ਇਮਰਾਨ ਖ਼ਾਨ ਇਸਲਾਮਾਬਾਦ ਹਾਈ ਕੋਰਟ ਦੇ ਬਾਹਰੋਂ ਗ੍ਰਿਫ਼ਤਾਰ

ਇਮਰਾਨ ਖ਼ਾਨ ਇਸਲਾਮਾਬਾਦ ਹਾਈ ਕੋਰਟ ਦੇ ਬਾਹਰੋਂ ਗ੍ਰਿਫ਼ਤਾਰ

ਇਸਲਾਮਾਬਾਦ, 9 ਮਈ- ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਅੱਜ ਪਾਕਿਸਤਾਨ ਰੇਂਜਰਜ਼ ਨੇ ਕੌਮੀ ਭ੍ਰਿਸ਼ਟਾਚਾਰ ਬਿਊਰੋ ਦੇ ਹੁਕਮ ’ਤੇ ਉਦੋਂ ਗ੍ਰਿਫਤਾਰ ਕਰ ਲਿਆ, ਜਦੋਂ ਉਹ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਸੁਣਵਾਈ ਲਈ ਇਸਲਾਮਾਬਾਦ ਹਾਈ ਕੋਰਟ ਵਿੱਚ ਮੌਜੂਦ ਸਨ। ਇਕ ਦਿਨ ਪਹਿਲਾਂ ਖਾਨ ਨੇ ਦੇਸ਼ ਦੀ ਫੌਜ ‘ਤੇ ਕਥਿਤ ਤੌਰ ‘ਤੇ ਉਸ ਦੀ ਹੱਤਿਆ ਦੀ ਸਾਜ਼ਿਸ਼ ਰਚਣ ਦਾ ਦੋਸ਼ ਲਗਾਇਆ ਸੀ। ਉਨ੍ਹਾਂ ਦੀ ਪਾਰਟੀ ਨੇ 70 ਸਾਲਾ ਕ੍ਰਿਕਟਰ ਤੋਂ ਸਿਆਸਤਦਾਨ ਬਣੇ ਦੀ ਗ੍ਰਿਫਤਾਰੀ ਦੀ ਪੁਸ਼ਟੀ ਕੀਤੀ ਹੈ। ਪਾਰਟੀ ਦੀ ਸੀਨੀਅਰ ਆਗੂ ਸ਼ੀਰੀਨ ਮਜ਼ਾਰੀ ਮੁਤਾਬਕ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਪਾਰਟੀ ਦੇ ਚੇਅਰਮੈਨ, ਜੋ ਲਾਹੌਰ ਤੋਂ ਸੰਘੀ ਰਾਜਧਾਨੀ ਇਸਲਾਮਾਬਾਦ ਪਹੁੰਚੇ ਸਨ, ਦੀ ਅਦਾਲਤ ਵਿੱਚ ਬਾਇਓਮੈਟ੍ਰਿਕ ਪ੍ਰਕਿਰਿਆ ਚੱਲ ਰਹੀ ਸੀ, ਜਦੋਂ ਰੇਂਜਰਾਂ ਨੇ ਖਿੜਕੀ ਦਾ ਸ਼ੀਸ਼ਾ ਤੋੜ ਦਿੱਤਾ ਅਤੇ ਵਕੀਲਾਂ ਤੇ ਇਮਰਾਨ ਦੇ ਸੁਰੱਖਿਆ ਅਮਲੇ ਦੀ ਕੁੱਟਮਾਰ ਕਰ ਦਿੱਤੀ। ਇਸ ਤੋਂ ਬਾਅਦ ਉਨ੍ਹਾਂ ਸਾਬਕਾ ਪ੍ਰਧਾਨ ਮੰਤਰੀ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਟੀਵੀ ਫੁਟੇਜ ਵਿੱਚ ਰੇਂਜਰ ਇਮਰਾਨ ਨੂੰ ਕਾਲਰ ਤੋਂ ਫੜ ਕੇ ਕੈਦੀ ਵਾਹਨ ਵਿੱਚ ਬਿਠਾਉਂਦੇ ਹੋਏ ਦਿਖਾਉਂਦੇ ਹਨ।

You must be logged in to post a comment Login