ਆਸਟ੍ਰੇਲੀਆ ‘ਚ ਸ਼ਾਨੋ-ਸ਼ੌਕਤ ਨਾਲ ਸ਼ੁਰੂ ਹੋਈਆਂ 35ਵੀਆਂ ਸਾਲਾਨਾ ਸਿੱਖ ਖੇਡਾਂ

ਆਸਟ੍ਰੇਲੀਆ ‘ਚ ਸ਼ਾਨੋ-ਸ਼ੌਕਤ ਨਾਲ ਸ਼ੁਰੂ ਹੋਈਆਂ 35ਵੀਆਂ ਸਾਲਾਨਾ ਸਿੱਖ ਖੇਡਾਂ

ਬ੍ਰਿਸਬੇਨ – ਆਸਟ੍ਰੇਲੀਆ ਦੇ ਪੰਜਾਬੀ ਭਾਈਚਾਰੇ ਵਲੋਂ ਕੌਮੀ ਪੱਧਰ ‘ਤੇ ਆਯੋਜਿਤ ਕੀਤੀਆਂ ਗਈਆਂ 35ਵੀਆਂ ਸਾਲਾਨਾ ਸਿੱਖ ਖੇਡਾਂ ਬ੍ਰਿਸਬੇਨ (ਗੋਲਡ ਕੋਸਟ) ਦੇ ਪ੍ਰਫਾਰਮੈਂਸ ਸੈਂਟਰ ਵਿਖੇ ਬਹੁਤ ਹੀ ਸ਼ਾਨੋ-ਸ਼ੌਕਤ ਤੇ ਪੂਰੇ ਉਤਸ਼ਾਹ ਨਾਲ ਆਰੰਭ ਹੋਈਆਂ। ਖੇਡਾਂ ਦਾ ਉਦਘਾਟਨ ਗੋਲਡ ਕੋਸਟ ਦੇ ਪ੍ਰਫਾਰਮੈਂਸ ਸੈਂਟਰ ਦੇ ਖੇਡ ਮੈਦਾਨ ਵਿੱਚ 5 ਪਿਆਰਿਆਂ ਵੱਲੋਂ ਅਰਦਾਸ, ਬੱਚਿਆਂ ਵੱਲੋਂ ਸ਼ਬਦ ਗਾਇਨ ਅਤੇ ਰਵਾਇਤੀ ਐਬੋਰੀਜਿਨਲ ਡਾਂਸ ਨਾਲ ਕੀਤਾ ਗਿਆ। ਇਸ ਉਪਰੰਤ ਬੱਚਿਆਂ ਵੱਲੋਂ ਗਿੱਧਾ ਤੇ ਭੰਗੜਾ ਪਾਇਆ ਗਿਆ। ਇਸ ਮੌਕੇ ਕੌਮੀ ਖੇਡ ਪ੍ਰਬੰਧਕ ਕਮੇਟੀ ਤੇ ਸਥਾਨਕ ਖੇਡ ਕਮੇਟੀ, ਸੰਸਦ ਮੈਂਬਰਾਂ, ਆਸਟਰੇਲੀਆਈ ਸਰਕਾਰ ਦੇ ਨੁਮਾਇੰਦਿਆਂ ਨੇ ਵੀ ਦਰਸ਼ਕਾਂ ਨੂੰ ਸੰਬੋਧਨ ਕੀਤਾ ਅਤੇ ਪ੍ਰਬੰਧਕਾਂ ਨੇ ਖਿਡਾਰੀਆਂ ਨੂੰ ਸ਼ੁਭਕਾਮਨਾਵਾਂ ਭੇਂਟ ਕੀਤੀਆਂ। ਇਨ੍ਹਾਂ ਖੇਡਾਂ ਵਿੱਚ ਆਸਟ੍ਰੇਲੀਆ, ਨਿਊਜ਼ੀਲੈਂਡ, ਸਿੰਗਾਪੁਰ, ਮਲੇਸ਼ੀਆ ਤੇ ਭਾਰਤ ਆਦਿ ਦੇਸ਼ਾਂ ਤੋਂ ਤਕਰੀਬਨ 5 ਹਜ਼ਾਰ ਦੇ ਕਰੀਬ ਖਿਡਾਰੀ ਕਬੱਡੀ, ਫੁੱਟਬਾਲ, ਵਾਲੀਬਾਲ, ਕ੍ਰਿਕਟ, ਗੋਲਫ, ਬੈਡਮਿੰਟਨ, ਰੱਸਾ-ਕੱਸੀ, ਨੈੱਟਬਾਲ, ਪਾਵਰਲਿਫਟਿੰਗ, ਟੱਚ ਫੁੱਟਬਾਲ, ਬਾਸਕਟਬਾਲ, ਦੌੜਾਂ ਤੇ ਹਾਕੀ ਆਦਿ ਖੇਡਾਂ ‘ਚ ਭਾਗ ਲੈਂਦਿਆਂ ਆਪਣੀ ਖੇਡ ਨਾਲ 3 ਦਿਨ ਤਕਰੀਬਨ 1 ਲੱਖ ਦੇ ਕਰੀਬ ਦਰਸ਼ਕਾਂ ਦਾ ਮੰਨੋਰੰਜਨ ਕਰਨਗੇ।ਇਸ ਖੇਡ ਮਹਾਂਕੁੰਭ ਦੌਰਾਨ ਕਰਵਾਏ ਗਏ ਸਿੱਖ ਫੋਰਮ ਦੌਰਾਨ ਪੰਜਾਬੀ ਹਿਤੈਸ਼ੀਆਂ ਵਲੋਂ ਮਾਂ-ਬੋਲੀ ਪੰਜਾਬੀ ਦੇ ਪਸਾਰ, ਭਾਈਚਾਰਕ ਸਾਂਝ ਅਤੇ ਭਵਿੱਖ ਦੀਆਂ ਗਤੀਵਿਧੀਆਂ ਦਾ ਚਿੰਤਨ ਕੀਤਾ ਗਿਆ। ਇਸ ਤੋਂ ਇਲਾਵਾ ਗਿੱਧਾ, ਭੰਗੜਾ, ਦਸਤਾਰ ਸਜਾਉਣ ਦੇ ਮੁਕਾਬਲੇ ਅਤੇ ਹੋਰ ਸੱਭਿਆਚਾਰਕ ਵੰਨਗੀਆਂ ਦਰਸ਼ਕਾਂ ਦੀ ਖਿੱਚ ਦਾ ਕੇਂਦਰ ਬਣੀਆਂ ਹੋਈਆਂ ਹਨ। ਬੱਚਿਆਂ ਦੀਆਂ ਖੇਡਾਂ ਤੇ ਸੱਭਿਆਚਾਰਕ ਵੰਨਗੀਆਂ ਵਿਸ਼ੇਸ਼ ਤੌਰ ‘ਤੇ ਕਰਵਾਈਆਂ ਜਾ ਰਹੀਆਂ ਹਨ। ਇਹਨਾਂ ਖੇਡਾਂ ਦਾ ਆਨੰਦ ਮਾਨਣ ਲਈ ਆਸਟਰੇਲੀਆ, ਨਿਊਜ਼ੀਲੈਂਡ ਤੇ ਵੱਖ-ਵੱਖ ਦੇਸ਼ਾਂ ਤੋਂ ਖੇਡ ਪ੍ਰੇਮੀ ਅਤੇ ਦਰਸ਼ਕ ਪਹੁੰਚ ਰਹੇ ਹਨ। ਇਹਨਾਂ ਖੇਡਾਂ ਵਿੱਚ ਵਿਸ਼ੇਸ਼ ਤੌਰ ‘ਤੇ ਲਗਾਏ ਗਏ ਪੰਜਾਬੀ ਸਟਾਲ ਖਾਸ ਖਿੱਚ ਦੇ ਕੇਂਦਰ ਬਣੇ ਹੋਏ ਹਨ। ਮੇਲੇ ਵਿੱਚ ਪਹੁੰਚੀਆਂ ਸੰਗਤਾਂ ਲਈ ਗੁਰੂ ਘਰਾਂ ਵੱਲੋ ਭਾਂਤ-ਭਾਂਤ ਦਾ ਲੰਗਰ ਵੀ ਅਤੁੱਟ ਲਗਾਇਆ ਗਿਆ। ਟਰਬਨ ਫਾਰ ਆਸਟ੍ਰੇਲੀਆ ਵੱਲੋਂ ਲਗਾਏ ਰਸ ਦਾ ਲੰਗਰ ਪੂਰੇ ਮੇਲੇ ਵਿੱਚ ਖਿੱਚ ਦਾ ਕੇਂਦਰ ਰਿਹਾ।

ਖੁੱਲ੍ਹੇ ਆਖਾੜੇ ਵਿੱਚ ਪ੍ਰਸਿੱਧ ਗਾਇਕ ਹਰਫ ਚੀਮਾ ਨੇ ਆਪਣੀ ਗਾਇਕੀ ਨਾਲ ਠਾਠਾਂ ਮਾਰਦਾ ਇਕੱਠ ਅਸ਼-ਅਸ਼ ਕਰਨ ਲਾ ਦਿੱਤਾ। ਚੀਮਾ ਨੇ ਪੰਜਾਬ ਦੀਆਂ ਅਸਲ ਸੱਚਾਈਆਂ ਨੂੰ ਬਿਆਨ ਕਰਦਿਆਂ ਮਨੁੱਖੀ ਰਿਸ਼ਤਿਆਂ ਦੇ ਮਿੱਠੇ-ਪਿਆਰੇ ਨਿੱਘੇ ਅਹਿਸਾਸ ਵਾਲੇ ਗੀਤ ਗਾ ਕੇ ਲੋਕਾਂ ਦਾ ਖੂਬ ਮਨੋਰੰਜਨ ਕੀਤਾ। ਇਨ੍ਹਾਂ ਖੇਡਾਂ ਦੇ ਐਨਸੈਕ ਕਮੇਟੀ ਦੇ ਕੌਮੀ ਪ੍ਰਧਾਨ ਸਰਬਜੋਤ ਸਿੰਘ ਢਿੱਲੋਂ, ਸੂਬਾਈ ਐਨਸੈਕ ਕਮੇਟੀ ਦੇ ਪ੍ਰਧਾਨ ਦਲਜੀਤ ਸਿੰਘ ਹੈਪੀ ਧਾਮੀ, ਰੌਕੀ ਭੁੱਲਰ ਵਾਈਸ ਪ੍ਰਧਾਨ, ਜਗਦੀਪ ਭਿੰਡਰ ਸੈਕਟਰੀ, ਰਣਦੀਪ ਸਿੰਘ ਜੌਹਲ ਕਲਚਰਲ ਕੋਆਰਡੀਨੇਟਰ, ਜਤਿੰਦਰ ਨਿੱਝਰ ਕਬੱਡੀ ਕੋਆਰਡੀਨੇਟਰ, ਜਸਦੇਵ ਸਿੰਘ ਬੱਲ ਖਜ਼ਾਨਚੀ, ਮਨਰੂਪ ਜੌਹਲ ਸੌਕਰ ਕੋਆਰਡੀਨੇਟਰ, ਅਮਨਦੀਪ ਕੌਰ ਯੂਥ ਪ੍ਰਤੀਨਿਧ, ਮਨਵਿੰਦਰਜੀਤ ਕੌਰ ਚਾਹਲ ਨਾਰੀ ਪ੍ਰਤੀਨਿਧ ਵੱਖ-ਵੱਖ ਕੋਆਰਡੀਨੇਟਰ ਸਮੂਹ ਕਮੇਟੀ ਮੈਂਬਰ, ਪਨਵਿਕ ਗੁਰੱਪ ਤੋਂ ਰੁਪਿੰਦਰ ਬਰਾੜ ਤੇ ਨੈਸ਼ਨਲ ਕਮੇਟੀ ਦੇ ਕਲਚਰਲ ਕੋਆਰਡੀਨੇਟਰ ਮਨਜੀਤ ਬੋਪਰਾਏ ਵੀ ਹਾਜ਼ਰ ਰਹੇ।

ਕੌਮੀ ਪ੍ਰਧਾਨ ਸਰਬਜੋਤ ਢਿੱਲੋਂ ਨੇ ਦੱਸਿਆ ਕਿ ਸਿੱਖ ਖੇਡਾਂ ਆਪਣੇ ਅਮੀਰ ਪੰਜਾਬੀ ਸੱਭਿਆਚਾਰ ਤੇ ਵਿਰਸੇ ਦੀ ਤਰਜਮਾਨੀ ਕਰਦਿਆਂ ਵਿਦੇਸ਼ ਵਿੱਚ ਰਹਿੰਦਿਆਂ ਆਪਣਿਆਂ ਪੁਰਖਿਆਂ ਦੇ ਸ਼ਾਨਾਮੱਤੇ ਇਤਿਹਾਸ, ਰਹੁ-ਰੀਤਾਂ ਤੇ ਵਿਰਾਸਤ ਨਾਲ ਜੋੜਦਿਆਂ ਭਾਈਚਾਰਕ ਸਾਂਝ ਤੇ ਖੇਡ ਭਾਵਨਾ ਨੂੰ ਵਧਾਉਦੀਆਂ ਹਨ। ਉੱਧਰ ਬੋਪਾਰਾਏ ਨੇ ਦੱਸਿਆ ਕੀ ਐਨਸੈਕ ਕੁਈਨਜ਼ਲੈਂਡ ਕਮੇਟੀ ਵੱਲੋਂ ਪਿਛਲੇ ਕਈ ਮਹੀਨਿਆਂ ਦੀ ਹੋ ਰਹੀ ਸਖ਼ਤ ਮਿਹਨਤ ਤੇ ਵਿਉਂਤਬੰਦੀ ਅਨੁਸਾਰ ਖੇਡਾਂ ਨੂੰ ਸਫਲ ਬਣਾਉਣ ਲਈ ਕੀਤੇ ਗਏ ਜ਼ਰੂਰੀ ਇੰਤਜ਼ਾਮਾਂ ਨੇ ਇਹਨਾਂ ਖੇਡਾਂ ਨੂੰ ਯਾਦਗਾਰੀ ਬਣਾਉਣ ਵਿੱਚ ਕੋਈ ਕਸਰ ਨਹੀਂ ਛੱਡੀ। ਇਸ ਦੌਰਾਨ ਭਾਰਤ ਤੋਂ ਆਸਟਰੇਲੀਆ ਪਹੁੰਚੇ ਕਾਰੋਬਾਰੀ ਸਤਨਾਮ ਸੰਧੂ ਵੱਲੋਂ ਵੀ ਪੰਜਾਬੀਆਂ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਗਈ। ਖੇਡਾਂ ਨੂੰ ਸੰਪੂਰਨ ਰੂਪ ਵਿੱਚ ਨੇਪਰੇ ਚਾੜਨ ਲਈ ਆਸਟ੍ਰੇਲੀਆਈ ਸਰਕਾਰ, ਸਥਾਨਕ ਕੌਂਸਲ, ਪ੍ਰਸ਼ਾਸਨ, ਗੁਰੂ ਘਰਾਂ,ਖੇਡ ਕਲੱਬਾਂ ਅਤੇ ਸਿੱਖ ਭਾਈਚਾਰੇ ਵੱਲੋਂ ਪੂਰਨ ਸਹਿਯੋਗ ਦਿੱਤਾ ਜਾ ਰਿਹਾ ਹੈ। ਇਹਨਾਂ ਖੇਡਾਂ ਵਿੱਚ ਵੱਡੀ ਗਿਣਤੀ ਵਿੱਚ ਦਰਸ਼ਕ ਪਹੁੰਚ ਰਹੇ ਹਨ।

You must be logged in to post a comment Login