ਆਸਟ੍ਰੇਲੀਆ ‘ਚ ਹੜ੍ਹ ਨੇ ਮਚਾਈ ਤਬਾਹੀ

ਆਸਟ੍ਰੇਲੀਆ ‘ਚ ਹੜ੍ਹ ਨੇ ਮਚਾਈ ਤਬਾਹੀ

ਬ੍ਰਿਸਬੇਨ  – ਆਸਟ੍ਰੇਲੀਆ ਦੇ ਉੱਤਰ-ਪੂਰਬੀ ਹਿੱਸੇ ਵਿੱਚ ਭਾਰੀ ਮੀਂਹ ਮਗਰੋਂ ਹੜ੍ਹ ਆ ਗਿਆ। ਇਸ ਦੌਰਾਨ ਰਾਤੋ-ਰਾਤ 300 ਤੋਂ ਵਧੇਰੇ ਲੋਕਾਂ ਨੂੰ ਬਚਾਇਆ ਗਿਆ। ਇਨ੍ਹਾਂ ‘ਚੋਂ ਦਰਜਨਾਂ ਲੋਕ ਆਪਣੇ ਘਰਾਂ ਦੀਆਂ ਛੱਤਾਂ ‘ਤੇ ਫਸ ਗਏ ਸਨ। ਅਧਿਕਾਰੀਆਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਹੜ੍ਹ ਦੇ ਪਾਣੀ ਕਾਰਨ ਕੇਰਨਜ਼ ਏਅਰਪੋਰਟ ਸੋਮਵਾਰ ਨੂੰ ਬੰਦ ਕਰ ਦਿੱਤਾ ਗਿਆ। ਅਧਿਕਾਰੀ ਚਿੰਤਤ ਹਨ ਕਿ 1,60,000 ਦੀ ਆਬਾਦੀ ਵਾਲੇ ਸ਼ਹਿਰ ਵਿੱਚ ਪੀਣ ਵਾਲੇ ਪਾਣੀ ਦੀ ਕਮੀ ਹੋ ਜਾਵੇਗੀ। ਕੇਰਨਜ਼ ਵਿੱਚ ਜਿੱਥੇ ਮੀਂਹ ਦੀ ਤੀਬਰਤਾ ਹੌਲੀ ਹੋ ਗਈ ਹੈ, ਉੱਥੇ ਨੇੜਲੇ ਪੋਰਟ ਡਗਲਸ, ਡੈਨਟਰੀ, ਕੁੱਕਟਾਊਨ, ਵੁਜਲ ਵੁਜਲ ਅਤੇ ਹੋਪ ਵੇਲ ਵਿੱਚ ਬਹੁਤ ਗੰਭੀਰ ਮੌਸਮ ਚਿਤਾਵਨੀਆਂ ਦੇ ਨਾਲ ਹੋਰ ਮੀਂਹ ਦੀ ਭਵਿੱਖਬਾਣੀ ਕੀਤੀ ਗਈ ਹੈ। ਕੁਈਨਜ਼ਲੈਂਡ ਰਾਜ ਦੀ ਪੁਲਸ ਕਮਿਸ਼ਨਰ ਕੈਟਰੀਨਾ ਕੈਰੋਲ ਨੇ ਹੜ੍ਹ ਨੂੰ “ਵਿਨਾਸ਼ਕਾਰੀ” ਦੱਸਿਆ। ਕੈਰੋਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, “ਬੀਤੀ ਰਾਤ ਸਾਡੇ ਲਈ ਇੱਕ ਚੁਣੌਤੀਪੂਰਨ ਰਾਤ ਸੀ ਕਿਉਂਕਿ ਅਸੀਂ ਲਗਭਗ 300 ਲੋਕਾਂ ਨੂੰ ਬਚਾਇਆ।” ਉਸਨੇ ਕਿਹਾ ਕਿ ਚੰਗੀ ਗੱਲ ਇਹ ਹੈ ਕਿ ਕਿਸੇ ਦੀ ਮੌਤ ਜਾਂ ਗੰਭੀਰ ਜ਼ਖਮੀ ਹੋਣ ਦੀ ਕੋਈ ਸੂਚਨਾ ਨਹੀਂ ਹੈ।

You must be logged in to post a comment Login