ਉੱਤਰਕਾਸ਼ੀ, 4 ਅਕਤੂਬਰ- ਉੱਤਰਾਖੰਡ ਦੇ ਉੱਤਰਕਾਸ਼ੀ ਜ਼ਿਲ੍ਹੇ ਵਿੱਚ ਅੱਜ ਦਰੋਪਦੀ ਕਾ ਡੰਡਾ-2 ਚੋਟੀ ਤੋਂ ਡਿੱਗੇ ਬਰਫ਼ ਦੇ ਤੋਦਿਆਂ ’ਚ ਫਸਣ ਕਰਕੇ 41 ਮੈਂਬਰੀ ਟੀਮ ਦੇ ਦਸ ਸਿਖਿਆਰਥੀ ਪਰਬਤਾਰੋਹੀਆਂ ਦੀ ਮੌਤ ਹੋ ਗਈ ਜਦੋਂਕਿ ਆਫ਼ਤ ਪ੍ਰਬੰਧਨ ਦੀ ਟੀਮ ਨੇ 8 ਜਣਿਆਂ ਨੂੰ ਤੋਦਿਆਂ ਹੇਠੋਂ ਸੁਰੱਖਿਅਤ ਬਾਹਰ ਕੱਢ ਲਿਆ। ਮਾਰੇ ਗਏ ਦਸ ਪਰਬਤਾਰੋਹੀਆਂ ’ਚੋਂ ਚਾਰ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ। ਟੀਮ ਦੇ ਹੋਰਨਾਂ ਮੈਂਬਰਾਂ ਦੀ ਭਾਲ ਜਾਰੀ ਹੈ। ਬਰਫ਼ ਦੇ ਤੋਦੇ ਅੱਜ ਸਵੇਰੇ ਪੌਣੇ ਨੌਂ ਵਜੇ ਦੇ ਕਰੀਬ ਡਿੱਗੇ। ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੂੰ ਫੋਨ ਕਰਕੇ ਰਾਹਤ ਕਾਰਜਾਂ ਵਿੱਚ ਫੌਜ ਦੀ ਮਦਦ ਮੰਗੀ ਹੈ। ਉਧਰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਬਰਫ਼ ਦੇ ਤੋਦੇ ਡਿੱਗਣ ਕਰਕੇ ਹੋਈਆਂ ਮੌਤਾਂ ’ਤੇ ਦੁੱਖ ਦਾ ਇਜ਼ਹਾਰ ਕੀਤਾ ਹੈ। ਇਸ ਦੌਰਾਨ ਆਫ਼ਤ ਪ੍ਰਬੰਧਨ ਅਥਾਰਿਟੀ ਨੇ ਕਿਹਾ ਕਿ ਐੱਸਡੀਆਰਐੱਫ ਦੇ ਪੰਜ ਅਤੇ ਨਹਿਰੂ ਇੰਸਟੀਚਿਊਟ ਆਫ਼ ਮਾਊਂਟੇਨਰਿੰਗ (ਐੱਨਆਈਐੱਮ) ਦੇ ਤਿੰਨ ਇੰਸਟਰੱਕਟਰਾਂ ’ਤੇ ਅਧਾਰਿਤ ਟੀਮ ਨੂੰ ਰਾਹਤ ਤੇ ਬਚਾਅ ਕਾਰਜਾਂ ਲਈ ਸੰਸਥਾ ਦੇ ਡੋਕਰਾਨੀ ਬਾਮਕ ਗਲੇਸ਼ੀਅਰ ਬੇਸ ਕੈਂਪ ’ਤੇ ਤਾਇਨਾਤ ਕੀਤਾ ਗਿਆ ਹੈ।
ਐੱਨਆਈਐੱਮ ਦੇ ਪ੍ਰਿੰਸੀਪਲ ਕਰਨਲ ਅਮਿਤ ਬਿਸ਼ਟ ਨੇ ਕਿਹਾ ਕਿ ਉਨ੍ਹਾਂ ਦੀ ਸੰਸਥਾ ਦੇ 34 ਸਿਖਿਆਰਥੀ ਪਰਬਤਾਰੋਹੀਆਂ ਤੇ ਸੱਤ ਇੰਸਟਰੱਕਟਰਾਂ ਦੀ ਟੀਮ ਅੱਜ ਵਾਪਸ ਮੁੜਦਿਆਂ ਦਰੋਪਦੀ ਕਾ ਡੰਡਾ ਚੋਟੀ ਤੋਂ ਡਿੱਗੇ ਬਰਫ਼ ਦੇ ਤੋਦਿਆਂ ਵਿੱਚ ਫਸ ਗਈ। ਉੱਤਰਕਾਸ਼ੀ ਆਫ਼ਤ ਪ੍ਰਬੰਧਨ ਅਧਿਕਾਰੀ ਦੇਵੇਂਦਰ ਪਟਵਾਲ ਨੇ ਕਿਹਾ ਕਿ ਤੋਦਿਆਂ ਹੇਠ ਫਸੇ ਅੱਠ ਪਰਬਤਾਰੋਹੀਆਂ ਨੂੰ ਉਨ੍ਹਾਂ ਦੀ ਟੀਮ ਨੇ ਬਾਹਰ ਕੱਢਿਆ। ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਟਵੀਟ ਕੀਤਾ ਕਿ ਕੌਮੀ ਆਫ਼ਤ ਰਿਸਪੌਂਸ ਫੋਰਸ, ਸੂਬਾਈ ਆਫ਼ਤ ਰਿਸਪੌਂਸ ਫੋਰਸ, ਇੰਡੋ-ਤਿੱਬਤਨ ਬਾਰਡਰ ਪੁਲੀਸ ਤੇ ਐੱਨਆਈਐੱਮ ਤੋਂ ਪਰਬਤਾਰੋਹੀਆਂ ਦੀ ਟੀਮ ਨੇ ਰਾਹਤ ਕਾਰਜ ਵਿੱਢੇ ਹਨ। ਮੁੱਖ ਮੰਤਰੀ ਨੇ ਰੱਖਿਆ ਮੰਤਰੀ ਰਾਜਨਾਥ ਸਿੰਘ ਨਾਲ ਫੋਨ ’ਤੇ ਗੱਲਬਾਤ ਕਰਕੇ ਰਾਹਤ ਕਾਰਜਾਂ ਲਈ ਫੌਜ ਦੀ ਮਦਦ ਵੀ ਮੰਗੀ।
ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਭਾਰਤੀ ਹਵਾਈ ਸੈਨਾ ਨੂੰ ਰਾਹਤ ਤੇ ਬਚਾਅ ਕਾਰਜ ਤੇਜ਼ ਕਰਨ ਦੀ ਹਦਾਇਤ ਕੀਤੀ ਹੈ। ਸਿੰਘ ਨੇ ਕਿਹਾ ਕਿ ਉਨ੍ਹਾਂ ਸੂਬੇ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨਾਲ ਗੱਲਬਾਤ ਕਰਨ ਮਗਰੋਂ ਭਾਰਤੀ ਹਵਾਈ ਸੈਨਾ ਨੂੰ ਲੋੜੀਂਦੀਆਂ ਹਦਾਇਤਾਂ ਜਾਰੀ ਕਰ ਦਿੱਤੀਆਂ ਹਨ। ਸਿੰਘ ਨੇ ਟਵੀਟ ਕਰਕੇ ਪੀੜਤ ਪਰਿਵਾਰਾਂ ਨਾਲ ਦੁੱਖ ਜਤਾਇਆ ਹੈ। ਉਧਰ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਉੱਤਰਾਖੰਡ ਵਿੱਚ ਬਰਫ਼ ਦੇ ਤੋਦਿਆਂ ਹੇਠ ਦੱਬ ਕੇ ਗਈਆਂ ਜਾਨਾਂ ’ਤੇ ਦੁੱਖ ਜ਼ਾਹਿਰ ਕੀਤਾ ਹੈ। ਉਨ੍ਹਾਂ ਜ਼ਖ਼ਮੀਆਂ ਦੇ ਛੇਤੀ ਸਿਹਤਯਾਬ ਹੋਣ ਤੇ ਲਾਪਤਾ ਵਿਅਕਤੀਆਂ ਦੀ ਸੁਰੱਖਿਅਤ ਵਾਪਸੀ ਦੀ ਦੁਆ ਕੀਤੀ ਹੈ। ਗਾਂਧੀ ਨੇ ਕਿਹਾ, ‘‘ਉੱਤਰਾਖੰਡ ਵਿੱਚ ਬਰਫ਼ ਦੇ ਤੋਦੇ ਡਿੱਗਣ ਦੀ ਖ਼ਬਰ, ਜਿਸ ਵਿੱਚ ਕਈ ਜਾਨਾਂ ਗਈਆਂ ਹਨ, ਦੁੱਖਦਾਈ ਹੈ। ਪੀੜਤ ਪਰਿਵਾਰਾਂ, ਜਿਨ੍ਹਾਂ ਆਪਣਿਆਂ ਨੂੰ ਗੁਆਇਆ ਹੈ, ਨਾਲ ਦਿਲੋਂ ਸੰਵੇਦਨਾਵਾਂ।’
You must be logged in to post a comment Login