ਆਸਟਰੇਲੀਆ ਨੇ ਸ੍ਰੀਲੰਕਾ ਨੂੰ ਪੰਜ ਵਿਕਟਾਂ ਨਾਲ ਹਰਾਇਆ

ਆਸਟਰੇਲੀਆ ਨੇ ਸ੍ਰੀਲੰਕਾ ਨੂੰ ਪੰਜ ਵਿਕਟਾਂ ਨਾਲ ਹਰਾਇਆ

ਲਖਨਊ, 17 ਅਕਤੂਬਰ- ਲੈੱਗ ਸਪਿੰਨਰ ਐਡਮ ਜ਼ਾਂਪਾ (47 ਦੌੜਾਂ ਦੇ ਕੇ ਚਾਰ ਵਿਕਟਾਂ) ਅਤੇ ਕਪਤਾਨ ਪੈਟ ਕਮਿੰਸ (32 ਦੌੜਾਂ ਦੇ ਕੇ ਦੋ ਵਿਕਟਾਂ) ਦੀ ਅਗਵਾਈ ਹੇਠ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਹਮਲਾਵਰ ਬੱਲੇਬਾਜ਼ੀ ਦੀ ਬਦੌਲਤ ਪੰਜ ਵਾਰ ਦੇ ਚੈਂਪੀਅਨ ਆਸਟਰੇਲੀਆ ਨੇ ਅੱਜ ਇੱਥੇ ਇੱਕ ਰੋਜ਼ਾ ਕ੍ਰਿਕਟ ਵਿਸ਼ਵ ਕੱਪ ਵਿੱਚ ਸ੍ਰੀਲੰਕਾ ਨੂੰ 88 ਦੌੜਾਂ ਬਾਕੀ ਰਹਿੰਦਿਆਂ ਪੰਜ ਵਿਕਟਾਂ ਨਾਲ ਹਰਾ ਦਿੱਤਾ। ਤਿੰਨ ਮੈਚਾਂ ਵਿੱਚ ਆਸਟਰੇਲੀਆ ਦੀ ਇਹ ਪਹਿਲੀ ਜਿੱਤ ਹੈ ਅਤੇ ਟੀਮ ਅੰਕ ਸੂਚੀ ਵਿੱਚ ਅੱਠਵੇਂ ਸਥਾਨ ’ਤੇ ਪਹੁੰਚ ਗਈ ਹੈ। ਸ੍ਰੀਲੰਕਾ ਲਗਾਤਾਰ ਤੀਜੀ ਹਾਰ ਤੋਂ ਬਾਅਦ ਨੌਵੇਂ ਸਥਾਨ ’ਤੇ ਹੈ। ਸ੍ਰੀਲੰਕਾ ਦੀ ਪਾਰੀ ਨੂੰ 43.3 ਓਵਰਾਂ ’ਚ 209 ਦੌੜਾਂ ’ਤੇ ਸਮੇਟਣ ਤੋਂ ਬਾਅਦ ਆਸਟਰੇਲੀਆ ਨੇ 35.2 ਓਵਰਾਂ ’ਚ ਪੰਜ ਵਿਕਟਾਂ ਦੇ ਨੁਕਸਾਨ ’ਤੇ 215 ਦੌੜਾਂ ਬਣਾ ਕੇ ਜਿੱਤ ਦਰਜ ਕੀਤੀ। ਆਸਟਰੇਲੀਆ ਲਈ ਸਲਾਮੀ ਬੱਲੇਬਾਜ਼ ਮਿਚੇਲ ਮਾਰਸ਼ (51 ਗੇਂਦਾਂ ਵਿੱਚ 52 ਦੌੜਾਂ) ਅਤੇ ਜੋਸ਼ ਇੰਗਲਿਸ (59 ਗੇਂਦਾਂ ਵਿੱਚ 58 ਦੌੜਾਂ) ਦੀਆਂ ਪਾਰੀਆਂ ਖੇਡੀਆਂ ਜਦਕਿ ਗਲੈਨ ਮੈਕਸਵੈਲ ਨੇ 21 ਗੇਂਦਾਂ ਵਿੱਚ ਨਾਬਾਦ 31 ਅਤੇ ਮਾਰਨ ਲਾਬੂਸ਼ੇਨ ਨੇ 50 ਦੌੜਾਂ ਦਾ ਯੋਗਦਾਨ ਪਾਇਆ। ਸ੍ਰੀਲੰਕਾ ਲਈ ਦਿਲਸ਼ਾਨ ਮਧੂਸ਼ੰਕਾ ਨੇ ਤਿੰਨ ਵਿਕਟਾਂ ਲਈਆਂ। ਦੁਨਿਥ ਵੇਲਾਲਾਗੇ ਨੂੰ ਵੀ ਇੱਕ ਸਫ਼ਲਤਾ ਮਿਲੀ।

ਦੱਖਣੀ ਅਫ਼ਰੀਕਾ ਅਤੇ ਨੈਦਰਲੈਂਡਜ਼ ਵਿਚਾਲੇ ਮੈਚ ਅੱਜ

ਧਰਮਸ਼ਾਲਾ: ਵਿਸ਼ਵ ਕੱਪ ਵਿੱਚ ਹੁਣ ਤੱਕ ਸ਼ਾਨਦਾਰ ਲੈਅ ਵਿੱਚ ਚੱਲ ਰਹੀ ਦੱਖਣੀ ਅਫ਼ਰੀਕਾ ਦੀ ਟੀਮ ਮੰਗਲਵਾਰ ਨੂੰ ਨੈਦਰਲੈਂਡਜ਼ ਖ਼ਿਲਾਫ਼ ਜਿੱਤ ਦਰਜ ਕਰਨ ਦੀ ਉਮੀਦ ਨਾਲ ਮੈਦਾਨ ਵਿੱਚ ਉੱਤਰੇਗੀ। ਪਿਛਲੇ ਦੋ ਮੈਚਾਂ ਵਿੱਚ ਦੱਖਣੀ ਅਫ਼ਰੀਕਾ ਦੀ ਪੇਸ਼ਕਾਰੀ ਨੇ ਦਿਖਾ ਦਿੱਤਾ ਹੈ ਕਿ ਹੁਣ ਉਹ ਦਬਾਅ ਅੱਗੇ ਗੋਡੇ ਟੇਕਣ ਦਾ ਠੱਪਾ ਹਟਾਉਣ ਦੇ ਇਰਾਦੇ ਨਾਲ ਆਏ ਹਨ। ਦਿੱਲੀ ਵਿੱਚ ਪਹਿਲੇ ਮੈਚ ਦੌਰਾਨ ਸ੍ਰੀਲੰਕਾ ਖ਼ਿਲਾਫ਼ ਪੰਜ ਵਿਕਟਾਂ ’ਤੇ 428 ਦੌੜਾਂ ਦਾ ਰਿਕਾਰਡ ਸਕੋਰ ਬਣਾਉਣ ਮਗਰੋਂ ਉਸ ਨੇ 102 ਦੌਰਾਨ ਨਾਲ ਜਿੱਤ ਦਰਜ ਕੀਤੀ। ਇਸ ਮਗਰੋਂ ਦੱਖਣੀ ਅਫ਼ਰੀਕਾ ਨੇ ਲਖਨਊ ਵਿੱਚ ਪੰਜ ਵਾਰ ਦੇ ਚੈਂਪੀਅਨ ਆਸਟਰੇਲੀਆ ਨੂੰ ਹਰਾਇਆ। ਨੈਦਰਲੈਂਡਜ਼ ਨੇ ਟੀ-20 ਵਿਸ਼ਵ ਕੱਪ 2008 ਵਿੱਚ ਇੰਗਲੈਂਡ ਨੂੰ ਲਾਰਡਜ਼ ’ਤੇ ਹਰਾ ਕੇ ਉਲਟਫੇਰ ਕੀਤਾ ਸੀ। ਭਲਕੇ ਹੋਣ ਵਾਲੇ ਮੈਚ ਵਿੱਚ ਦੱਖਣੀ ਅਫ਼ਰੀਕਾ ਦੀ ਟੀਮ ਕਪਤਾਨ ਤੇਮਬਾ ਬਾਵੁਮਾ ਦੀ ਅਗਵਾਈ ਹੇਠ ਜਿੱਤ ਦਰਜ ਕਰਨ ਦੇ ਇਰਾਦੇ ਨਾਲ ਮੈਦਾਨ ਵਿੱਚ ਆਵੇਗੀ, ਜਦਕਿ ਨੈਦਰਲੈਂਡਜ਼ ਦੀ ਟੀਮ ਕਪਤਾਨ ਸਕਾਟ ਐਡਵਰਡਜ਼ ਦੀ ਅਗਵਾਈ ਹੇਠ ਇਹ ਮੁਕਾਬਲਾ ਜਿੱਤਣ ਲਈ ਕੋਸ਼ਿਸ਼ ਕਰੇਗੀ।

You must be logged in to post a comment Login