ਆਸਟਰੇਲੀਆ ਦੇ ਵਿਕਟੋਰੀਆ ’ਚ ਡੁੱਬਣ ਕਾਰਨ 4 ਭਾਰਤੀਆਂ ਦੀ ਮੌਤ

ਮੈਲਬਰਨ, 25 ਜਨਵਰੀ-  ਆਸਟਰੇਲੀਆ ਦੇ ਵਿਕਟੋਰੀਆ ਸੂਬੇ ਵਿਚ ਬੀਚ ‘ਤੇ ਡੁੱਬਣ ਕਾਰਨ ਤਿੰਨ ਔਰਤਾਂ ਸਮੇਤ ਚਾਰ ਭਾਰਤੀਆਂ ਦੀ ਮੌਤ ਹੋ ਗਈ। ਚਾਰਾਂ ਦੀ ਪਛਾਣ 23 ਸਾਲਾ ਜਗਜੀਤ ਸਿੰਘ ਆਨੰਦ, ਵਿਦਿਆਰਥਣ ਸੁਹਾਨੀ ਆਨੰਦ ਅਤੇ ਕੀਰਤੀ ਬੇਦੀ (ਦੋਵੇਂ 20 ਸਾਲ) ਤੇ 43 ਸਾਲਾ ਰੀਮਾ ਸੋਂਧੀ ਵਜੋਂ ਹੋਈ ਹੈ। ਆਨੰਦ ਮੈਲਬਰਨ ’ਚ ਨਰਸ ਸੀ ਤੇ ਦੇਸ਼ ਦੀ ਸਥਾਈ ਨਿਵਾਸੀ ਸੀ। ਬੇਦੀ ਅਤੇ ਸੁਹਾਨੀ ਵਿਦਿਆਰਥੀ ਵੀਜ਼ੇ ‘ਤੇ ਸਨ। ਪੰਜਾਬ ਦੀ ਰਹਿਣ ਵਾਲੀ ਸੋਂਧੀ ਦੋ ਹਫ਼ਤੇ ਪਹਿਲਾਂ ਛੁੱਟੀਆਂ ਮਨਾਉਣ ਆਸਟਰੇਲੀਆ ਆਈਆ ਸੀ। ਮੰਨਿਆ ਜਾਂਦਾ ਹੈ ਕਿ ਚਾਰੇ ਆਪਸ ਵਿੱਚ ਰਿਸ਼ਤੇਦਾਰ ਸਨ। ਬੀਚ ‘ਤੇ ਵਾਪਰੀ ਇਹ ਘਟਨਾ 20 ਸਾਲਾਂ ਵਿੱਚ ਵਿਕਟੋਰੀਆ ਸਮੁੰਦਰੀ ਖੇਤਰ ’ਚ ਹੋਈ ਸਭ ਤੋਂ ਭਿਆਨਕ ਹੈ। ਇਹ ਘਟਨਾ ਵਿਕਟੋਰੀਆ ਦੇ ਫਿਲਿਪ ਆਈਲੈਂਡ ‘ਚ ਬੁੱਧਵਾਰ ਨੂੰ ਵਾਪਰੀ।ਐਮਰਜੰਸੀ ਸੇਵਾਵਾਂ ਨੂੰ ਬਾਅਦ ਦੁਪਹਿਰ ਕਰੀਬ 3.30 ਵਜੇ ਨਿਊਹੈਵਨ ਨੇੜੇ ਚਾਰ ਲੋਕਾਂ ਦੇ ਪਾਣੀ ‘ਚ ਡੁੱਬਣ ਦੀ ਸੰਭਾਵਨਾ ਦੀ ਸੂਚਨਾ ਮਿਲੀ। ‘ਲਾਈਫਗਾਰਡਜ਼ ਨੇ ਉਨ੍ਹਾਂ ‘ਚੋਂ ਤਿੰਨ ਨੂੰ ਪਾਣੀ ‘ਚੋਂ ਬਾਹਰ ਕੱਢਿਆ ਅਤੇ ਇਕ ਬਚਾਅ ਕਿਸ਼ਤੀ ਨੇ ਆਖਰੀ ਵਿਅਕਤੀ ਨੂੰ ਪਾਣੀ ‘ਚੋਂ ਬਾਹਰ ਕੱਢ ਲਿਆ। ਸਾਰੇ ਬੇਹੋਸ਼ ਸਨ ਅਤੇ ਉਨ੍ਹਾਂ ਦੇ ਸਰੀਰ ਵਿੱਚ ਕੋਈ ਹਿਲਜੁਲ ਨਹੀਂ ਸੀ। ਬਚਾਅ ਕਰਮਚਾਰੀਆਂ ਨੇ ਉਸਨੂੰ ਸੀਪੀਆਰ ਦੇਣਾ ਸ਼ੁਰੂ ਕਰ ਦਿੱਤਾ, ਜੋ ਇੱਕ ਕਿਸਮ ਦੀ ਮੁੱਢਲੀ ਸਹਾਇਤਾ ਹੈ।

You must be logged in to post a comment Login