ਆਸਟਰੇਲੀਆ: ਫਲਸਤੀਨ ਪੱਖੀਆਂ ਵੱਲੋਂ ਗ਼ਾਜ਼ਾ ਪੱਟੀ ’ਚ ਸਥਾਈ ਸ਼ਾਂਤੀ ਲਈ ਰੈਲੀਆਂ

ਆਸਟਰੇਲੀਆ: ਫਲਸਤੀਨ ਪੱਖੀਆਂ ਵੱਲੋਂ ਗ਼ਾਜ਼ਾ ਪੱਟੀ ’ਚ ਸਥਾਈ ਸ਼ਾਂਤੀ ਲਈ ਰੈਲੀਆਂ

ਇੱਥੇ ਅੱਜ ਫਲਸਤੀਨ ਪੱਖੀ ਪ੍ਰਦਰਸ਼ਨਕਾਰੀਆਂ ਨੇ ਗ਼ਾਜ਼ਾ ਪੱਟੀ ਵਿਚ ਸਥਾਈ ਸ਼ਾਂਤੀ ਲਈ ਰੈਲੀ ਕੀਤੀ ਜਿਸ ਵਿਚ ਹਜ਼ਾਰਾਂ ਲੋਕ ਸ਼ਾਮਲ ਹੋਏ। ਉਨ੍ਹਾਂ ਆਪਣੇ ਹੱਥਾਂ ਵਿਚ ਫਲਸਤੀਨ ਤੇ ਸ਼ਾਂਤੀ ਦੇ ਝੰਡੇ ਤੇ ਮਾਟੋ ਫੜੇ ਹੋਏ ਸਨ। ‘ਓਪੇਰਾ ਹਾਊਸ’ ਵਿਚ ਰੈਲੀ ਕਰਨ ਦੀ ਹਾਈ ਕੋਰਟ ਵੱਲੋਂ ਭਾਵੇਂ ਇਜਾਜ਼ਤ ਨਹੀਂ ਦਿੱਤੀ ਗਈ ਪਰ ਇਸ ਦੇ ਬਾਵਜੂਦ ਵੀ ਇਨ੍ਹਾਂ ਪ੍ਰਦਰਸ਼ਨਾਂ ਨੂੰ ਆਸਟਰੇਲੀਆ ਸਰਕਾਰ ਵੱਲੋਂ ਰੋਕਿਆ ਨਹੀਂ ਜਾ ਸਕਿਆ। ਫਲਸਤੀਨ ਪੱਖੀ ਰੈਲੀਆਂ ਤੇ ਮੁਜ਼ਾਹਰੇ ਅੱਜ ਮੈਲਬਰਨ, ਕੈਨਬਰਾ ਤੇ ਮੁਲਕ ਦੇ ਹੋਰਨਾਂ ਸ਼ਹਿਰਾਂ ਵਿੱਚ ਵੀ ਹੋਏ।ਫਰੈਂਡਜ਼ ਆਫ਼ ਫਲਸਤੀਨ ਡਬਲਿਊ ਏ ਦਾ ਕਹਿਣਾ ਹੈ ਕਿ ਇਹ ਰੈਲੀਆਂ ਨਿਆਂ ਅਤੇ ਆਜ਼ਾਦੀ ਦੀ ਮੰਗ ਕਰਨ ਵਾਲੀਆਂ ਚੱਲ ਰਹੀਆਂ ਵਿਸ਼ਵ ਵਿਆਪੀ ਲਾਮਬੰਦੀਆਂ ਦੇ ਹਿੱਸੇ ਵਜੋਂ ਹਨ। ਬੁਲਾਰਿਆਂ ਨੇ ਕਿਹਾ ਕਿ ‘ਅਸੀਂ ਇਜ਼ਰਾਈਲ ਅਤੇ ਡੋਨਲਡ ਟਰੰਪ ’ਤੇ ਭਰੋਸਾ ਨਹੀਂ ਕਰਦੇ ਕਿਉਂਕਿ ਪਿਛਲੀਆਂ ਜੰਗ ਬੰਦੀਆਂ ਇਜ਼ਰਾਈਲ ਵਲੋਂ ਤੋੜੀਆਂ ਗਈਆਂ ਸਨ। ਟਰੰਪ ਚੁੱਪ ਰਿਹਾ ਅਤੇ ਨਸਲਕੁਸ਼ੀ ਵੀ ਤੇਜ਼ੀ ਨਾਲ ਜਾਰੀ ਰਹੀ ਹੈ।ਆਸਟਰੇਲੀਆਈ ਫੈਡਰੇਸ਼ਨ ਆਫ਼ ਇਸਲਾਮਿਕ ਕੌਂਸਲ ਦੇ ਪ੍ਰਧਾਨ ਰਾਤੇਬ ਜੈਨੀਡ ਨੇ ਕਿਹਾ ਕਿ ਸੱਚੀ ਸ਼ਾਂਤੀ ਨਿਆਂ ਤੋਂ ਬਿਨਾਂ ਨਹੀਂ ਆ ਸਕਦੀ। ਦੁਨੀਆ ਨੂੰ ਚੁੱਪ ਨੂੰ ਸ਼ਾਂਤੀ ਨਹੀਂ ਸਮਝਣਾ ਚਾਹੀਦਾ ਅਤੇ ਨਾ ਹੀ ਇਸ ਨੂੰ ਮਸਲੇ ਦਾ ਸਥਾਈ ਹੱਲ ਸਮਝਣਾ ਚਾਹੀਦਾ।

You must be logged in to post a comment Login