ਐਨ. ਆਰ. ਆਈਜ਼ ਦੀ ਸਹਾਇਤਾ ਲਈ ਬਣੇਗੀ ਸਰਕਾਰੀ ਬੈਵਸਾਈਟ

ਐਨ. ਆਰ. ਆਈਜ਼ ਦੀ ਸਹਾਇਤਾ ਲਈ ਬਣੇਗੀ ਸਰਕਾਰੀ ਬੈਵਸਾਈਟ

ਆਪਣੇ ਇਲਾਕੇ ਨਾਲ ਸੰਬੰਧਤ ਕਿਸੇ ਵੀ ਅਫ਼ਸਰ ਜਾਂ ਅਧਿਕਾਰੀ ਨਾਲ ਕਰ ਸਕਣਗੇ ਗੱਲਬਾਤ 

ਚੰਡੀਗੜ੍ਹ , 14 ਦੰਸਬਰ (ਪੰ. ਐ.)— ਪੰਜਾਬ ਨਾਲੋਂ ਟੁੱਟ ਰਹੀ ਐੱਨ. ਆਰ. ਆਈਜ਼ ਦੀ ਤੀਜੀ ਪੀੜ੍ਹੀ ਨੂੰ ਆਪਣੀ ਮਿੱਟੀ ਨਾਲ ਜੋੜਨ ਲਈ ਪੰਜਾਬ ਸਰਕਾਰ ਇਕ ਐੱਨ. ਆਰ. ਆਈ. ਵੈੱਬ ਸਾਈਟ ਖੋਲ੍ਹਣ ਜਾ ਰਹੀ ਹੈ। ਇਸ ਵੈੱਬਸਾਈਟ ਰਾਹੀਂ ਐੱਨ. ਆਰ. ਆਈ. ਆਪਣੇ ਇਲਾਕੇ ਨਾਲ ਸੰਬੰਧਤ ਕਿਸੇ ਵੀ ਅਫ਼ਸਰ ਜਾਂ ਸੰਬੰਧਤ ਮਹਿਕਮੇ ਦੇ ਅਧਿਕਾਰੀ ਨਾਲ ਗੱਲਬਾਤ ਕਰ ਸਕਦੇ ਹਨ। ਜੇਕਰ ਉਨ੍ਹਾਂ ਨੂੰ ਕੋਈ ਮੁਸ਼ਕਲ ਆਉਂਦੀ ਹੈ ਤਾਂ ਉਹ ਫੋਨ ਰਾਹੀਂ ਸੰਪਰਕ ਕਰਕੇ ਆਪਣੀ ਸਮੱਸਿਆ ਦਾ ਹੱਲ ਕਰਵਾ ਸਕਦੇ ਹਨ। ਇਹ ਗੱਲ ਅੱਜ ਚੰਡੀਗ਼ੜ੍ਹ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪਰਵਾਸੀ ਭਾਰਤੀ ਮਾਮਲਿਆਂ ਬਾਰੇ ਮੰਤਰੀ ਪਰਗਟ ਸਿੰਘ ਨੇ ਆਖੀ। ਉਨ੍ਹਾਂ ਕਿਹਾ ਕਿ ਦੇਖਣ ’ਚ ਆਇਆ ਹੈ ਕਿ ਐੱਨ. ਆਰ. ਆਈਜ਼ ਦੀ ਤੀਜੀ ਪੀੜ੍ਹੀ ਲਗਾਤਾਰ ਪੰਜਾਬ ਨਾਲੋਂ ਟੁੱਟ ਰਹੀ ਹੈ ਅਤੇ ਉਹ ਆਪਣੀਆਂ ਜਾਇਦਾਦਾਂ ਵੇਚ ਰਹੀ ਹੈ। ਉਹ ਸਿਰਫ ਬੇਭਰੋਸਗੀ ਕਾਰਨ ਹੀ ਇਹ ਕਦਮ ਚੁੱਕ ਰਹੇ ਹਨ। ਐੱਨ. ਆਰ. ਆਈਜ਼ ਦੀ ਬੇਭਰੋਸਗੀ ਨੂੰ ਦੂਰ ਕਰਨ ਲਈ ਹੀ ਪੰਜਾਬ ਸਰਕਾਰ ਵੈੱਬ ਪੋਰਟਲ ਖੋਲ੍ਹਣ ਜਾ ਰਹੀ ਹੈ। ਇਥੇ ਇਹ ਵੀ ਦੱਸਣੋਗ ਹੈ ਕਿ ਇਸ ਤੋਂ ਪਹਿਲਾਂ ਵੀ ਵਿਦੇਸ਼ਾਂ ਵਿਚ ਵੱਸਦੇ ਪੰਜਾਬੀਆਂ ਨੂੰ ਵਤਨ ਪਰਤਣ ਸਮੇਂ ਹਵਾਈ ਅੱਡਿਆਂ ’ਤੇ ਆਉਂਦੀ ਕਿਸੇ ਕਿਸਮ ਦੀ ਮੁਸ਼ਕਲ ਦਾ ਮੌਕੇ ’ਤੇ ਹੀ ਆਨਲਾਈਨ ਨਿਪਟਾਰੇ ਲਈ ਪੰਜਾਬ ਸਰਕਾਰ ਵਲੋਂ ਇਕ ਕਾਲ ਸੈਂਟਰ ਸਥਾਪਤ ਕਰਨ ਦਾ ਐਲਾਨ ਕੀਤਾ ਸੀ। ਪਰਗਟ ਸਿੰਘ ਨੇ ਆਖਿਆ ਸੀ ਕਿ ਉਨ੍ਹਾਂ ਦੇ ਧਿਆਨ ਵਿਚ ਆਇਆ ਹੈ ਕਿ ਕਈ ਵਾਰ ਪਰਵਾਸੀਆਂ ਨੂੰ ਹਵਾਈ ਅੱਡੇ ’ਤੇ ਉਤਰਨ ਸਮੇਂ ਕਾਗਜ਼ੀ ਕਾਰਵਾਈਆਂ, ਤਕਨੀਕੀ ਕਾਰਨਾਂ ਜਾਂ ਕਿਸੇ ਗਲਤਫਹਿਮੀ ਕਾਰਣ ਰੋਕ ਲਿਆ ਜਾਂਦਾ ਹੈ ਜਿਸ ਨਾਲ ਉਹ ਘਬਰਾਅ ਜਾਂਦੇ ਹਨ ਅਤੇ ਆਪਣੇ ਦਸਤਾਵੇਜ਼ ਤੇ ਪਛਾਣ ਸਹੀ ਹੋਣ ਦੇ ਬਾਵਜੂਦ ਖੱਜਲ-ਖੁਆਰੀ ਦਾ ਸਾਹਮਣਾ ਕਰਦੇ ਹਨ। ਅਜਿਹੇ ਮਾਮਲਿਆਂ ਵਿਚ ਯਾਤਰੂਆਂ ਦੀ ਮੱਦਦ ਲਈ ਸੂਬਾ ਸਰਕਾਰ ਵੱਲੋਂ ‘ਕੁਇਕ ਰਿਸਪਾਂਸ ਸੈਂਟਰ’ ਸਥਾਪਤ ਕੀਤਾ ਜਾਵੇਗਾ ਜਿਹੜਾ ਕਿ 24 ਘੰਟੇ ਸਰਗਰਮ ਰਹੇਗਾ। ਇਸ ਸੈਂਟਰ ਵਿਚ ਬੈਠਣ ਵਾਲੇ ਐਨ.ਆਰ.ਆਈਜ਼ ਨੂੰ ਦਰਪੇਸ਼ ਸਮੱਸਿਆਵਾਂ ਨਾਲ ਸਬੰਧਤ ਮਾਹਿਰ ਹੋਣਗੇ ਜੋ ਮੌਕੇ ’ਤੇ ਹੀ ਫੋਨ ਉਪਰ ਸਬੰਧਤ ਧਿਰ ਨਾਲ ਰਾਬਤਾ ਕਾਇਮ ਕਰਕੇ ਪਰਵਾਸੀ ਪੰਜਾਬੀਆਂ ਦੀ ਹੁੰਦੀ ਖੱਜਲ-ਖੁਆਰੀ ਤੋਂ ਨਿਜ਼ਾਤ ਦਿਵਾਉਣਗੇ। ਇਸ ਦਾ ਸੰਪਰਕ ਨੰਬਰ ਜਨਤਕ ਕੀਤਾ ਜਾਵੇਗਾ।

You must be logged in to post a comment Login