ਆਸਟ੍ਰੇਲੀਆ ‘ਚ ਟ੍ਰੈਕਿੰਗ ਦੌਰਾਨ ਭਾਰਤੀ ਮੂਲ ਦੀ ਮਹਿਲਾ ਦੀ ਮੌਤ

ਆਸਟ੍ਰੇਲੀਆ ‘ਚ ਟ੍ਰੈਕਿੰਗ ਦੌਰਾਨ ਭਾਰਤੀ ਮੂਲ ਦੀ ਮਹਿਲਾ ਦੀ ਮੌਤ

ਬ੍ਰਿਸਬੇਨ, 10 ਮਾਰਚ- ਆਸਟ੍ਰੇਲੀਆ ਤੋਂ ਇਕ ਦੁੱਖਦਾਇਕ ਖ਼ਬਰ ਸਾਹਮਣੇ ਆਈ ਹੈ। ਇੱਥੇ ਭਾਰਤ ਦੇ ਆਂਧਰਾ ਪ੍ਰਦੇਸ਼ ਦੀ ਇਕ ਮਹਿਲਾ ਡਾਕਟਰ ਪਹਾੜੀ ‘ਤੇ ਚੜ੍ਹਦੇ ਸਮੇਂ ਘਾਟੀ ‘ਚ ਡਿੱਗ ਗਈ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਮਹਿਲਾ ਡਾਕਟਰ ਦਾ ਨਾਂ ਉਜਵਲਾ ਵੇਮੁਰੂ ਹੈ, ਜੋ ਮੂਲ ਰੂਪ ਤੋਂ ਆਂਧਰਾ ਪ੍ਰਦੇਸ਼ ਦੇ ਕ੍ਰਿਸ਼ਨਾ ਜ਼ਿਲੇ ਦੀ ਰਹਿਣ ਵਾਲੀ ਸੀ। ਉਹ ਸਿਰਫ਼ 23 ਸਾਲਾਂ ਦੀ ਸੀ। ਉਜਵਲਾ ਬ੍ਰਿਸਬੇਨ ਦੇ ਇੱਕ ਹਸਪਤਾਲ ਵਿੱਚ ਆਪਣੇ ਦੋਸਤਾਂ ਨਾਲ ਪ੍ਰੈਕਟਿਸ ਕਰ ਰਹੀ ਸੀ।ਪਰਿਵਾਰ ਮੁਤਾਬਕ ਮ੍ਰਿਤਕ ਦੀ ਦੇਹ ਸ਼ਨੀਵਾਰ ਨੂੰ ਆਂਧਰਾ ਪ੍ਰਦੇਸ਼ ਲਿਆਂਦੀ ਜਾਵੇਗੀ। ਇਸ ਦੌਰਾਨ ਮ੍ਰਿਤਕ ਦਾ ਅੰਤਿਮ ਸੰਸਕਾਰ ਉਂਗੁਤੁਰੂ ਮੰਡਲ ਦੇ ਇਲੁਕਾਪਾਡੂ ਪਿੰਡ ਵਿੱਚ ਕੀਤਾ ਜਾਵੇਗਾ। ਬਾਂਡ ਯੂਨੀਵਰਸਿਟੀ ਤੋਂ ਐਮ.ਬੀ.ਬੀ.ਐਸ ਕਰਨ ਤੋਂ ਬਾਅਦ ਉਜਵਲਾ ਰਾਇਲ ਬ੍ਰਿਸਬੇਨ ਅਤੇ ਮਹਿਲਾ ਹਸਪਤਾਲ ਵਿੱਚ ਅਭਿਆਸ ਕਰ ਰਹੀ ਸੀ। ਇਸ ਦੇ ਨਾਲ ਹੀ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉੱਜਵਲਾ ਦਾ ਬਚਪਨ ਦਾ ਸੁਪਨਾ ਸੀ ਕਿ ਉਹ ਵੱਡੀ ਹੋ ਕੇ ਡਾਕਟਰ ਬਣੇ। ਕੁਝ ਦਿਨਾਂ ਬਾਅਦ ਉਹ ਪੋਸਟ ਗ੍ਰੈਜੂਏਸ਼ਨ ਵਿੱਚ ਦਾਖ਼ਲਾ ਲੈਣ ਜਾ ਰਹੀ ਸੀ ਪਰ ਇਸ ਮੰਦਭਾਗੇ ਹਾਦਸੇ ਕਾਰਨ ਉਸ ਦੀ ਜਾਨ ਚਲੀ ਗਈ। ਉੱਜਵਲਾ ਆਪਣੇ ਦੋਸਤਾਂ ਨਾਲ ਗੋਲਡ ਕੋਸਟ ਦੇ ਅੰਦਰਲੇ ਇਲਾਕੇ ‘ਚ ਲੈਮਿੰਗਟਨ ਨੈਸ਼ਨਲ ਪਾਰਕ ‘ਚ ਯਾਨਬਾਕੁਚੀ ਫਾਲਸ ਨੇੜੇ ਟ੍ਰੈਕਿੰਗ ਕਰ ਰਹੀ ਸੀ, ਜਦੋਂ ਉਹ ਹਾਦਸੇ ਦਾ ਸ਼ਿਕਾਰ ਹੋ ਗਈ। ਦਰਅਸਲ ਇਹ ਹਾਦਸਾ ਉਦੋਂ ਵਾਪਰਿਆ ਜਦੋਂ ਉੱਜਵਲਾ ਦਾ ਕੈਮਰਾ ਡਿੱਗ ਗਿਆ ਅਤੇ ਉਹ ਉਸ ਨੂੰ ਚੁੱਕਣ ਦੀ ਕੋਸ਼ਿਸ਼ ਕਰ ਰਹੀ ਸੀ। ਇਸ ਦੌਰਾਨ ਉਹ 20 ਮੀਟਰ ਡੂੰਘੀ ਖਾਈ ਵਿੱਚ ਡਿੱਗ ਗਈ। ਬਚਾਅ ਟੀਮ ਨੂੰ ਲਾਸ਼ ਨੂੰ ਬਾਹਰ ਕੱਢਣ ‘ਚ 6 ਘੰਟੇ ਤੋਂ ਵੱਧ ਦਾ ਸਮਾਂ ਲੱਗਾ। ਇੱਥੇ ਦੱਸ ਦਈਏ ਕਿ ਉਜਵਲਾ ਦੇ ਮਾਤਾ-ਪਿਤਾ, ਵੇਮੁਰੂ ਵੈਂਕਟੇਸ਼ਵਰ ਰਾਓ ਅਤੇ ਵੇਮੁਰੂ ਮੈਥਿਲੀ, ਕਈ ਸਾਲ ਪਹਿਲਾਂ ਆਸਟ੍ਰੇਲੀਆ ਵਿੱਚ ਵਸ ਗਏ ਸਨ।

You must be logged in to post a comment Login