ਆਸਟ੍ਰੇਲੀਆ ਦੀਆਂ ਯੂਨੀਵਰਸਿਟੀਆਂ ਮੁੜ ਪੈੱਨ-ਪੇਪਰ ਨਾਲ ਲੈ ਰਹੀਆਂ ਪ੍ਰੀਖਿਆਵਾਂ

ਆਸਟ੍ਰੇਲੀਆ ਦੀਆਂ ਯੂਨੀਵਰਸਿਟੀਆਂ ਮੁੜ ਪੈੱਨ-ਪੇਪਰ ਨਾਲ ਲੈ ਰਹੀਆਂ ਪ੍ਰੀਖਿਆਵਾਂ

ਸਿਡਨੀ : ਮੌਜੂਦਾ ਸਮੇਂ ਵਿਚ ਹਰ ਖੇਤਰ ਵਿਚ ਤਕਨਾਲੋਜੀ ਦੀ ਵਰਤੋਂ ਵੱਧ ਰਹੀ ਹੈ। ਸਿੱਖਿਆ ਦੇ ਖੇਤਰ ਵਿਚ ਤਕਨਾਲੋਜੀ ਦੀ ਵਰਤੋਂ ਨਾਲ ਜਿੱਥੇ ਬਹੁਤ ਸਾਰੇ ਫ਼ਾਇਦੇ ਹੋਏ ਹਨ, ਉੱਥੇ ਕੁਝ ਨੁਕਸਾਨ ਵੀ ਹੋ ਰਹੇ ਹਨ। ਜਿਵੇਂ ਕਿ ਵਿਦਿਆਰਥੀ ਪ੍ਰੀਖਿਆ ਵਿਚ ਪਾਸ ਹੋਣ ਲਈ ਏਆਈ ਸਾਫਟਵੇਅਰ ਦੀ ਵਰਤੋਂ ਕਰ ਰਹੇ ਹਨ, ਜਿਸ ਕਾਰਨ ਆਸਟ੍ਰੇਲੀਆ ਦੀਆਂ ਯੂਨੀਵਰਸਿਟੀਆਂ ਨੇ ਵੱਡਾ ਫ਼ੈਸਲਾ ਲਿਆ ਹੈ। ਆਸਟ੍ਰੇਲੀਆ ਦੀਆਂ 8 ਵੱਡੀਆਂ ਯੂਨੀਵਰਸਿਟੀਆਂ ਕੰਪਿਊਟਰ ਆਧਾਰਿਤ ਆਨਲਾਈਨ ਪ੍ਰੀਖਿਆ ਛੱਡ ਕੇ ਦੁਬਾਰਾ ਪੈੱਨ-ਪੇਪਰ ਨਾਲ ਵਿਦਿਆਰਥੀਆਂ ਦੀ ਪ੍ਰੀਖਿਆ ਲੈ ਰਹੀਆਂ ਹਨ। ਅਸਲ ਵਿਚ ਵਿਦਿਆਰਥੀ ਏਆਈ ਸਾਫਟਵੇਅਰ ਜ਼ਰੀਏ ਪ੍ਰੀਖਿਆ ਵਿਚ ਸਵਾਲਾਂ ਦੇ ਸਹੀ ਜਵਾਬ ਦੇ ਰਹੇ ਹਨ। ਇਸ ਨਾਲ ਉਹਨਾਂ ਦਾ ਨਾ ਤਾਂ ਬੌਧਿਕ ਵਿਕਾਸ ਹੋ ਪਾ ਰਿਹਾ ਹੈ ਅਤੇ ਨਾ ਹੀ ਯੋਗਤਾ ਬਾਰੇ ਪੱਤਾ ਚੱਲ ਰਿਹਾ ਹੈ। ਵਿਦਿਆਰਥੀ ਏਆਈ ਜ਼ਰੀਏ ਵੱਡੇ ਪੱਧਰ ‘ਤੇ ਨਕਲ ਕਰ ਰਹੇ ਹਨ।ਇੱਥੋਂ ਤੱਕ ਕਿ ਮਹੀਨਿਆਂ ਦੀ ਮਿਹਨਤ ਤੋਂ ਤਿਆਰ ਹੋਣ ਵਾਲਾ ਰਿਸਰਚ ਪੇਪਰ ਏਆਈ ਸਾਫਟਵੇਅਰ ਵਿਚ ਮਿੰਟਾਂ ਵਿਚ ਲਿਖਿਆ ਜਾ ਰਿਹਾ ਹੈ। ਇਕ ਏਆਈ ਮਾਹਰ ਦਾ ਕਹਿਣਾ ਹੈ ਕਿ ਸਿੱਖਿਆ ਅਦਾਰੇ ਅਜਿਹੀ ਦੌੜ ਵਿਚ ਸ਼ਾਮਲ ਹੋ ਰਹੇ ਹਨ, ਜਿਸ ਵਿਚ ਉਹ ਕਦੇ ਜਿੱਤ ਨਹੀਂ ਸਕਦੇ। ਆਸਟ੍ਰੇਲੀਆ ਤੋਂ ਪਹਿਲਾਂ ਅਮਰੀਕਾ ਵਿਚ ਨਿਊਯਾਰਕ ਦੇ ਸਾਰੇ ਸਕੂਲਾਂ ਵਿਚ ਏਆਈ ਆਧਾਰਿਤ ਡਿਵਾਈਸ ਅਤੇ ਸਾਫਟਵੇਅਰ ‘ਤੇ ਬੈਨ ਲਗਾ ਦਿੱਤਾ ਗਿਆ। ਚੈਟਜੀਪੀਟੀ ਏਆਈ ਆਧਾਰਿਤ ਅਜਿਹਾ ਹੀ ਸਾਫਟਵੇਅਰ ਹੈ, ਜਿਸ ਵਿਚ ਬੱਚੇ ਸਵਾਲਾਂ ਦੇ ਜਵਾਬ ਕਾਪੀ ਕਰ ਲੈਂਦੇ ਹਨ। ਫਿਰ ਸਿੱਖਣ ਦੀ ਕੋਸ਼ਿਸ਼ ਨਹੀਂ ਕਰਦੇ, ਜਿਸ ਨਾਲ ਸਿੱਖਣ ਦੀ ਸਮੱਰਥਾ ਘੱਟ ਰਹੀ ਹੈ। ਆਸਟ੍ਰੇਲੀਆਈ ਯੂਨੀਵਰਸਿਟੀਆਂ ਦੇ ਸਮੂਹ ਦੇ ਡਿਪਟੀ ਚੀਫ ਕਾਰਜਕਾਰੀ ਡਾਕਟਰ ਮੈਥਿਊ ਬ੍ਰਾਉਨ ਕਹਿੰਦੇ ਹਨ ਕਿ ਅਸੀਂ ਏਆਈ ਤੋਂ ਹੋ ਰਹੀ ਨਕਲ ਨਾਲ ਨਜਿੱਠਣ ਲਈ ਵਿਦਿਆਰਥੀਆਂ ਨੂੰ ਜਾਗਰੂਕ ਕਰ ਰਹੇ ਹਾਂ। ਅਧਿਆਪਕਾਂ ਨੂੰ ਵੱਖ ਤੋਂ ਟ੍ਰੇਨਿੰਗ ਦਿੱਤੀ ਜਾ ਰਹੀ ਹੈ। ਵਿਦਿਆਰਥੀਆਂ ਦੇ ਮੁਲਾਂਕਣ ਦੇ ਤਰੀਕੇ ਦੁਬਾਰਾ ਡਿਜ਼ਾਈਨ ਕੀਤੇ ਜਾ ਰਹੇ ਹਨ। ਅਸੀਂ ਏਆਈ ਆਧਾਰਿਤ ਨਵੇਂ ਸਾਫਟਵੇਅਰ ਅਤੇ ਡਿਵਾਈਸ ਤੋਂ ਖੁਦ ਨੂੰ ਅਪਡੇਟ ਕਰ ਰਹੇ ਹਾਂ। ਇਸ ਸਾਲ ਤੋਂ ਸਾਰੀਆਂ ਪ੍ਰੀਖਿਆਵਾਂ ਅਤੇ ਯੂਨਿਟ ਟੈਸਟ ਵੀ ਪੈੱਨ-ਪੇਪਰ ਤੋਂ ਹੀ ਲਏ ਜਾਣਗੇ। ਯੂਨੀਵਰਸਿਟੀ ਆਫ ਸਿਡਨੀ ਦਾ ਕਹਿਣਾ ਹੈ ਕਿ ਏਆਈ ਵਿਦਿਆਰਥੀਆਂ ਨੂੰ ਸਿੱਖਣ ਵਿਚ ਮਦਦ ਕਰ ਸਕਦੀਆਂ ਹਨ ਪਰ ਇਸ ਲਈ ਇਹ ਜਾਨਣਾ ਜ਼ਰੂਰੀ ਹੋਵੇਗਾ ਕਿ ਇਸ ਦੀ ਕਦੋਂ ਅਤੇ ਕਿਵੇਂ ਵਰਤੋਂ ਕਰਨੀ ਹੈ।

You must be logged in to post a comment Login