ਯੇਰੂਸ਼ਲਮ, 25 ਅਗਸਤ- ਇਜ਼ਰਾਈਲ ਨੇ ਐਤਵਾਰ ਤੜਕੇ ਦੱਖਣੀ ਲਿਬਨਾਨ ਵਿਚ ਹਵਾਈ ਹਮਲੇ ਕਰਕੇ ਦਹਿਸ਼ਤੀ ਸਮੂਹ ਹਿਜ਼ਬੁੱਲ੍ਹਾ ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ। ਹਾਲਾਂਕਿ ਇਨ੍ਹਾਂ ਹਮਲਿਆਂ ਤੋਂ ਕੁਝ ਦੇਰ ਬਾਅਦ ਹਿਜ਼ਬੁੱਲਾ ਨੇ ਵੀ ਆਪਣੇ ਇਕ ਸਿਖਰਲੇ ਕਮਾਂਡਰ ਫੁਆਦ ਸ਼ੁਕੂਰ ਦੀ ਹੱਤਿਆ ਦਾ ਬਦਲਾ ਲੈਣ ਲਈ ਇਜ਼ਰਾਈਲ ’ਤੇ ਸੈਂਕੜੇ ਰਾਕੇਟਾਂ ਤੇ ਡਰੋਨਾਂ ਨਾਲ ਹਮਲਾ ਕਰ ਦਿੱਤਾ। ਇਨ੍ਹਾਂ ਹਮਲਿਆਂ ਕਰਕੇ ਜਿੱਥੇ ਖਿੱਤੇ ਵਿਚ ਅਮਰੀਕਾ, ਇਰਾਨ ਤੇ ਖੇਤਰ ਦੇ ਦਹਿਸ਼ਤੀ ਸਮੂਹਾਂ ਵਿਚਾਲੇ ਵੱਡੀ ਜੰਗ ਲੱਗਣ ਦਾ ਖ਼ਤਰਾ ਵਧ ਗਿਆ ਹੈ, ਉਥੇ ਪਿਛਲੇ ਦਸ ਮਹੀਨਿਆਂ ਤੋਂ ਗਾਜ਼ਾ ਵਿਚ ਜੰਗਬੰਦੀ ਸਮਝੌਤੇ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਨੂੰ ਸੱਟ ਵੱਜ ਸਕਦੀ ਹੈ। ਇਜ਼ਰਾਇਲੀ ਫੌਜ ਨੇ ਕਿਹਾ ਕਿ ਹਿਜ਼ਬੁੱਲ੍ਹਾ ਵੱਲੋਂ ਇਜ਼ਰਾਈਲ ਵੱਲ ਰਾਕੇਟ ਤੇ ਮਿਜ਼ਾਈਲਾਂ ਨਾਲ ਹਮਲਾ ਕੀਤੇ ਜਾਣ ਦੀਆਂ ਵਿਉਂਤਾਂ ਘੜੀਆਂ ਜਾ ਰਹੀਆਂ ਸਨ। ਹਾਲਾਂਕਿ ਕੁਝ ਦੇਰ ਮਗਰੋਂ ਹਿਜ਼ਬੁੱਲ੍ਹਾ ਨੇ ਇਜ਼ਰਾਈਲ ਦੇ ਫੌਜੀ ਟਿਕਾਣਿਆਂ ’ਤੇ ਹਮਲੇ ਦਾ ਐਲਾਨ ਕਰ ਦਿੱਤਾ। ਦੋਵਾਂ ਧਿਰਾਂ ਵੱਲੋਂ ਇਹ ਹਮਲੇ ਅਜਿਹੇ ਮੌਕੇ ਕੀਤੇ ਗਏ ਹਨ ਜਦੋਂ ਇਜ਼ਰਾਈਲ-ਹਮਾਸ ਜੰਗ ਦੇ ਖਾਤਮੇ ਲਈ ਮਿਸਰ ਗੱਲਬਾਤ ਦੇ ਇਕ ਹੋਰ ਗੇੜ ਦੀ ਮੇਜ਼ਬਾਨੀ ਕਰ ਰਿਹਾ ਹੈ। ਹਿਜ਼ਬੁੱਲ੍ਹਾ ਨੇ ਕਿਹਾ ਸੀ ਕਿ ਜੇ ਗਾਜ਼ਾ ਵਿਚ ਜੰਗਬੰਦੀ ਹੁੰਦੀ ਹੈ ਤਾਂ ਉਹ ਜੰਗ ਰੋਕਣ ਲਈ ਤਿਆਰ ਹੈ। ਉਧਰ ਇਰਾਨ ਵੱਲੋਂ ਹਮਾਸ ਤੇ ਹਿਜ਼ਬੁੱਲ੍ਹਾ ਦੋਵਾਂ ਜਥੇਬੰਦੀਆਂ ਦੇ ਨਾਲ ਸੀਰੀਆ, ਇਰਾਕ ਤੇ ਯਮਨ ਵਿਚ ਦਹਿਸ਼ਤਗਰਦਾਂ ਦੀ ਹਮਾਇਤ ਕੀਤੀ ਜਾ ਰਹੀ ਹੈ। ਹਿਜ਼ਬੁੱਲ੍ਹਾ ਵੱਲੋਂ ਹਮਲਿਆਂ ਦੇ ਕੀਤੇ ਐਲਾਨ ਮਗਰੋਂ ਪੂਰੇ ਉੱਤਰੀ ਇਜ਼ਰਾਈਲ ਵਿਚ ਸਾਇਰਨ ਵੱਜਦੇ ਰਹੇ ਤੇ ਇਜ਼ਰਾਈਲ ਦੇ ਬੈਨ-ਗੁਰੀਅਨ ਕੌਮਾਂਤਰੀ ਹਵਾਈ ਅੱਡੇ ’ਤੇ ਆਉਣ ਵਾਲੀਆਂ ਉਡਾਣਾਂ ਨੂੰ ਹੋਰ ਪਾਸੇ ਡਾਇਵਰਟ ਕਰਨਾ ਪਿਆ ਤੇ ਕੁਝ ਦੇਰ ਲਈ ਜਹਾਜ਼ਾਂ ਨੂੰ ਉਡਾਣ ਭਰਨ ਤੋਂ ਰੋਕ ਦਿੱਤਾ। ਰੀਅਰ ਐਡਮਿਰਲ ਡੈਨੀਅਲ ਹਗਾਰੀ ਨੇ ਕਿਹਾ ਕਿ ਦਰਜਨਾਂ ਜੰਗੀ ਜਹਾਜ਼ਾਂ ਨੇ ਦੱਖਣੀ ਲਿਬਨਾਨ ਵਿਚ ਹਿਜ਼ਬੁੱਲ੍ਹਾ ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ। ਉਨ੍ਹਾਂ ਕਿਹਾ ਕਿ ਹਵਾਈ ਸੈਨਾ, ਜੰਗੀ ਬੇੜਿਆਂ ਤੇ ਜੰਗੀ ਜਹਾਜ਼ਾਂ ਵੱਲੋਂ ਇਜ਼ਰਾਈਲ ਦੇ ਹਵਾਈ ਖੇਤਰ ਦੀ ਸੁਰੱਖਿਆ ਕੀਤੀ ਜਾ ਰਹੀ ਹੈ। ਉਧਰ ਹਿਜ਼ਬੁੱਲ੍ਹਾ ਨੇ ਉੱਤਰੀ ਇਜ਼ਰਾਈਲ ਵਿਚ 11 ਫੌਜੀ ਅੱਡਿਆਂ, ਬੈਰਕਾਂ ਤੇ ਹੋਰ ਟਿਕਾਣਿਆਂ ਦੇ ਨਾਲ ਗੋਲਾਨ ਪਹਾੜੀਆਂ ਨੂੰ ਵੀ ਨਿਸ਼ਾਨਾ ਬਣਾਇਆ। ਦਹਿਸ਼ਤੀ ਸਮੂਹ ਨੇ ਹਮਲਿਆਂ ਲਈ 320 ਕਾਤਯੁਸ਼ਾ ਰਾਕੇਟਾਂ ਦੀ ਵਰਤੋਂ ਕੀਤੀ। ਇਸ ਦੌਰਾਨ ਅਮਰੀਕਾ ਦੀ ਕੌਮੀ ਸੁਰੱਖਿਆ ਕੌਂਸਲ ਦੇ ਤਰਜਾਨ ਸ਼ੀਨ ਸਾਵੇਤ ਨੇ ਕਿਹਾ ਕਿ ਰਾਸ਼ਟਰਪਤੀ ਜੋਅ ਬਾਇਡਨ ਨੇ ਇਜ਼ਰਾਈਲ ਤੇ ਲਿਬਨਾਨ ਦੇ ਘਟਨਾਕ੍ਰਮ ’ਤੇ ਨੇੜਿਓਂ ਨਜ਼ਰ ਬਣਾਈ ਹੋਈ ਹੈ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੇ ਦਫ਼ਤਰ ਨੇ ਕਿਹਾ ਕਿ ਉਹ ਤੇ ਰੱਖਿਆ ਮੰਤਰੀ ਯੋਆਵ ਗੈਲੇਂਟ ਤਲ ਅਵੀਵ ਵਿਚ ਫੌਜੀ ਹੈੱਡਕੁਆਰਟਰ ਤੋਂ ਇਸ ਅਪਰੇਸ਼ਨ ਦਾ ਪ੍ਰਬੰਧ ਕਰ ਰਹੇ ਹਨ।
Share on Facebook
Follow on Facebook
Add to Google+
Connect on Linked in
Subscribe by Email
Print This Post

You must be logged in to post a comment Login