨਲਜ ਤੇ ਉਨ੍ਹਾਂ ਨਾਲ ਸਨੇਹ ਰੱਖਣ ਵਾਲੇ ਲੋਕ ਇਸ ਨੂੰ ਇੱਕ ਸਾਮਰਾਜੀ ਧੱਕਾ ਮੰਨਦੇ ਹੋਏ ਕੁੱਕ ਦੀ ਨੀਤੀ ਦਾ ਵਿਰੋਧ ਕਰਦੇ ਹਨ। ਆਸਟਰੇਲੀਆ ਡੇਅ ਜੋ ਕਿ 26 ਜਨਵਰੀ ਨੂੰ ਕੌਮੀ ਪੱਧਰ ’ਤੇ ਮਨਾਇਆ ਜਾਂਦਾ ਹੈ, ਵਾਲੇ ਦਿਨ ਨੂੰ ਘੱਟ ਗਿਣਤੀ ਭਾਈਚਾਰੇ ਦੇ ਲੋਕ ਨਸਲੀ ਹਮਲਾ ਮੰਨਦੇ ਹਨ। ਪਿਛਲੇ ਕੁਝ ਅਰਸੇ ਤੋਂ ਚੱਲ ਰਹੀ ਇਸ ਮੁਹਿੰਮ ਦਾ ਪਿਛੋਕੜ ਕੈਪਟਨ ਕੁੱਕ ਦੇ ਬੁੱਤ ’ਤੇ ਹਮਲੇ ਦਾ ਕਾਰਨ ਮੰਨਿਆ ਜਾ ਰਿਹਾ ਹੈ। ਕੁੱਕ ਦੇ ਬੁੱਤ ਉੱਤੇ ਲਾਲ ਰੰਗ ਦੀ ਸਿਆਹੀ ਸੁੱਟ ਕਿ ਉਸ ਨੂੰ ਨਿਹੱਥਿਆਂ ਦਾ ਕਾਤਲ ਦੱਸਦੇ ਹੋਏ ਹੱਥ ਤੇ ਨੱਕ ਵੀ ਤੋੜਿਆ ਗਿਆ ਹੈ। ਪੁਲੀਸ ਪ੍ਰਸ਼ਾਸਨ ਤੇ ਸਥਾਨਕ ਲੋਕਾਂ ਨੇ ਇਸ ਕਾਰਵਾਈ ਦੀ ਨਿਖੇਧੀ ਕੀਤੀ ਹੈ।

You must be logged in to post a comment Login