ਮੁੰਬਈ, 27 ਜੂਨ- ਵਿਸ਼ਵ ਕ੍ਰਿਕਟ ਕੌਂਸਲ(ਆਈਸੀਸੀ) ਨੇ ਇਕ ਦਿਨਾਂ ਵਿਸ਼ਵ ਕੱਪ ਕ੍ਰਿਕਟਦੇ ਪ੍ਰੋਗਰਾਮ ਦਾ ਐਲਾਨ ਕਰ ਦਿੱਤਾ ਹੈ। ਇਸ ਤਹਿਤ ਅਹਿਮਦਾਬਾਦ ਵਿੱਚ 15 ਅਕਤੂਬਰ ਨੂੰ ਭਾਰਤ ਅਤੇ ਪਾਕਿਸਤਾਨ ਵਿਚਾਲ ਮੈਚ ਹੋਵੇਗਾ। ਵਿਸ਼ਵ ਕੱਪ ਫਾਈਨਲ 19 ਨਵੰਬਰ ਨੂੰ ਅਹਿਮਦਾਬਾਦ ਵਿੱਚ, ਸੈਮੀਫਾਈਨਲ ਮੁੰਬਈ ਅਤੇ ਕੋਲਕਾਤਾ ਵਿੱਚ ਕ੍ਰਮਵਾਰ 15 ਅਤੇ 16 ਨਵੰਬਰ ਨੂੰ ਹੋਣਗੇ। ਟੂਰਨਾਮੈਂਟ ਦੀ ਸ਼ੁਰੂਆਤ 5 ਅਕਤੂਬਰ ਨੂੰ ਮੌਜੂਦਾ ਚੈਂਪੀਅਨ ਇੰਗਲੈਂਡ ਅਤੇ ਉਪ ਜੇਤੂ ਨਿਊਜ਼ੀਲੈਂਡ ਵਿਚਾਲੇ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ‘ਚ ਹੋਣ ਵਾਲੇ ਮੁਕਾਬਲੇ ਨਾਲ ਹੋਵੇਗੀ, ਜੋ 1,32,000 ਦਰਸ਼ਕਾਂ ਦੀ ਬੈਠਣ ਦੀ ਸਮਰੱਥਾ ਵਾਲਾ ਦੁਨੀਆ ਦਾ ਸਭ ਤੋਂ ਵੱਡਾ ਸਟੇਡੀਅਮ ਹੈ। ਮੇਜ਼ਬਾਨ ਭਾਰਤ ਆਪਣੀ ਮੁਹਿੰਮ ਦੀ ਸ਼ੁਰੂਆਤ 8 ਅਕਤੂਬਰ ਨੂੰ ਚੇਨਈ ‘ਚ ਆਸਟਰੇਲੀਆ ਖਿਲਾਫ ਮੁਕਾਬਲੇ ਨਾਲ ਕਰੇਗਾ। ਟੂਰਨਾਮੈਂਟ ਦੌਰਾਨ ਕੁੱਲ 10 ਥਾਵਾਂ ਹੈਦਰਾਬਾਦ, ਅਹਿਮਦਾਬਾਦ, ਧਰਮਸ਼ਾਲਾ, ਦਿੱਲੀ, ਚੇਨਈ, ਲਖਨਊ, ਪੁਣੇ, ਬੰਗਲੌਰ, ਮੁੰਬਈ ਅਤੇ ਕੋਲਕਾਤਾ ਮੈਚਾਂ ਦੀ ਮੇਜ਼ਬਾਨੀ ਕਰਨਗੇ। ਹੈਦਰਾਬਾਦ ਤੋਂ ਇਲਾਵਾ ਗੁਹਾਟੀ ਅਤੇ ਤਿਰੂਵਨੰਤਪੁਰਮ 29 ਸਤੰਬਰ ਤੋਂ 3 ਅਕਤੂਬਰ ਤੱਕ ਅਭਿਆਸ ਖੇਡਾਂ ਦੀ ਮੇਜ਼ਬਾਨੀ ਕਰਨਗੇ। ਇਸ ਸਾਲ ਦੇ ਵਿਸ਼ਵ ਕੱਪ ਵਿੱਚ 10 ਟੀਮਾਂ ਹੋਣਗੀਆਂ।

You must be logged in to post a comment Login