ਆਸਟ੍ਰੇਲੀਆ ਵੱਲੋਂ ਭਾਰਤੀ ਮੂਲ ਦੇ ਪ੍ਰਵਾਸੀਆਂ ਬਾਰੇ ਵਿਸ਼ੇਸ਼ ‘ਸਰਵੇਖਣ’ ਸ਼ੁਰੂ

ਆਸਟ੍ਰੇਲੀਆ ਵੱਲੋਂ ਭਾਰਤੀ ਮੂਲ ਦੇ ਪ੍ਰਵਾਸੀਆਂ ਬਾਰੇ ਵਿਸ਼ੇਸ਼ ‘ਸਰਵੇਖਣ’ ਸ਼ੁਰੂ

ਬ੍ਰਿਸਬੇਨ -ਇਥੇ ਆਸਟ੍ਰੇਲੀਆ ਦੀਆਂ ਦੋ ਨਾਮਵਰ ਯੂਨੀਵਰਸਿਟੀਆਂ ਆਸਟ੍ਰੇਲੀਅਨ ਨੈਸ਼ਨਲ ਯੂਨੀਵਰਸਿਟੀ ਅਤੇ ਵੈਸਟਰਨ ਆਸਟ੍ਰੇਲੀਆ ਯੂਨੀਵਰਸਿਟੀ ਵੱਲੋਂ ਸਾਂਝਾ ਆਨਲਾਈਨ ਸਰਵੇਖਣ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਹੈ। ਇਸ ਪ੍ਰੋਗਰਾਮ ਦਾ ਮਕਸਦ ਭਾਰਤੀ ਮੂਲ ਦੇ ਪ੍ਰਵਾਸੀਆਂ ਦੇ ਆਸਟ੍ਰੇਲੀਆ ਵਿਚਲੇ ਤਜਰਬੇ ਜਾਣਦਿਆਂ ਭਵਿੱਖ ਲਈ ਢੁੱਕਵੀਆਂ ਯੋਜਨਾਵਾਂ ਬਣਾਉਣਾ ਅਤੇ ਉਨ੍ਹਾਂ ਦੇ ਆਸਟ੍ਰੇਲੀਆ ਵਿਚਲੇ ਤਜਰਬਿਆਂ ਨੂੰ ਨੇੜਿਓਂ ਵਿਚਾਰਨਾ ਹੈ। ਇਸ ਪ੍ਰੋਜੈਕਟ ਰਾਹੀਂ ਭਾਰਤੀ ਮੂਲ ਦੇ ਲੋਕਾਂ ਦੇ ਮਸਲਿਆਂ ਅਤੇ ਤਜਰਬਿਆਂ ਨੂੰ ਸਮਝਿਆ ਜਾਵੇਗਾ। ਆਸਟ੍ਰੇਲੀਅਨ ਨੈਸ਼ਨਲ ਯੂਨੀਵਰਸਿਟੀ ਦੀ ਡਾ. ਅੰਮ੍ਰਿਤਾ ਮੱਲ੍ਹੀ ਅਤੇ ਯੂਨੀਵਰਸਿਟੀ ਆਫ ਵੈਸਟਰਨ ਆਸਟ੍ਰੇਲੀਆ ਦੇ ਡਾ. ਅਲੈਕਜ਼ੈਂਡਰ ਡੇਵਿਸ ਅਨੁਸਾਰ ਇਸ ਸਰਵੇ ਰਾਹੀਂ ਭਾਰਤੀ ਮੂਲ ਦੇ ਲੋਕਾਂ ਦੇ ਆਸਟ੍ਰੇਲੀਆ ਵਿਚਲੇ ਵੱਖ-ਵੱਖ ਤਜਰਬਿਆਂ ਨੂੰ ਜਾਣਨਾ ਹੈ, ਬੇਸ਼ੱਕ ਉਹ ਸਿੱਧਾ ਭਾਰਤ ਤੋਂ ਜਾਂ ਫੇਰ ਹੋਰ ਕਿਸੇ ਦੇਸ਼ ਤੋਂ ਹੋ ਕੇ ਇਥੇ ਪਹੁੰਚੇ ਹਨ।
ਉਨ੍ਹਾਂ ਹੋਰ ਕਿਹਾ ਕਿ ਇਸ ’ਚ ਕੋਰੋਨਾ ਵਾਇਰਸ ਮਹਾਮਾਰੀ ਕਾਰਨ ਲੱਗੀਆਂ ਤਾਲਾਬੰਦੀਆਂ ਦੇ ਮਨੁੱਖੀ ਪ੍ਰਭਾਵਾਂ ਨੂੰ ਵੀ ਸ਼ਾਮਲ ਕੀਤਾ ਜਾਵੇਗਾ। ਉਨ੍ਹਾਂ ਸਮੁੱਚੇ ਭਾਰਤੀ ਭਾਈਚਾਰੇ ਨੂੰ ਅਪੀਲ ਕੀਤੀ ਕਿ ਇਸ ਸਰਵੇ ਨੂੰ ਗੰਭੀਰਤਾ ਨਾਲ ਲੈਣ ਤਾਂ ਕਿ ਸਰਕਾਰ ਨੂੰ ਸਹੀ ਅਤੇ ਠੋਸ ਜਾਣਕਾਰੀ ਉਪਲੱਬਧ ਹੋ ਸਕੇ। ਜ਼ਿਕਰਯੋਗ ਹੈ ਕਿ ਆਸਟ੍ਰੇਲੀਅਨ ਅਤੇ ਭਾਰਤੀ ਸਰਕਾਰਾਂ ਆਪਣੇ ਦੁਵੱਲੇ ਸੰਬੰਧਾਂ ਨੂੰ ਹੋਰ ਸੁਧਾਰਨ ਲਈ ਭਾਰਤੀ ਮੂਲ ਦੇ ਲੋਕਾਂ ਬਾਰੇ ਜਾਣਕਾਰੀ ਲੈ ਕੇ ਭਵਿੱਖੀ ਯੋਜਨਾਵਾਂ ਉਲੀਕੀਆਂ ਜਾਣਗੀਆਂ ਹਨ।

You must be logged in to post a comment Login