ਆਸਟ੍ਰੇਲੀਆਈ ਪ੍ਰਧਾਨ ਮੰਤਰੀ ਦੇ WeChat ਖਾਤੇ ‘ਚ ਚੀਨ ਵੱਲੋਂ ਦਖਲ ਅੰਦਾਜ਼ੀ

ਆਸਟ੍ਰੇਲੀਆਈ ਪ੍ਰਧਾਨ ਮੰਤਰੀ ਦੇ WeChat ਖਾਤੇ ‘ਚ ਚੀਨ ਵੱਲੋਂ ਦਖਲ ਅੰਦਾਜ਼ੀ

ਕੈਨਬਰਾ (PE): ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਚੀਨੀ ਸੋਸ਼ਲ ਮੀਡੀਆ ਐਪ ਵੀਚੈਟ ‘ਤੇ ਆਪਣੇ ਖਾਤੇ ਦਾ ਕੰਟਰੋਲ ਗੁਆ ਦਿੱਤਾ ਹੈ। ਦੇਸ਼ ਦੇ ਚੋਟੀ ਦੇ ਸੰਸਦ ਮੈਂਬਰਾਂ ਨੇ ਸੋਮਵਾਰ ਨੂੰ ਚੀਨੀ ਨੇਤਾਵਾਂ ‘ਤੇ ਸੋਸ਼ਲ ਮੀਡੀਆ ‘ਤੇ ਰਾਜਨੀਤਕ ਦਖਲਅੰਦਾਜ਼ੀ ਦਾ ਦੋਸ਼ ਲਗਾਇਆ। ਸਿਡਨੀ ਦੇ ‘ਦਿ ਡੇਲੀ ਟੈਲੀਗ੍ਰਾਫ’ ਮੁਤਾਬਕ ਜਨਵਰੀ ਦੇ ਸ਼ੁਰੂ ‘ਚ ਮੌਰੀਸਨ ਦੇ 76,000 ਤੋਂ ਵੱਧ ਵੀਚੈਟ ਫਾਲੋਅਰਜ਼ ਨੂੰ ਉਹਨਾਂ ਦੇ ਅਕਾਊਂਟ ਦਾ ਨਾਂ ਬਦਲ ਕੇ ‘ਆਸਟ੍ਰੇਲੀਅਨ ਚਾਈਨੀਜ਼ ਨਿਊ ਲਾਈਫ’ ਕਰਨ ਦੀ ਸੂਚਨਾ ਦਿੱਤੀ ਗਈ ਸੀ। ਇੰਨਾ ਹੀ ਨਹੀਂ ਅਕਾਊਂਟ ਤੋਂ ਮੌਰੀਸਨ ਦੀ ਤਸਵੀਰ ਵੀ ਹਟਾ ਦਿੱਤੀ ਗਈ ਸੀ। ਅਖ਼ਬਾਰ ਨੇ ਦਾਅਵਾ ਕੀਤਾ ਕਿ ਇਹ ਬਦਲਾਅ ਆਸਟ੍ਰੇਲੀਆ ਸਰਕਾਰ ਦੇ ਨੋਟਿਸ ਤੋਂ ਬਿਨਾਂ ਕੀਤੇ ਗਏ ਹਨ। ਹਾਲਾਂਕਿ, ਮੌਰੀਸਨ ਦੇ ਦਫਤਰ ਨੇ ਰਿਪੋਰਟ ‘ਤੇ ਪ੍ਰਤੀਕਿਰਿਆ ਦੇਣ ਤੋਂ ਇਨਕਾਰ ਕਰ ਦਿੱਤਾ। ਖੁਫੀਆ ਅਤੇ ਸੁਰੱਖਿਆ ਬਾਰੇ ਆਸਟ੍ਰੇਲੀਆ ਦੀ ਸੰਯੁਕਤ ਸੰਸਦੀ ਕਮੇਟੀ ਦੇ ਚੇਅਰਮੈਨ ਜੇਮਸ ਪੈਟਰਸਨ ਨੇ ਕਿਹਾ ਕਿ WeChat ਨੇ ਅਜੇ ਤੱਕ ਮੌਰੀਸਨ ਦੇ ਖਾਤੇ ਨੂੰ ਬਹਾਲ ਕਰਨ ਦੀ ਸਰਕਾਰ ਦੀ ਬੇਨਤੀ ਦਾ ਜਵਾਬ ਨਹੀਂ ਦਿੱਤਾ ਹੈ। ਪੈਟਰਸਨ ਨੇ ਚੀਨ ਦੀ ਕਮਿਊਨਿਸਟ ਪਾਰਟੀ ‘ਤੇ ਮਈ ‘ਚ ਆਸਟ੍ਰੇਲੀਆ ਦੀਆਂ ਪ੍ਰਸਤਾਵਿਤ ਚੋਣਾਂ ਦੇ ਮੱਦੇਨਜ਼ਰ ਮੌਰੀਸਨ ‘ਤੇ ਸੈਂਸਰ ਕਰਨ ਦਾ ਦੋਸ਼ ਲਗਾਇਆ। ਉਨ੍ਹਾਂ ਕਿਹਾ ਕਿ ਇਹ ਕਦਮ ਆਸਟ੍ਰੇਲੀਅਨ ਲੋਕਤੰਤਰ ਵਿੱਚ ਸਿਆਸੀ ਦਖਲਅੰਦਾਜ਼ੀ ਕਰਨ ਦੇ ਬਰਾਬਰ ਹੈ।

You must be logged in to post a comment Login