ਈਡੀ ਵੱਲੋਂ ਸਿਸੋਦੀਆ ਤੋਂ ਤਿਹਾੜ ਜੇਲ੍ਹ ਵਿੱਚ ਪੁੱਛ-ਪੜਤਾਲ

ਈਡੀ ਵੱਲੋਂ ਸਿਸੋਦੀਆ ਤੋਂ ਤਿਹਾੜ ਜੇਲ੍ਹ ਵਿੱਚ ਪੁੱਛ-ਪੜਤਾਲ

ਨਵੀਂ ਦਿੱਲੀ, 8 ਮਾਰਚ-ਐੱਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਆਬਕਾਰੀ ਨੀਤੀ ਕੇਸ ਵਿੱਚ ਕਥਿਤ ਬੇਨਿਯਮੀਆਂ ਨੂੰ ਲੈ ਕੇ ਵਿੱਢੀ ਮਨੀ ਲਾਂਡਰਿੰਗ ਦੀ ਜਾਂਚ ਦੀ ਕੜੀ ਵਜੋਂ ਅੱਜ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਤੋਂ ਤਿਹਾੜ ਜੇਲ੍ਹ ਵਿੱਚ ਪੰਜ ਘੰਟੇ ਦੇ ਕਰੀਬ ਪੁੱਛ-ਪੜਤਾਲ ਕੀਤੀ। ਸੰਘੀ ੲੇਜੰਸੀ ਨੇ ਸਿਸੋਦੀਆ ਨੂੰ ਸਵਾਲ ਜਵਾਬ ਕਰਨ ਤੋਂ ਇਲਾਵਾ ਉਨ੍ਹਾਂ ਦੇ ਬਿਆਨ ਵੀ ਕਲਮਬੰਦ ਕੀਤੇ। ਸਿਸੋਦੀਆ ਤੋਂ ਪੁੱਛਗਿੱਛ ਅਗਲੇ ਦਿਨੀਂ ਵੀ ਜਾਰੀ ਰਹੇਗੀ ਕਿਉਂਕਿ ਈਡੀ ਨੂੰ ਸਾਬਕਾ ਉਪ ਮੁੱਖ ਮੰਤਰੀ ਤੋਂ ਤਿਹਾੜ ਦੇ ਸੈੱਲ ਨੰਬਰ ਇਕ ਵਿੱਚ ਸਵਾਲ ਜਵਾਬ ਕਰਨ ਲਈ ਤਿੰਨ ਦਿਨ ਮਿਲੇ ਹਨ। ਇਸ ਦੌਰਾਨ ਈਡੀ ਨੇ ਇਸੇ ਕੇਸ ਵਿੱਚ ਹੈਦਰਾਬਾਦ ਆਧਾਰਿਤ ਸ਼ਰਾਬ ਕਾਰੋਬਾਰੀ ਅਰੁਣ ਰਾਮਚੰਦਰ ਪਿੱਲੈ ਨੂੰ ਹਿਰਾਸਤ ਵਿੱਚ ਲਿਆ ਹੈ। ਉਧਰ ਸੀਬੀਆਈ ਨੇ ਸਿਸੋਦੀਆ ਦੇ ਨਿੱਜੀ ਸਹਾਇਕ (ਪੀਏ) ਦੇਵੇਂਦਰ ਸ਼ਰਮਾ ਨੂੰ ਵੀ ਅੱਜ ਸਵਾਲ ਜਵਾਬ ਕੀਤੇ। ਸ਼ਰਮਾ ਉਰਫ਼ ਰਿੰਕੂ ਨੂੰ ਸੀਬੀਆਈ ਹੈੱਡਕੁਆਰਟਰ ਸੰਮਨ ਕੀਤਾ ਗਿਆ ਸੀ। ਤਿਹਾੜ ਜੇਲ੍ਹ ਪੁੱਜੇ ਈਡੀ ਤਫ਼ਤੀਸ਼ਕਾਰਾਂ ਨੇ ਪੀਐੱਮਐੱਲਏ ਤਹਿਤ ਸਿਸੋਦੀਆ ਦੇ ਬਿਆਨ ਦਰਜ ਕੀਤੇ। ਸੀਬੀਆਈ ਨੇ ਸਿਸੋਦੀਆ ਨੂੰ ਦਿੱਲੀ ਸ਼ਰਾਬ ਆਬਕਾਰੀ ਨੀਤੀ ਕੇਸ ਵਿੱਚ 26 ਫਰਵਰੀ ਨੂੰ ਗ੍ਰਿਫ਼ਤਾਰ ਕੀਤਾ ਸੀ। ‘ਆਪ’ ਆਗੂ 20 ਮਾਰਚ ਤੱਕ ਹਿਰਾਸਤ ਤਹਿਤ ਤਿਹਾੜ ਜੇਲ੍ਹ ਵਿੱਚ ਬੰਦ ਹੈ। ਏਜੰਸੀ ਸਿਸੋਦੀਆ ਨੂੰ ਸੈੱਲਫੋਨ ਤਬਦੀਲ ਕਰਨ ਬਾਰੇ ਸਵਾਲ ਜਵਾਬ ਕਰ ਸਕਦੀ ਹੈ। ਈਡੀ ਨੇ ਕੋਰਟ ਵਿੱਚ ਪੇਸ਼ ਸਪਲੀਮੈਂਟਰੀ ਸ਼ਿਕਾਇਤ ਵਿੱਚ ਸਿਸੋਦੀਆ ’ਤੇ ਆਪਣਾ ਫੋਨ ਬਦਲਣ ਤੇ ਪੁਰਾਣਾ ਫੋਨ ਤੋੜਨ ਦਾ ਦੋਸ਼ ਵੀ ਲਾਇਆ ਹੈ। ਈਡੀ ਵੱਲੋਂ ਕੇਸ ਵਿੱਚ ਪੀਐੱਮਐੱਲਏ ਦੀ ਧਾਰਾ 19 ਵੀ ਸ਼ਾਮਲ ਕੀਤੀ ਜਾ ਸਕਦੀ ਹੈ, ਜੋ ਕੇਸ ਵਿੱਚ ਸ਼ਾਮਲ ਜਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਦੀ ਇਜਾਜ਼ਤ ਦਿੰਦੀ ਹੈ। ਅਧਿਕਾਰੀਆਂ ਮੁਤਾਬਕ ਪਿੱਲੈ ਨੂੰ ਸਥਾਨਕ ਕੋਰਟ ਵਿੱਚ ਪੇਸ਼ ਕਰਕੇ ਹਿਰਾਸਤੀ ਪੁੱਛਗਿੱਛ ਲਈ ਰਿਮਾਂਡ ਦੀ ਮੰਗ ਕੀਤੀ ਜਾਵੇਗੀ।

You must be logged in to post a comment Login