ਆਸਟ੍ਰੇਲੀਆ ਵੱਲੋਂ ਅੰਤਰਰਾਸ਼ਟਰੀ ਯਾਤਰਾ ਮੁੜ ਚਾਲੂ ਕਰਨ ਦਾ ਐਲਾਨ

ਆਸਟ੍ਰੇਲੀਆ ਵੱਲੋਂ ਅੰਤਰਰਾਸ਼ਟਰੀ ਯਾਤਰਾ ਮੁੜ ਚਾਲੂ ਕਰਨ ਦਾ ਐਲਾਨ

ਕੈਨਬਰਾ (ਭਾਸ਼ਾ): ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਸ਼ੁੱਕਰਵਾਰ ਨੂੰ ਅੰਤਰਰਾਸ਼ਟਰੀ ਯਾਤਰਾ ਨੂੰ ਫਿਰ ਤੋਂ ਚਾਲੂ ਕਰਨ ਅਤੇ ਸਰਹੱਦੀ ਪਾਬੰਦੀਆਂ ਵਿਚ ਢਿੱਲ ਦੇਣ ਦਾ ਐਲਾਨ ਕੀਤਾ ਹੈ। ਮੌਰੀਸਨ ਨੇ ਕਿਹਾ ਕਿ ਅੰਤਰਰਸ਼ਟਰੀ ਸਰਹੱਦ ਅਗਲੇ ਮਹੀਨੇ ਉਨ੍ਹਾਂ ਰਾਜਾਂ ਲਈ ਦੁਬਾਰਾ ਖੁੱਲ੍ਹ ਜਾਵੇਗੀ ਜੋ 80 ਫ਼ੀਸਦੀ ਟੀਕਾਕਰਨ ਦੀ ਦਰ ’ਤੇ ਪਹੁੰਚ ਗਏ ਹਨ। ਯੋਜਨਾ ਦੇ ਪਹਿਲੇ ਪੜਾਅ ਵਿਚ ਨਾਗਰਿਕਾਂ ਅਤੇ ਸਥਾਈ ਨਿਵਾਸੀਆਂ ਨੂੰ ਆਸਟ੍ਰੇਲੀਆ ਛੱਡਣ ਦੀ ਇਜਾਜ਼ਤ ਦੇਣ ’ਤੇ ਧਿਆਨ ਕੇਂਦਰਿਤ ਕੀਤਾ ਜਾਵੇਗਾ ਅਤੇ ਹੋਰ ਤਬਦੀਲੀਆਂ ਨਾਲ ਵਿਦੇਸ਼ੀ ਯਾਤਰੀਆਂ ਨੂੰ ਦੇਸ਼ ਵਿਚ ਪ੍ਰਵੇਸ਼ ਕਰਨ ਦੀ ਇਜਾਜ਼ਤ ਮਿਲਣ ਦੀ ਉਮੀਦ ਹੈ। ਮੌਰੀਸਨ ਨੇ ਕਿਹਾ, ਆਸਟ੍ਰੇਲੀਆਈ ਲੋਕਾਂ ਨੂੰ ਉਨ੍ਹਾਂ ਦੀ ਜ਼ਿੰਦਗੀ ਵਾਪਸ ਦੇਣ ਦਾ ਸਮਾਂ ਆ ਗਿਆ ਹੈ। ਮਹਾਮਾਰੀ ਦੇ ਸਮੇਂ ਅਸੀਂ ਲੋਕਾਂ ਦੀ ਜਾਨ ਬਚਾਈ, ਰੋਜ਼ੀ-ਰੋਟੀ ਬਚਾਈ ਪਰ ਸਾਨੂੰ ਇਹ ਯਕੀਨੀ ਬਣਾਉਣ ਲਈ ਮਿਲ ਕੇ ਕੰਮ ਕਰਨਾ ਚਾਹੀਦਾ ਹੈ ਕਿ ਆਸਟ੍ਰੇਲੀਆਈ ਲੋਕ ਉਸ ਜੀਵਨ ਨੂੰ ਦੁਬਾਰਾ ਪ੍ਰਾਪਤ ਕਰ ਸਕਣ ਜੋ ਉਨ੍ਹਾਂ ਕੋਲ ਕਿਸੇ ਸਮੇਂ ਇਸ ਦੇਸ਼ ਵਿਚ ਸੀ। ਦੱਸ ਦੇਈਏ ਕਿ ਮੌਰੀਸਨ ਨੇ ਮਾਰਚ 2020 ਵਿਚ ਅੰਤਰਰਾਸ਼ਟਰੀ ਸਰਹੱਦ ਨੂੰ ਬੰਦ ਕਰ ਦਿੱਤਾ ਸੀ। ਉਦੋਂ ਤੋਂ ਸਿਰਫ਼ ਸੀਮਤ ਗਿਣਤੀ ਵਿਚ ਲੋਕਾਂ ਨੂੰ ਮਹੱਤਵਪੂਰਨ ਵਪਾਰਕ ਜਾਂ ਮਨੁੱਖੀ ਕਾਰਨਾਂ ਕਰਕੇ ਦੇਸ਼ ਛੱਡਣ ਦੀ ਇਜਾਜ਼ਤ ਦਿੱਤੀ ਗਈ ਹੈ। ਮੌਰੀਸਨ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਨਵੰਬਰ ਵਿਚ ਪਹਿਲਾ ਹੋਮ ਕੁਆਰੰਟੀਨ ਸਿਸਟਮ ਲਾਗੂ ਹੋ ਜਾਵੇਗਾ।

You must be logged in to post a comment Login