ਇਨਸਾਫ਼ ਮੰਗਦੇ ਸਿੱਖਾਂ ਤੇ ਹਕੂਮਤੀ ਜਬਰ ਕਰਨ ਲਈ ਡਾਇਸਪੋਰਾ ਸਿੱਖਾਂ ਵੱਲੋਂ ਭਗਵੰਤ ਮਾਨ ਸਰਕਾਰ ਨੂੰ ਤਾੜਨਾ

ਇਨਸਾਫ਼ ਮੰਗਦੇ ਸਿੱਖਾਂ ਤੇ ਹਕੂਮਤੀ ਜਬਰ ਕਰਨ ਲਈ ਡਾਇਸਪੋਰਾ ਸਿੱਖਾਂ ਵੱਲੋਂ ਭਗਵੰਤ ਮਾਨ ਸਰਕਾਰ ਨੂੰ ਤਾੜਨਾ
  • ਸਿੱਖ ਸੰਗਤਾਂ ਤੇ ਜ਼ੁਲਮ ਕਰਨੋਂ ਬਾਜ ਨਾ ਆਉਣ ਤੇ ਆਮ ਆਦਮੀ ਪਾਰਟੀ ਨੂੰ ਵਿਦੇਸ਼ਾਂ ਵਿੱਚ ਕਰਨਾ ਪਵੇਗਾ ਵਿਰੋਧ ਦਾ ਸਾਹਮਣਾ- ਸਿੱਖ ਕੋਆਰਡੀਨੇਸ਼ਨ ਕਮੇਟੀ USA

ਸਿਨਸਿਨਾਟੀ, 8 ਫਰਵਰੀ,  (ਸ. ਹਰਜਿੰਦਰ ਸਿੰਘ) : ਅੱਜ ਕੌਮੀ ਇਨਸਾਫ਼ ਮੋਰਚੇ ਵੱਲੋਂ ਸ਼ਾਤਮਈ ਰੋਸ ਪਰਦਰਸ਼ਨ ਕਰਦੇ ਮੁੱਖ ਮੰਤਰੀ ਦੀ ਕੋਠੀ ਵੱਲ ਜਾ ਰਹੇ ਤੀਜੇ ਜਥੇ ਨੂੰ ਪੰਜਾਬ ਅਤੇ ਚੰਡੀਗੜ ਦੀ ਜਾਲਮ ਪੁਲਿਸ ਵੱਲੋਂ ਜਿਸ ਤਰਾਂ ਲਾਠੀਚਾਰਜ ਕਰਕੇ ਤੇ ਜਲ ਤੋਪਾਂ ਦਾ ਨਿਸ਼ਾਨਾ ਬਣਾਇਆ ਗਿਆ ਇਹ ਅੱਤ ਘਿਨਾਉਣਾ ਤੇ ਇਨਸਾਫ਼ ਮੰਗਦੇ ਲੋਕਾਂ ਦੀ ਅਵਾਜ ਨੂੰ ਜਬਰ ਨਾਲ ਦਬਾਉਣ ਵਾਲਾ ਕਾਰਾ ਹੈ। ਇਕ ਪਾਸੇ ਤਾਂ ਪ੍ਰਸ਼ਾਸਨ ਵੱਲੋਂ ਕੌਮੀ ਇਨਸਾਫ਼ ਮੋਰਚੇ ਦੇ ਪ੍ਰਬੰਧਕਾਂ ਨਾਲ ਰਾਬਤਾ ਬਨਾਉਣ ਦੀ ਗੱਲ ਕੀਤੀ ਗਈ ਤੇ ਦੂਜੇ ਪਾਸੇ ਮੰਦਭਾਵਨਾ ਤਹਿਤ ਪਲੈਨਿੰਗ ਨਾਲ ਗੁੰਡਾ ਅਨਸਰਾਂ ਨੂੰ ਲਿਆ ਕੇ ਸਿੱਖ ਸੰਗਤਾਂ ਤੇ ਪਥਰਾਅ ਕਰਵਾ ਕੇ ਉਕਸਾਉਣ ਦੀ ਕੋਸ਼ਿਸ਼ ਕੀਤੀ ਗਈ, ਅਤੇ ਚੰਡੀਗੜ ਪੁਲੀਸ ਦੀ ਭਾਈਵਾਲ ਬਣ ਪੰਜਾਬ ਪੁਲਿਸ ਵੱਲੋਂ ਬਜ਼ੁਰਗਾਂ, ਬੀਬੀਆਂ ਤੇ ਬੱਚਿਆਂ ਨੂੰ ਰਸਤਾ ਰੋਕ ਕੇ ਵੱਧ ਤੋਂ ਵੱਧ ਤਸ਼ੱਦਦ ਦਾ ਸ਼ਿਕਾਰ ਬਣਾਇਆ ਗਿਆ। ਈਸਟ ਕੋਸਟ ਦੇ ਗੁਰਦੁਆਰਿਆਂ ਦੀ ਨੁਮਾਇੰਦਗੀ ਕਰਨ ਵਾਲੀ ਸਿੱਖ ਕੋਆਰਡੀਨੇਸ਼ਨ ਕਮੇਟੀ, ਪੰਜਾਬ ਦੀ ਭਗਵੰਤ ਮਾਨ ਅਤੇ ਕੇਂਦਰ ਸਰਕਾਰਾਂ ਨੂੰ ਇਹ ਯਾਦ ਕਰਵਾਉਣਾ ਚਾਹੁੰਦੀ ਹੈ ਕਿ ਸਿੱਖ ਕੌਮ ਨੂੰ ਮੁਗਲੀਆ ਸਲਤਨਤ ਦੇ ਜ਼ੁਲਮ ਵੀ ਦਬਾ ਨਹੀਂ ਸਨ ਸਕੇ ਸਗੋਂ ਸਿੰਘ ਦੂਣ ਸਵਾਏ ਹੋਕੇ ਸਾਹਮਣੇ ਆਉਂਦੇ ਰਹੇ।
ਭਗਵੰਤ ਮਾਨ ਅਤੇ ਕੇਜਰੀਵਾਲ ਦੀਆਂ 92 ਕਠਪੁਤਲੀਆਂ
ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਅਨੁਸਾਰ ਪੰਜਾਬ ਅਸੰਬਲੀ ਵਿੱਚ ਬੇਅਦਬੀਆਂ ਤੇ ਬੰਦੀ ਸਿੰਘਾਂ ਲਈ ਮਤਾ ਪਾਸ ਕਰਨ ਦੀ ਬਜਾਏ ਪਿਛਲੀਆਂ ਸਰਕਾਰਾਂ ਵਾਂਗ ਜ਼ੁਲਮ ਕਰਨ ਦੇ ਰਾਹ ਪੈ ਗਏ ਲੱਗਦੇ ਹਨ। ਇਹਨਾਂ 92 ਕਠਪੁਤਲੀ ਐਮ ਐਲ ਏ ਨੂੰ ਪੰਜਾਬ ਵਿੱਚ ਘੇਰ ਕੇ ਸਵਾਲ ਕੀਤੇ ਜਾਣ ਅਤੇ ਪਿੰਡਾਂ ਸ਼ਹਿਰਾਂ ਵਿੱਚ ਵਿਰੋਧ ਕੀਤਾ ਜਾਵੇ। ਕੋਆਰਡੀਨੇਟਰ ਭਾਈ ਹਿੰਮਤ ਸਿੰਘ ਨੇ ਸਰਕਾਰਾਂ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਪਹਿਲੀਆਂ ਸਰਕਾਰਾਂ ਦਾ ਹਸ਼ਰ ਵੇਖ ਕੇ ਭਗਵੰਤ ਮਾਨ ਨੂੰ ਬਾਜ ਆ ਜਾਣਾ ਚਾਹੀਦਾ ਹੈ ਨਹੀਂ ਤਾਂ ਆਉਣ ਵਾਲੇ ਸਮੇਂ ਵਿੱਚ ਦੁਨੀਆ ਭਰ ਦੇ ਸਿੱਖਾਂ ਦੇ ਰੋਹ ਦਾ ਸਾਹਮਣਾ ਕਰਨ ਲਈ ਤਿਆਰ ਰਹਿਣਾ ਪਵੇਗਾ।

You must be logged in to post a comment Login