ਉੜੀਸਾ: ਪੁਲੀਸ ਥਾਣੇ ’ਚ ਸਿੱਖ ਜੋੜੇ ਦੀ ਕੁੱਟਮਾਰ ਖ਼ਿਲਾਫ਼ 24 ਨੂੰ ਬੰਦ ਦਾ ਸੱਦਾ

ਬਨੇਸ਼ਵਰ, 22 ਸਤੰਬਰ: ਉੜੀਸਾ ਦੀ ਮੁੱਖ ਵਿਰੋਧੀ ਪਾਰਟੀ ਬੀਜੂ ਜਨਤਾ ਦਲ (ਬੀਜੇਡੀ) ਨੇ ਸੂਬੇ ਦੀ ਰਾਜਧਾਨੀ ਭੁਬਨੇਸ਼ਵਰ ਦੇ ਭਰਤਪੁਰ ਪੁਲੀਸ ਥਾਣੇ ਵਿਚ ਬੀਤੀ 15 ਸਤੰਬਰ ਦੇ ਤੜਕੇ ਇਕ ਸਿੱਖ ਫ਼ੌਜੀ ਅਫ਼ਸਰ ਤੇ ਉਸ ਦੀ ਮੰਗੇਤਰ ਨਾਲ ਕਥਿਤ ਕੁੱਟਮਾਰ ਕੀਤੇ ਜਾਣ ਖ਼ਿਲਾਫ਼ 24 ਸਤੰਬਰ ਨੂੰ ਭੁਬਨੇਸ਼ਵਰ ਵਿਚ 6 ਘੰਟਿਆਂ ਦੇ ਬੰਦ ਦਾ ਸੱਦਾ ਦਿੱਤਾ ਹੈ। ਦੱਸਣਯੋਗ ਹੈ ਕਿ ਪੀੜਤ ਲੜਕੀ ਖ਼ੁਦ ਇਕ ਸਿੱਖ ਫ਼ੌਜੀ ਅਫ਼ਸਰ ਦੀ ਧੀ ਵੀ ਹੈ। ਬੀਜੇਡੀ ਆਗੂ ਦੇਵੀ ਪ੍ਰਸਾਦ ਮਿਸ਼ਰਾ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਉੜੀਸਾ ਅਮਨਪਸੰਦ ਸੂਬਾ ਹੈ ਪਰ ਇਥੇ ਭਾਜਪਾ ਦੇ 100 ਦਿਨਾਂ ਦੇ ਰਾਜ ਦੌਰਾਨ ਹੀ ਹਿੰਸਾ ਦੀਆਂ ਅਨੇਕਾਂ ਘਟਨਾਵਾਂ ਵਾਪਰ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਇਸ ਦੇ ਰੋਸ ਵਜੋਂ ਮੰਗਲਵਾਰ ਨੂੰ 6 ਘੰਟੇ ਲਈ ਭੁਬਨੇਸ਼ਵਰ ਬੰਦ ਰੱਖਿਆ ਜਾਵੇਗਾ। ਉਨ੍ਹਾਂ ਦੋਸ਼ ਲਾਇਆ ਕਿ ਸਿੱਖ ਜੋੜੇ ਉਤੇ ਤਸ਼ੱਦਦ ਢਾਹੇ ਜਾਣ ਦੇ ਮੌਜੂਦਾ ਮਾਮਲੇ ਵਿਚ ਸਰਕਾਰ ਤਮਾਸ਼ਬੀਨ ਬਣੀ ਹੋਈ ਹੈ।

You must be logged in to post a comment Login