ਇਕ ਅਪ੍ਰੈਲ ਨੂੰ ਅਮਰੀਕਾ ਦੇ ਦੋ ਸ਼ਹਿਰਾਂ ਵਲੋਂ ਨਿਸ਼ਾਨ ਸਾਹਿਬ ਝੁਲਾ ਕੇ ਦਿੱਤੀ ਮਾਨਤਾ

ਇਕ ਅਪ੍ਰੈਲ ਨੂੰ ਅਮਰੀਕਾ ਦੇ ਦੋ ਸ਼ਹਿਰਾਂ ਵਲੋਂ ਨਿਸ਼ਾਨ ਸਾਹਿਬ ਝੁਲਾ ਕੇ ਦਿੱਤੀ ਮਾਨਤਾ
  • ਮੈਸਾਚਿਊਸਟਸ ਸਟੇਟ ਵਿਚ ਸਥਿਤ ਸ਼ਹਿਰਾਂ ਨੇ ‘ਸਿੱਖ ਕੌਮ’ ਨੂੰ ਦਿੱਤਾ ਬਣਦਾ ਮਾਣ-ਸਨਮਾਨ

ਚਿਕੋਪੀ (ਅਮਰੀਕਾ) : ਅਪ੍ਰੈਲ ਦਾ ਮਹੀਨਾ ਸਿੱਖ ਕੌਮ ਦੇ ਇਤਿਹਾਸ ਵਿਚ ਬਹੁਤ ਮਹੱਤਤਾ ਰੱਖਦਾ ਹੈ। ਗੁਰੂਆਂ ਦੇ ਸਮੇਂ ਤੋਂ ਲੈ ਕੇ ਅੱਜ ਤੱਕ ਇਸ ਮਹੀਨੇ ਨਾਲ ਸਿੱਖਾਂ ਦੀਆਂ ਕਈ ਭਾਵਨਾਵਾਂ ਜੁੜੀਆਂ ਹੋਈਆਂ ਹਨ। ਸਿੱਖਾਂ ਦੇ ਦਸਵੇਂ ਗੁਰੂ ਨੇ ਖਾਲਸਾ ਪੰਥ ਦੀ ਸਾਜਨਾ ਵੀ ਇਸੇ ਮਹੀਨੇ ਕੀਤੀ ਸੀ। ਇਸ ਮਹੀਨੇ ਨਾਲ ਇਕ ਹੋਰ ਇਤਿਹਾਸ ਉਦੋਂ ਜੁੜ ਗਿਆ, ਜਦੋਂ ਬੀਤੀ 1 ਅਪ੍ਰੈਲ ਨੂੰ ਅਮਰੀਕਾ ਦੇ ਦੋ ਸ਼ਹਿਰਾਂ ਵਿਚ ਮੁੜ ਤੋਂ ਅਮਰੀਕੀ ਝੰਡੇ ਦੇ ਬਰਾਬਰ ਨਿਸ਼ਾਨ ਸਾਹਿਬ ਝੁਲਾਇਆ ਗਿਆ, ਜੋ ਕਿ ਸਿੱਖ ਕੌਮ ਲਈ ਬਹੁਤ ਮਾਣ ਵਾਲੀ ਗੱਲ ਹੈ। ਵਰਲਡ ਸਿੱਖ ਪਾਰਲੀਮੈਂਟ ਦੇ ਉਪਰਾਲੇ ਸਦਕਾ ਹੋਲਿਓਕ ਸਿਟੀ ਦੇ ਮੇਅਰ ਜੌਸ਼ ਗਾਰਸੀਆ ਅਤੇ ਚਿਕੋਪੀ ਸਿਟੀ ਦੇ ਮੇਅਰ ਜੌਹਨ ਵਿਆਉ ਨੇ ਲੋਕਲ ਸਿੱਖ ਨੁਮਾਇੰਦਿਆਂ ਨਾਲ ਮਿਲ ਕੇ ਦੋਵਾਂ ਸ਼ਹਿਰਾਂ ਦੇ ਸਿਟੀ ਹਾਲਾਂ ਉਪਰ ਸਿੱਖ ਨਿਸ਼ਾਨ ਸਾਹਿਬ ਝੁਲਾਇਆ ਅਤੇ ਸਿੱਖਾਂ ਦਾ ਮਾਣ ਵਧਾਇਆ।
ਇਸ ਮੌਕੇ ਵਰਲਡ ਸਿੱਖ ਪਾਰਲੀਮੈਂਟ ਦੇ ਨੁਮਾਇੰਦਿਆਂ ਨੇ ਕਿਹਾ ਕਿ, ‘‘ਅਸੀਂ ਕਾਂਗਰਸਮੈਨ ਰਿਚਰਡ ਨੀਲ ਅਤੇ ਨਾਲ ਹੀ ਸਟੇਟ ਅਤੇ ਸਿਟੀ ਦੇ ਬਾਕੀ ਨੁਮਾਇੰਦਿਆਂ ਦਾ ਧੰਨਵਾਦ ਕਰਦੇ ਹਾਂ, ਜਿਨ੍ਹਾਂ ਵਲੋਂ ਸਿੱਖਾਂ ਨੂੰ ਨਿਆਰੇ ਧਰਮ ਵਜੋਂ ਮਾਨਤਾ ਦਿੱਤੀ ਜਾ ਰਹੀ ਹੈ ਅਤੇ ਸਿੱਖਾਂ ਦੇ ਇਤਿਹਾਸਿਕ ਦਿਹਾੜਿਆਂ ’ਤੇ ਹੌਂਸਲਾ ਦੇ ਕੇ ਸਦਾ ਉਨ੍ਹਾਂ ਦਾ ਮਾਣ ਵਧਾਇਆ ਹੈ।’’ ਅਮਰੀਕਾ ਵਰਗੇ ਦੇਸ਼ ਵਿਚ ਰਹਿਣ ਵਾਲੇ ਲੋਕਾਂ ਨੂੰ ਪੂਰੀ ਧਾਰਮਿਕ ਅਜ਼ਾਦੀ ਅਤੇ ਮਨੁੱਖੀ ਅਧਿਕਾਰਾਂ ਨੂੰ ਸੰਵਿਧਾਨ ਦੇ ਤਹਿਤ ਸੁਰੱਖਿਆ ਪ੍ਰਾਪਤ ਹੈ । ਇਥੇ ਮੌਜੂਦ ਸਿੱਖ ਆਗੂਆਂ ਨੇ ਕਿਹਾ ਕਿ ਜਿਥੇ ਇੰਡੀਆ ਵਿਚ ਥਾਂ-ਥਾਂ ’ਤੇ ਸਿੱਖਾਂ ਨੂੰ ਜਲੀਲ ਕੀਤਾ ਜਾਂਦਾ ਹੈ ਅਤੇ ਹੁਣੇ ਹਿਮਾਚਲ ਪ੍ਰਦੇਸ਼ ਅਤੇ ਉਸ ਤੋਂ ਪਹਿਲਾਂ ਦਿੱਲੀ ਵਿਚ ਨਿਸ਼ਾਨ ਸਾਹਿਬ ਦੀ ਬੇਅਦਬੀ ਕੀਤੀ ਗਈ, ਉਥੇ ਹੀ ਵਿਦੇਸ਼ਾਂ ਵਿਚ ਸਿੱਖ ਕੌਮ, ਜੋ ਹਮੇਸ਼ਾ ਮਨੁੱਖਤਾ ਦੀ ਸੇਵਾ ਵਿਚ ਮੋਹਰੀ ਰੋਲ ਨਿਭਾਉਂਦੀ ਹੈ, ਨੂੰ ਬਹੁਤ ਮਾਣ ਸਤਿਕਾਰ ਦਿਤਾ ਜਾਂਦਾ ਹੈ। ਸਿੱਖ ਨਿਸ਼ਾਨ ਸਾਹਿਬ ਨੂੰ ਅਮਰੀਕਨ ਝੰਡੇ ਦੇ ਬਰਾਬਰ ਝੁਲਾ ਕੇ ਸਮੁੱਚੀ ਕੌਮ ਦਾ ਮਾਣ ਵਧਾਇਆ ਜਾ ਰਿਹਾ ਹੈ। ਸਿੱਖ ਕੋਆਰਡੀਨੇਸ਼ਨ ਕਮੇਟੀ ਦੇ ਅਤੇ ਅਮੈਰਿਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨੇ ਮੈਸਾਚਿਊਸਟਸ ਸਟੇਟ ਦੇ ਦੋ ਸ਼ਹਿਰਾਂ ਵਿੱਚ ਨਿਸ਼ਾਨ ਸਾਹਿਬ ਚੜਾਏ ਜਾਣ ’ਤੇ ਖੁਸ਼ੀ ਜ਼ਾਹਰ ਕਰਦਿਆਂ ਅਮਰੀਕਾ ਭਰ ਦੇ ਸਿੱਖਾਂ ਨੂੰ ਮੁਬਾਰਕਬਾਦ ਦਿੱਤੀ। ਇਸ ਸਮਾਗਮ ਵਿਚ ਬੋਸਟਨ ਅਤੇ ਕਨੈਕਟੀਕਟ ਤੋਂ ਬਹੁਤ ਸਾਰੇ ਸਿੱਖ ਲੀਡਰਾਂ ਨੇ ਹਿੱਸਾ ਲਿਆ। ਇਸ ਮੌਕੇ ਸਥਾਨਕ ਗੁਰਨਿੰਦਰ ਸਿੰਘ ਧਾਲੀਵਾਲ, ਹਿੰਮਤ ਸਿੰਘ, ਸ. ਭਗਤ ਸਿੰਘ ਪੈਨਸਿਲਵੇਨੀਆ, ਸ. ਬਲਜਿੰਦਰ ਸਿੰਘ ਨਿਊਯਾਰਕ, ਸ ਹਰਜਿੰਦਰ ਸਿੰਘ, ਡਾ. ਪ੍ਰਿਤਪਾਲ ਸਿੰਘ, ਸ. ਜੋਗਾ ਸਿੰਘ, ਮਨਪ੍ਰੀਤ ਸਿੰਘ, ਸਵਰਨਜੀਤ ਸਿੰਘ ਖਾਲਸਾ ਆਦਿ ਹਾਜ਼ਰ ਸਨ।

You must be logged in to post a comment Login