ਇਜ਼ਰਾਈਲ-ਇਰਾਨ ‘ਚ ਟਕਰਾਅ ਵਧਣ ਮਗਰੋਂ ਟਰੰਪ G7 ਵਾਰਤਾ ਅੱਧ ਵਿਚਾਲੇ ਛੱਡ ਕੇ ਰਵਾਨਾ

ਇਜ਼ਰਾਈਲ-ਇਰਾਨ ‘ਚ ਟਕਰਾਅ ਵਧਣ ਮਗਰੋਂ ਟਰੰਪ G7 ਵਾਰਤਾ ਅੱਧ ਵਿਚਾਲੇ ਛੱਡ ਕੇ ਰਵਾਨਾ

ਕਨਾਨਸਕੀ, 17 ਜੂਨ : ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਇਜ਼ਰਾਈਲ ਤੇ ਇਰਾਨ ਵਿਚ ਟਕਰਾਅ ਵਧਣ ਮਗਰੋਂ ਜੀ7 ਸਿਖਰ ਸੰਮੇਲਨ ਅੱਧ ਵਿਚਾਲੇ ਛੱਡ ਕੇ ਇਕ ਦਿਨ ਪਹਿਲਾਂ ਹੀ ਇਥੋਂ ਰਵਾਨਾ ਹੋ ਰਹੇ ਹਨ। ਉਝ ਅਮਰੀਕੀ ਆਗੂ ਨੇ ਆਪਣੇ ਸੰਬੋਧਨ ਵਿਚ ਐਲਾਨ ਕੀਤਾ ਕਿ ਤਹਿਰਾਨ ਨੂੰ ਫੌਰੀ ਖਾਲੀ ਕਰ ਦੇਣਾ ਚਾਹੀਦਾ ਹੈ। ਅਮਰੀਕੀ ਸਦਰ ਨੇ ਇਰਾਨ ਨੂੰ ਆਪਣੇ ਪ੍ਰਮਾਣੂ ਪ੍ਰੋਗਰਾਮ ਦੀ ਲਗਾਮ ਕੱਸ ਕੇ ਰੱਖਣ ਦੀ ਹਦਾਇਤ ਕੀਤੀ। ਆਲਮੀ ਆਗੂ ਕੈਨੇਡਾ ਵਿਚ ਆਲਮੀ ਦਬਾਅ ਬਿੰਦੂਆਂ ਦੀ ਇਕ ਲੜੀ ਨੂੰ ਘੱਟ ਕਰਨ ਦੇ ਇਰਾਦੇ ਨਾਲ ਖਾਸ ਟੀਚੇ ਤਹਿਤ ਇਕੱਤਰ ਹੋਏ ਸਨ, ਪਰ ਇਰਾਨ ਦੇ ਪ੍ਰਮਾਣੂ ਪ੍ਰੋਗਰਾਮ ਨੂੰ ਲੈ ਕੇ ਟਕਰਾਅ ਕਰਕੇ ਇਸ ਵਿਚ ਅੜਿੱਕਾ ਪਿਅ। ਇਜ਼ਰਾਈਲ ਤੇ ਇਰਾਨ ਵਿਚ ਜਾਰੀ ਟਕਰਾਅ ਖ਼ਤਰਨਾਕ ਤੇ ਬੇਲਗਾਮ ਤਰੀਕੇ ਨਾਲ ਵੱਧ ਸਕਦਾ ਹੈ। ਇਜ਼ਰਾਈਲ ਨੇ ਚਾਰ ਦਿਨ ਪਹਿਲਾਂ ਇਰਾਨ ਖਿਲਾਫ਼ ਹਵਾਈ ਹਮਲੇ ਸ਼ੁਰੂ ਕੀਤੇ ਹਨ। ਸਿਖਰ ਵਾਰਤਾ ਦੌਰਾਨ ਟਰੰਪ ਨੇ ਚੇਤਾਵਨੀ ਦਿੰਤੀ ਕਿ ਤਹਿਰਾਨ ਨੂੰ ਆਪਣਾ ਪ੍ਰਮਾਣੂ ਪ੍ਰੋਗਰਾਮ ’ਤੇ ਲਗਾਮ ਕੱਸਣੀ ਚਾਹੀਦੀ ਹੈ, ਇਸ ਤੋਂ ਪਹਿਲਾਂ ਕਿ ‘ਬਹੁਤ ਦੇਰ’ ਹੋ ਜਾਵੇ। ਅਮਰੀਕੀ ਸਦਰ ਨੇ ਕਿਹਾ ਕਿ ਇਰਾਨੀ ਆਗੂ ‘ਗੱਲਬਾਤ ਕਰਨਾ ਚਾਹੁਣਗੇ’, ਪਰ ਉਨ੍ਹਾਂ ਕੋਲ ਆਪਣੀ ਪ੍ਰਮਾਣੂ ਇੱਛਾਵਾਂ ਬਾਰੇ ਸਹਿਮਤੀ ਬਣਾਉਣ ਲਈ 60 ਦਿਨ ਪਹਿਲਾਂ ਹੀ ਸਨ ਅਤੇ ਇਜ਼ਰਾਈਲ ਵੱਲੋਂ ਹਵਾਈ ਹਮਲੇ ਕੀਤੇ ਜਾਣ ਤੋਂ ਪਹਿਲਾਂ ਉਹ ਅਜਿਹਾ ਕਰਨ ਵਿਚ ਨਾਕਾਮ ਰਹੇ। ਟਰੰਪ ਨੇ ਕਿਹਾ, ‘ਉਨ੍ਹਾਂ ਨੂੰ ਸਮਝੌਤਾ ਕਰਨਾ ਹੋਵੇਗਾ।’’ ਇਹ ਪੁੱਛਣ ’ਤੇ ਕਿ ਅਮਰੀਕਾ ਨੂੰ ਇਸ ਟਕਰਾਅ ਵਿਚ ਫੌਜੀ ਰੂਪ ਵਿਚ ਸ਼ਾਮਲ ਹੋਣ ਲਈ ਕੀ ਕਰਨਾ ਪਏਗਾ, ਤਾਂ ਟਰੰਪ ਨੇ ਸੋਮਵਾਰ ਸਵੇਰੇ ਕਿਹਾ, ‘‘ਮੈਂ ਇਸ ਬਾਰੇ ਗੱਲ ਨਹੀਂ ਕਰਨਾ ਚਾਹੁੰਦਾ।’’ ਇਜ਼ਰਾਈਲ ਨੇ ਹੁਣ ਤੱਕ ਕੀਤੇ ਹਮਲਿਆਂ ਵਿਚ ਇਰਾਨ ਦੇ ਕਈ ਪ੍ਰਮਾਣੂ ਪ੍ਰੋਗਰਾਮ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਹੈ, ਪਰ ਉਹ ਇਰਾਨ ਦੇ ਫੋਰਡੋ ਯੂਰੇਨੀਅਮ ਸੋਧਣ ਵਾਲੇ ਟਿਕਾਣੇ ਨੂੰ ਤਬਾਹ ਨਹੀਂ ਕਰ ਸਕਿਆ ਹੈ। ਇਹ ਥਾਂ ਬਹੁਤ ਗਹਿਰਾਈ ਵਿਚ ਦੱਬੀ ਹੋਈ ਹੈ ਤੇ ਇਸ ਨੂੰ ਤਬਾਹ ਕਰਨ ਲਈ ਇਜ਼ਰਾਈਲ ਨੂੰ 30,000 ਪਾਊਂਡ (14,000 ਕਿਲੋ) GBU-57 ਮੈਸਿਵ ਆਰਡਨੈਂਸ ਪੈਨੀਟਰੇਟਰ ਦੀ ਲੋੜ ਪੈ ਸਕਦੀ ਹੈ। ਇਹ ਅਮਰੀਕੀ ਬੰਕਰ ਬਸਟਿੰਗ ਬੰਬ ਹੈ, ਜੋ ਆਪਣੇ ਵਜ਼ਨ ਤੇ ਤਾਕਤ ਦੀ ਵਰਤੋਂ ਕਰਕੇ ਡੂੰਘਾਈ ਵਿਚ ਦਬੇ ਟੀਚੇ ਤੱਕ ਪਹੁੰਚਦਾ ਹੈ। ਇਜ਼ਰਾਈਲ ਕੋਲ ਇਸ ਕੰਮ ਲਈ ਲੋੜੀਂਦਾ ਗੋਲਾ ਬਾਰੂਦ ਜਾਂ ਬੰਬਰ ਨਹੀਂ ਹੈ। ਮੌਜੂਦਾ ਸਮੇਂ ਪੈਨੀਟਰੇਟਰ ਨੂੰ B-2 ਸਟੀਲਥ ਬੰਬਰ ਦੀ ਮਦਦ ਨਾਲ ਪਹੁੰਚਾਇਆ ਜਾਂਦਾ ਹੈ।

You must be logged in to post a comment Login