ਐੱਨਆਈਏ ਦੇ ਪੰਜਾਬ ’ਚ 30 ਥਾਵਾਂ ’ਤੇ ਛਾਪੇ

ਐੱਨਆਈਏ ਦੇ ਪੰਜਾਬ ’ਚ 30 ਥਾਵਾਂ ’ਤੇ ਛਾਪੇ

ਨਵੀਂ ਦਿੱਲੀ, 27 ਸਤੰਬਰ- ਕੌਮੀ ਜਾਂਚ ਏਜੰਸੀ (ਐੱਨਆਈਏ) ਨੇ ਖਾਲਿਸਤਾਨ ਪੱਖੀ ਅਤਿਵਾਦੀਆਂ ਤੇ ਗੈਂਗਸਟਰਾਂ ਦੇ ਗਠਜੋੜ ਖ਼ਿਲਾਫ਼ ਅੱਜ ਪੰਜਾਬ ਸਣੇ ਦੇਸ਼ ਭਰ ’ਚ ਲਾਰੈਂਸ ਬਿਸ਼ਨੋਈ, ਬੰਬੀਹਾ ਅਤੇ ਅਰਸ਼ ਡੱਲਾ ਗੈਂਗ ਦੇ ਸਾਥੀਆਂ ਦੇ 51 ਤੋਂ ਵੱਧ ਟਿਕਾਣਿਆਂ ’ਤੇ ਛਾਪੇ ਮਾਰੇ। ਏਜੰਸੀ ਨੇ ਪੰਜਾਬ ’ਚ 30, ਰਾਜਸਥਾਨ ਵਿੱਚ 13, ਹਰਿਆਣਾ ਵਿੱਚ 10 ਅਤੇ ਦਿੱਲੀ ਵਿੱਚ ਦੋ ਥਾਵਾਂ ਅਤੇ ਯੂਪੀ ਵਿੱਚ ਵੀ ਤਲਾਸ਼ੀ ਲਈ ਗਈ। ਐੱਨਆਈਏ ਦੇ ਅਧਿਕਾਰੀ ਨੇ ਕਿਹਾ, ‘ਗੈਂਗਸਟਰਾਂ-ਅਤਵਿਾਦੀ ਸਬੰਧਾਂ ਨਾਲ ਜੁੜੇ ਤਿੰਨ ਮਾਮਲਿਆਂ ਵਿੱਚ ਛਾਪੇ ਮਾਰੇ ਗਏ ਹਨ।’

ਫ਼ਿਰੋਜ਼ਪੁਰ (ਸੰਜੀਵ ਹਾਂਡਾ) : ਕੌਮੀ ਜਾਂਚ ਏਜੰਸੀ ਨੇ ਅੱਜ ਤੜਕਸਾਰ ਫ਼ਿਰੋਜ਼ਪੁਰ ਸ਼ਹਿਰ ਵਿਚ ਸਥਿਤ ਮੱਛੀ ਮੰਡੀ ਵਾਸੀ ਜੋਰਾ ਉਰਫ਼ ਜੋਨਸ (28) ਨੂੰ ਹਿਰਾਸਤ ’ਚ ਲੈ ਲਿਆ ਹੈ। ਸਥਾਨਕ ਪੁਲੀਸ ਦੇ ਨਾਲ ਮਿਲ ਕੇ ਕੀਤੀ ਛਾਪੇਮਾਰੀ ਦੌਰਾਨ ਜੋਰਾ ਨੂੰ ਉਸ ਦੇ ਘਰ ਤੋਂ ਹੀ ਹਿਰਾਸਤ ਲਿਆ ਗਿਆ ਹੈ। ਜੋਰਾ ਉਰਫ਼ ਜੋਨਸ ਗੈਂਗਸਟਰ ਅਰਸ਼ ਡੱਲਾ ਦਾ ਸਾਥੀ ਦੱਸਿਆ ਜਾਂਦਾ ਹੈ। ਪੁਲੀਸ ਨੇ ਦੱਸਿਆ ਕਿ ਐੱਨਆਈਏ ਟੀਮ ਕੋਲ ਜੋਰਾ ਅਤੇ ਅਰਸ਼ ਡੱਲਾ ਵਿਚਕਾਰ ਸਬੰਧ ਹੋਣ ਦੇ ਪੁਖ਼ਤਾ ਸਬੂਤ ਮੌਜੂਦ ਸਨ, ਜਿਸ ਦੇ ਅਧਾਰ ’ਤੇ ਜੋਰਾ ਨੂੰ ਹਿਰਾਸਤ ਵਿਚ ਲਿਆ ਗਿਆ ਹੈ। ਹਾਲੇ ਤੱਕ ਜੋਰਾ ਦਾ ਕੋਈ ਅਪਰਾਧਿਕ ਰਿਕਾਰਡ ਸਾਹਮਣੇ ਨਹੀਂ ਆਇਆ ਹੈ। ਜੋਰਾ ਨੂੰ ਹਿਰਾਸਤ ਵਿਚ ਲੈਣ ਤੋਂ ਬਾਅਦ ਐੱਨਆਈਏ ਦੀ ਟੀਮ ਉਸਨੂੰ ਆਪਣੇ ਨਾਲ ਲੈ ਗਈ ਹੈ। ਸਲਮ ਬਸਤੀ ਮੱਛੀ ਮੰਡੀ ਦਾ ਰਹਿਣ ਵਾਲਾ ਜੋਰਾ ਮਜ਼ਦੂਰੀ ਕਰਦਾ ਹੈ।

ਬਠਿੰਡਾ ਤੋਂ ਮਨੋਜ ਸ਼ਰਮਾ ਮੁਤਾਬਕ: ਐੱਨਆਈਏ  ਨੇ ਬਠਿੰਡਾ ਦੇ ਪਿੰਡ ਜੇਠੂਕੇ ਵਿੱਚ ਗੁਰਪ੍ਰੀਤ ਸਿੰਘ ਉਰਫ਼ ਗੁਰੀ ਦੇ ਘਰ ਛਾਪਾ ਮਾਰਿਆ।

ਐੱਨਆਈਏ ਦੀ ਦੂਜੀ ਟੀਮ ਵੱਲੋਂ ਗੈਂਗਸਟਰ ਹੈਰੀ ਮੋੜ ਦੇ ਮੌੜ ਮੰਡੀ ਵਿਖੇ ਛਾਪੇਮਾਰੀ ਕੀਤੀ।

ਪਟਿਆਲਾ ਤੋਂ ਸਰਬਜੀਤ ਭੰਗੂ ਮੁਤਾਬਕ: ਜ਼ਿਲ੍ਹੇ ਦੇ ਪਿੰਡ ਖੈਰਪੁਰ ਜੱਟਾਂ ਵਿਖੇ ਅੱਜ ਤੜਕੇ ਐੱਨਆਈਏ ਦੀ ਟੀਮ ਵੱਲੋਂ ਮਾਰੇ ਗਏ ਛਾਪੇ ਉਪਰੰਤ ਤਲਾਸ਼ੀ ਮੁਹਿੰਮ ਖਤਮ ਕਰ ਦਿੱਤੀ ਗਈ ਹੈ ਤੇ ਟੀਮ ਵਾਪਸ ਚਲੀ ਗਈ। ਉਨ੍ਹਾਂ ਦਾ ਨਿਸ਼ਾਨਾ ਦੱਸੇ ਜਾਂਦੇ ਇਸ ਪਿੰਡ ਦੇ ਨੰਬਰਦਾਰ ਦੇ ਪੁੱਤ ਜਗਜੋਤ ਸਿੰਘ ਨੂੰ ਵੀ ਟੀਮ ਨਾਲ ਨਹੀਂ ਲੈ ਕੇ ਗਈ।

ਸ਼ੇਰਪੁਰ ਤੋਂ ਬੀਰਬਲ ਰਿਸ਼ੀ ਮੁਤਾਬਕ: ਇਸ ਬਲਾਕ ਦੇ ਪਿੰਡ ਮੂਲੋਵਾਲ ’ਚ ਵੀ ਐੱਨਆਈਏ ਨੇ ਛਾਪਾ ਮਾਰਿਆ।

ਮੋਗਾ ਤੋਂ ਮਹਿੰਦਰ ਸਿੰਘ ਰੱਤੀਆਂ ਮੁਤਾਬਕ: ਏਜੰਸੀ ਨੇ ਪਿੰਡ ਤਖਤੂਪੁਰਾ ਵਿਚ ਛਾਪਾ ਮਾਰਿਆ।

ਸਿਰਸਾ ਤੋਂ ਪ੍ਰਭੂ ਦਿਆਲ ਮੁਤਾਬਕ: ਇਥੋਂ ਦੇ ਪਿੰਡ ਭੀਮਾ ’ਚ ਅੱਜ ਸਵੇਰੇ ਐੱਨਆਈਏ ਦੀ ਟੀਮ ਨੇ ਯਾਦਵਿੰਦਰ ਉਰਫ ਜਸ਼ਨਦੀਪ ਦੇ ਘਰ ਛਾਪਾ ਮਾਰਿਆ। ਪ੍ਰਾਪਤ ਜਾਣਕਾਰੀ ਅਨੁਸਾਰ ਐੱਨਆਈਏ ਦੀ ਟੀਮ ਨੇ ਕਈ ਘੰਟੇ ਜਸ਼ਨਦੀਪ ਤੇ ਉਸ ਦੇ ਪਰਿਵਾਰਕ ਮੈਂਬਰਾਂ ਤੋਂ ਪੁੱਛ ਪੜਤਾਲ ਕੀਤੀ।

You must be logged in to post a comment Login