ਇੱਕ NRI ਪੰਜਾਬੀਆਂ ਦੇ 12,700 ਪਿੰਡਾਂ ਤੱਕ ਪਹੁੰਚਾਵੇਗਾ ਸਾਫ ਪਾਣੀ

ਇੱਕ NRI ਪੰਜਾਬੀਆਂ ਦੇ 12,700 ਪਿੰਡਾਂ ਤੱਕ ਪਹੁੰਚਾਵੇਗਾ ਸਾਫ ਪਾਣੀ

ਨਵੀਂ ਦਿੱਲੀ- ਪੰਜਾਬ ‘ਚ ਦੂਸ਼ਿਤ ਪਾਣੀ ਪੀਣ ਕਾਰਨ ਲੋਕ ਕੈਂਸਰ ਵਰਗੀਆਂ ਜਾਨਲੇਵਾ ਬੀਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਅਜਿਹੇ ਵਿੱਚ ਲੋਕਾਂ ਨੂੰ ਬਚਾਉਣ ਲਈ ਐੱਨ. ਆਰ. ਆਈ. ਪਰਮਜੀਤ ਸਿੰਘ ਅੱਗੇ ਆਏ ਹਨ, ਜੋ ਕਿ ਪੰਜਾਬ ਦੇ ਕਰੀਬ 12,700 ਪਿੰਡਾਂ ‘ਚ ਪਾਣੀ ਨੂੰ ਸਾਫ ਕਰਨ ਵਾਲੀਆਂ ਮਸ਼ੀਨਾਂ ਲਾਉਣ ਲਈ ਤਿਆਰ ਹਨ। ਪਰਮਜੀਤ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸਰਕਾਰ ਕੋਲੋਂ ਪੈਸਾ ਨਹੀਂ, ਸਿਰਫ ਮਸ਼ੀਨਾਂ ਲਾਉਣ ਦੀ ਮਨਜ਼ੂਰੀ ਚਾਹੀਦੀ ਹੈ ਤਾਂ ਜੋ ਲੋਕਾਂ ਦੀਆਂ ਕੀਮਤੀ ਜਾਨਾਂ ਨੂੰ ਬਚਾ ਸਕਣ। ਪਰਮਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਮਾਂ ਨਵਾਂਸ਼ਹਿਰ ਦੇ ਪਿੰਡ ਭਰੋਮਾਜਰਾ ‘ਚ ਰਹਿੰਦੀ ਸੀ ਅਤੇ ਉਹ ਖੁਦ ਕੈਨੇਡਾ ਰਹਿੰਦੇ ਸਨ। ਇਸ ਦੌਰਾਨ ਮਾਂ ਨੂੰ ਕੈਂਸਰ ਵਰਗੀ ਖਤਰਨਾਕ ਬੀਮਾਰੀ ਹੋ ਗਈ, ਜਿਸ ਤੋਂ ਬਾਅਦ ਪਰਮਜੀਤ ਆਪਣੀ ਮਾਂ ਨੂੰ ਕੈਨੇਡਾ ਲੈ ਗਏ। ਉੱਥੇ ਜਾਂਚ ਦੌਰਾਨ ਪਤਾ ਲੱਗਿਆ ਕਿ ਮਾਂ ਨੂੰ ਕੈਂਸਰ ਹੋਣ ਦਾ ਮੁੱਖ ਕਾਰਨ ਦੂਸ਼ਿਤ ਪਾਣੀ ਹੈ, ਜਿਸ ਕਾਰਨ ਕੈਨੇਡਾ ਵਰਗੇ ਵਿਕਸਿਤ ਦੇਸ਼ ‘ਚ ਵੀ ਉਹ ਆਪਣੀ ਮਾਂ ਨੂੰ ਬਚਾ ਨਹੀਂ ਸਕੇ।ਕਿਉਂਕਿ ਡਾਕਟਰਾਂ ਦਾ ਕਹਿਣਾ ਸੀ ਕਿ ਪਾਣੀ ਦੇ ਕਾਰਨ ਹੌਲੀ-ਹੌਲੀ ਉਨ੍ਹਾਂ ਦੀ ਮਾਂ ਦੀ ਬੀਮਾਰੀ ਇੰਨੀ ਵਧ ਗਈ ਹੈ, ਜਿਸ ਦਾ ਇਲਾਜ ਅਸੰਭਵ ਹੈ। ਇਸ ਤੋਂ ਬਾਅਦ ਉਨ੍ਹਾਂ ਦੀ ਮਾਂ ਦੀ ਮੌਤ ਹੋ ਗਈ। ਮਾਂ ਦੀ ਮੌਤ ਤੋਂ ਬਾਅਦ ਪਰਮਜੀਤ ਸਿੰਘ ਨੇ ਪ੍ਰਣ ਕਰ ਲਿਆ ਕਿ ਕੈਂਸਰ ਵਰਗੀ ਜਾਨਲੇਵਾ ਬੀਮਾਰੀ ਨਾਲ ਕੋਈ ਹੋਰ ਨਾ ਮਰੇ, ਇਸ ਲਈ ਉਹ ਪੰਜਾਬ ਦੇ ਲੋਕਾਂ ਨੂੰ ਸ਼ੁੱਧ ਪਾਣੀ ਮੁਹੱਈਆ ਕਰਾਉਣਗੇ। ਇਸ ਕੰਮ ‘ਚ ਕੁਝ ਸਾਥੀਆਂ ਨਾਲ ਮਿਲ ਕੇ ਉਨ੍ਹਾਂ ਨੇ ਅਜਿਹੀ ਮਸ਼ੀਨ ਤਿਆਰ ਕੀਤੀ। ਜੋ ਪਾਣੀ ‘ਚੋਂ ਸਾਰੀਆਂ ਬੀਮਾਰੀਆਂ ਦੇ ਕਣਾਂ ਨੂੰ ਨਸ਼ਟ ਕਰਕੇ ਉਸ ਨੂੰ ਸ਼ੁੱਧ ਕਰ ਦਿੰਦੀ ਹੈ। ਆਪਣੇ ਪਿੰਡ ਭਰੋਮਾਜਰਾ ‘ਚ ਪਾਣੀ ਨੂੰ ਸ਼ੁੱਧ ਕਰਨ ਦੀ ਪਰਮਜੀਤ ਸਿੰਘ ਨੇ ਇਹ ਮਸ਼ੀਨ ਲਵਾਈ, ਜਿਸ ‘ਤੇ 5 ਲੱਖ ਰੁਪਏ ਦਾ ਖਰਚਾ ਆਇਆ। ਪਰਮਜੀਤ ਸਿੰਘ ਨੇ ਦੱਸਿਆ ਕਿ ਇਸ ਕੰਮ ਲਈ ਉਨ੍ਹਾਂ ਨੇ ਡਿਪਟੀ ਕਮਿਸ਼ਨਰ ਤੱਕ ਪਹੁੰਚ ਕੀਤੀ ਪਰ ਕਿਸੇ ਨੇ ਅੱਗੇ ਵਧ ਕੇ ਉਨ੍ਹਾਂ ਦਾ ਸਾਥ ਨਹੀਂ ਦਿੱਤਾ, ਇਸ ਦੇ ਬਾਵਜੂਦ ਵੀ ਉਨ੍ਹਾਂ ਨੇ ਆਪਣੇ ਪਿੰਡ ‘ਚ ਇਹ ਮਸ਼ੀਨ ਇੰਸਟਾਲ ਕਰ ਦਿੱਤੀ ਤਾਂ ਜੋ ਲੋਕਾਂ ਨੂੰ ਸ਼ੁੱਧ ਪਾਣੀ ਮਿਲ ਸਕੇ। ਪਰਮਜੀਤ ਸਿੰਘ ਨੇ ਕਿਹਾ ਕਿ ਉਹ ਪੰਜਾਬ ਦੇ ਸਾਰੇ 12,700 ਪਿੰਡਾਂ ‘ਚ ਇਹ ਮਸ਼ੀਨ ਇੰਸਟਾਲ ਕਰਨ ਲਈ ਤਿਆਰ ਹਨ ਅਤੇ ਉਨ੍ਹਾਂ ਨੂੰ ਸਰਕਾਰ ਕੋਲੋਂ ਇੱਕ ਵੀ ਪੈਸਾ ਨਹੀਂ ਚਾਹੀਦਾ, ਸਗੋਂ ਸਿਰਫ ਇਨ੍ਹਾਂ ਮਸ਼ੀਨਾਂ ਨੂੰ ਇੰਸਟਾਲ ਕਰਨ ਦੀ ਮਨਜ਼ੂਰੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜਿਵੇਂ ਹੀ ਸਰਕਾਰ ਤੋਂ ਉਨ੍ਹਾਂ ਨੂੰ ਇਹ ਮਨਜ਼ੂਰੀ ਮਿਲ ਜਾਵੇਗੀ, ਉਹ ਪਿੰਡਾਂ ‘ਚ ਇਹ ਮਸ਼ੀਨ ਇੰਸਟਾਲ ਕਰਨਾ ਸ਼ੁਰੂ ਕਰ ਦੇਣਗੇ।

You must be logged in to post a comment Login