ਮੈਲਬਰਨ, 5 ਨਵੰਬਰ- ਆਸਟ੍ਰੇਲੀਆ ਦੀ ਵਿਦੇਸ਼ ਮੰਤਰੀ ਨੇ ਮੰਗਲਵਾਰ ਨੂੰ ਆਪਣੇ ਭਾਰਤੀ ਹਮਰੁਤਬਾ (ਭਾਰਤ ਦੇ ਵਿਦੇਸ਼ ਮੰਤਰੀ ਐਸ ਜੈਸ਼ੰਕਰ) ਕੋਲ ਭਾਰਤ ਵੱਲੋਂ ਕੈਨੇਡਾ ਵਿਚ ਕਥਿਤ ਤੌਰ ’ਤੇ ਸਿੱਖ ਕਾਰਕੁਨਾਂ ਨੂੰ ਨਿਸ਼ਾਨਾ ਬਣਾਏ ਜਾਣ ਦਾ ਮੁੱਦਾ ਚੁੱਕਿਆ ਹੈ। ਵਿਦੇਸ਼ ਮੰਤਰੀ ਪੈਨੀ ਵੋਂਗ ਨੇ ਕਿਹਾ ਕਿ ਉਨ੍ਹਾਂ ਆਸਟ੍ਰੇਲੀਆ ਦੀ ਰਾਜਧਾਨੀ ਕੈਨਬਰਾ ਵਿੱਚ ਭਾਰਤੀ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨਾਲ ਕੈਨੇਡਾ ਦੇ ਦੋਸ਼ਾਂ ਬਾਰੇ ਚਰਚਾ ਕੀਤੀ ਹੈ। ਭਾਰਤ ਨੇ ਕੈਨੇਡਾ ਦੇ ਅਜਿਹੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ ਕਿ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕੈਨੇਡਾ ਅੰਦਰ ਸਿੱਖ ਕਾਰਕੁਨਾਂ ਨੂੰ ਨਿਸ਼ਾਨਾ ਬਣਾਉਣ ਦਾ ਹੁਕਮ ਦਿੱਤਾ ਸੀ। ਵੋਂਗ ਨੇ ਕਿਹਾ ਕਿ ਸਿੱਖ ਭਾਈਚਾਰੇ ਨੂੰ ਉਨ੍ਹਾਂ ਦਾ ਸੰਦੇਸ਼ ਇਹ ਸੀ ਕਿ ਸਾਰੇ ਲੋਕਾਂ ਨੂੰ ਆਸਟ੍ਰੇਲੀਆ ਵਿੱਚ ਸੁਰੱਖਿਅਤ ਅਤੇ ਸਤਿਕਾਰਤ ਹੋਣ ਦਾ ਅਧਿਕਾਰ ਹੈ, ਚਾਹੇ ਉਹ ਕੋਈ ਵੀ ਹੋਵੇ। ਵੋਂਗ ਨੇ ਜੈਸ਼ੰਕਰ ਨਾਲ ਇੱਕ ਨਿਊਜ਼ ਕਾਨਫਰੰਸ ਵਿੱਚ ਕਿਹਾ, ‘‘ਅਸੀਂ ਜਾਂਚ ਅਧੀਨ ਦੋਸ਼ਾਂ ਬਾਰੇ ਆਪਣੀਆਂ ਚਿੰਤਾਵਾਂ ਸਪੱਸ਼ਟ ਕਰ ਦਿੱਤੀਆਂ ਹਨ। ਅਸੀਂ ਕਿਹਾ ਹੈ ਕਿ ਅਸੀਂ ਕੈਨੇਡਾ ਦੀ ਨਿਆਂਇਕ ਪ੍ਰਕਿਰਿਆ ਦਾ ਸਨਮਾਨ ਕਰਦੇ ਹਾਂ।’’ ਉਨ੍ਹਾ ਹੋਰ ਕਿਹਾ ਕਿ ਅਸੀਂ ਆਪਣੇ ਵਿਚਾਰ ਭਾਰਤ ਤੱਕ ਪਹੁੰਚਾਉਂਦੇ ਹਾਂ ਜਿਵੇਂ ਕਿ ਤੁਸੀਂ ਸਾਡੇ ਤੋਂ ਉਮੀਦ ਕਰਦੇ ਹੋ ਅਤੇ ਸਾਡੇ ਕੋਲ ਕਾਨੂੰਨ ਦੇ ਸ਼ਾਸਨ ਤੇ ਨਿਆਂਪਾਲਿਕਾ ਦੀ ਆਜ਼ਾਦੀ ਅਤੇ ਸਪੱਸ਼ਟ ਤੌਰ ’ਤੇ ਸਾਰੇ ਦੇਸ਼ਾਂ ਦੀ ਪ੍ਰਭੂਸੱਤਾ ਵਰਗੇ ਮਾਮਲਿਆਂ ਦੇ ਸਬੰਧ ਵਿੱਚ ਇੱਕ ਸਿਧਾਂਤਕ ਸਥਿਤੀ ਹੈ।
You must be logged in to post a comment Login