ਆਸਟ੍ਰੇਲੀਆ ਨੇ ਈ-ਸਿਗਰੇਟ ‘ਤੇ ਸਖ਼ਤ ਕਾਰਵਾਈ ਕਰਨ ਦਾ ਕੀਤਾ ਐਲਾਨ

ਆਸਟ੍ਰੇਲੀਆ ਨੇ ਈ-ਸਿਗਰੇਟ ‘ਤੇ ਸਖ਼ਤ ਕਾਰਵਾਈ ਕਰਨ ਦਾ ਕੀਤਾ ਐਲਾਨ

ਕੈਨਬਰਾ  – ਆਸਟ੍ਰੇਲੀਆਈ ਸਰਕਾਰ ਨੇ ਸਿਗਰਟਨੋਸ਼ੀ ਅਤੇ ਈ-ਸਿਗਰੇਟ ‘ਤੇ ਵੱਡੀ ਕਾਰਵਾਈ ਕੀਤੀ ਹੈ ਅਤੇ ਇਸ ਦੇ ਤਹਿਤ ਅਗਲੇ ਚਾਰ ਸਾਲਾਂ ਦੌਰਾਨ ਤੰਬਾਕੂ ਉਤਪਾਦਾਂ ‘ਤੇ ਅਰਬਾਂ ਡਾਲਰ ਦਾ ਟੈਕਸ ਵਧਾਏਗੀ। ਸਿਹਤ ਮੰਤਰੀ ਮਾਰਕ ਬਟਲਰ ਨੇ ਮੰਗਲਵਾਰ ਨੂੰ ਕਿਹਾ ਕਿ ਮਨੋਰੰਜਨ ਵੈਪਿੰਗ (ਈ-ਸਿਗਰੇਟ) ‘ਤੇ ਪਾਬੰਦੀ ਲਗਾਈ ਜਾਵੇਗੀ ਕਿਉਂਕਿ ਸਰਕਾਰ ਅਗਲੀ ਪੀੜ੍ਹੀ ਨੂੰ ਨਿਕੋਟੀਨ ਦੇ ਆਦੀ ਹੋਣ ਤੋਂ ਬਚਾਉਣਾ ਚਾਹੁੰਦੀ ਹੈ।ਉਨ੍ਹਾਂ ਕਿਹਾ ਕਿ ਸਤੰਬਰ ਤੋਂ ਤੰਬਾਕੂ ਟੈਕਸ ਵਿੱਚ ਪੰਜ ਫੀਸਦੀ ਦੀ ਦਰ ਨਾਲ ਵਾਧਾ ਕੀਤਾ ਜਾਵੇਗਾ। ਬਟਲਰ ਨੇ ਕਿਹਾ ਕਿ ਅਗਲੇ ਚਾਰ ਸਾਲਾਂ ਵਿੱਚ ਤੰਬਾਕੂ ਉਤਪਾਦਾਂ ‘ਤੇ ਟੈਕਸ 3.3 ਬਿਲੀਅਨ ਆਸਟ੍ਰੇਲੀਅਨ ਡਾਲਰ ਤੱਕ ਵਧਾਇਆ ਜਾਵੇਗਾ। ਇਸ ਤੋਂ ਇਲਾਵਾ ਈ-ਸਿਗਰੇਟਾਂ ‘ਤੇ ਸਖ਼ਤ ਨਿਯੰਤਰਣ ਸਥਾਪਿਤ ਕਰ ਕੇ 23.4 ਕਰੋੜ ਆਸਟ੍ਰੇਲੀਅਨ ਡਾਲਰ ਦਾ ਟੈਕਸ ਪ੍ਰਾਪਤ ਕੀਤਾ ਜਾਵੇਗਾ, ਜਿਸ ਵਿੱਚ ਉਨ੍ਹਾਂ ਦੇ ਆਯਾਤ ਅਤੇ ਪੈਕੇਜਿੰਗ ‘ਤੇ ਟੈਕਸ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਸਰਕਾਰ ਰਾਜਾਂ ਅਤੇ ਪ੍ਰਦੇਸ਼ਾਂ ਨਾਲ ਮਿਲ ਕੇ ਈ-ਸਿਗਰੇਟ ਦੀ ਪ੍ਰਚੂਨ ਵਿਕਰੀ ‘ਤੇ ਪਾਬੰਦੀ ਲਗਾਉਣ ਲਈ ਕੰਮ ਕਰੇਗੀ ਅਤੇ ਇਲਾਜ ਲਈ ਡਾਕਟਰੀ ਦੀ ਸਲਾਹ ‘ਤੇ ਇਸ ਦੀ ਵਰਤੋਂ ਦੀ ਪ੍ਰਕਿਰਿਆ ਨੂੰ ਆਸਾਨ ਕਰੇਗੀ। ਉਨ੍ਹਾਂ ਕਿਹਾ ਕਿ ਸਰਕਾਰ ਈ-ਸਿਗਰੇਟ ਦੇ ਵਧ ਰਹੇ ਕਾਲੇ ਬਾਜ਼ਾਰ ਨੂੰ ਕੰਟਰੋਲ ਕਰਨ ਲਈ ਉਤਪਾਦਾਂਂ ਦੇ ਮਿਆਰਾਂ ਨੂੰ ਸਖ਼ਤ ਕਰੇਗੀ, ਜਿਸ ਵਿਚ ਸਵਾਦ ਅਤੇ ਰੰਗ ‘ਤੇ ਨਿਯੰਤਰਣ ਸ਼ਾਮਲ ਹੈ। ਆਸਟ੍ਰੇਲੀਆ ਲੰਬੇ ਸਮੇਂ ਤੋਂ ਸਿਗਰਟਨੋਸ਼ੀ ਨੂੰ ਖ਼ਤਮ ਕਰਨ ਦੇ ਯਤਨਾਂ ਵਿੱਚ ਸਭ ਤੋਂ ਅੱਗੇ ਰਿਹਾ ਹੈ ਅਤੇ 2012 ਵਿੱਚ ਸਿਗਰੇਟਾਂ ਲਈ “ਪਲੇਨ ਪੈਕੇਜਿੰਗ” ਕਾਨੂੰਨ ਲਾਗੂ ਕਰਨ ਵਾਲਾ ਪਹਿਲਾ ਦੇਸ਼ ਬਣ ਗਿਆ – ਇੱਕ ਨੀਤੀ ਜਿਸਦੀ ਨਕਲ ਫਰਾਂਸ, ਬ੍ਰਿਟੇਨ ਅਤੇ ਹੋਰ ਦੇਸ਼ਾਂ ਦੁਆਰਾ ਕੀਤੀ ਗਈ ਹੈ।

You must be logged in to post a comment Login