ਐੱਸ.ਵੀ. ਸੁਨੀਲ ਵੱਲੋਂ ਕੌਮਾਂਤਰੀ ਹਾਕੀ ਨੂੰ ਅਲਵਿਦਾ

ਐੱਸ.ਵੀ. ਸੁਨੀਲ ਵੱਲੋਂ ਕੌਮਾਂਤਰੀ ਹਾਕੀ ਨੂੰ ਅਲਵਿਦਾ

ਨਵੀਂ ਦਿੱਲੀ: ਭਾਰਤੀ ਹਾਕੀ ਟੀਮ ਦੇ ਤਜਰਬੇਕਾਰ ਸਟਰਾਈਕਰ ਐੱਸ.ਵੀ. ਸੁਨੀਲ ਨੇ ਅੱਜ ਕੌਮਾਂਤਰੀ ਹਾਕੀ ਤੋਂ ਸੰਨਿਆਸ ਲੈ ਲਿਆ ਹੈ। ਸੁਨੀਲ ਨੇ ਆਪਣੇ 14 ਸਾਲ ਦੇ ਕਰੀਅਰ ’ਚ ਦੇਸ਼ ਲਈ 264 ਮੈਚ ਖੇਡੇ, ਜਿਨ੍ਹਾਂ ਵਿੱਚ ਉਸ ਨੇ 72 ਗੋਲ ਕੀਤੇ ਹਨ। ਜ਼ਿਕਰਯੋਗ ਹੈ ਕਿ ਵੀਰਵਾਰ ਨੂੰ ਹੀ ਡਰੈਗ ਫਲਿੱਕਰ ਰੁਪਿੰਦਰਪਾਲ ਸਿੰਘ ਅਤੇ ਡਿਫੈਂਡਰ ਬੀਰੇਂਦਰ ਲਾਕੜਾ ਨੇ ਵੀ ਕੌਮਾਂਤਰੀ ਹਾਕੀ ਤੋਂ ਸੰਨਿਆਸ ਲੈ ਲਿਆ ਸੀ। ਕਰਨਾਟਕ ਨਾਲ ਸਬੰਧਤ ਸੁਨੀਲ ਟੋਕੀਓ ਓਲੰਪਿਕ ਵਿੱਚ ਖੇਡੀ ਭਾਰਤੀ ਟੀਮ ’ਚ ਸ਼ਾਮਲ ਨਹੀਂ ਸੀ। ਸੁਨੀਲ ਨੇ ਕਿਹਾ ਕਿ ਉਸ ਨੇ ਨੌਜਵਾਨ ਖਿਡਾਰੀਆਂ ਵਾਸਤੇ ਰਸਤਾ ਛੱਡਣ ਲਈ ਇਹ ਫ਼ੈਸਲਾ ਕੀਤਾ ਹੈ। ਸੁਨੀਲ ਨੇ ਸੋਸ਼ਲ ਮੀਡੀਆ ਪੋਸਟ ’ਚ ਲਿਖਿਆ, ‘ਬਰੇਕ ਲੈਣ ਦਾ ਸਮਾਂ ਹੈ। ਭਾਰਤ ਲਈ ਖੇਡਦਿਆਂ 14 ਸਾਲ ਤੋਂ ਵੱਧ ਹੋ ਗਏ। ਅਗਲੇ ਹਫ਼ਤੇ ਸ਼ੁਰੂ ਹੋ ਰਹੇ ਕੌਮੀ ਕੈਂਪ ਲਈ ਉਪਲੱਬਧ ਨਹੀਂ ਹੋਵਾਂਗਾ।’ ਉਸ ਨੇ ਕਿਹਾ, ‘ਇਹ ਸੌਖਾ ਫ਼ੈਸਲਾ ਨਹੀਂ ਸੀ ਪਰ ਓਨਾ ਵੀ ਔਖਾ ਨਹੀਂ ਸੀ ਕਿਉਂਕਿ ਮੈਂ ਟੋਕੀਓ ਓਲੰਪਿਕ ਲਈ ਟੀਮ ’ਚ ਜਗ੍ਹਾ ਹਾਸਲ ਨਹੀਂ ਕਰ ਸਕਿਆ ਸੀ। ਇਸ ਨਾਲ ਇੱਕ ਖਿਡਾਰੀ ਵਜੋਂ 11 ਖਿਡਾਰੀਆਂ ’ਚ ਸ਼ਾਮਲ ਹੋਣ ਬਾਰੇ ਮੇਰੇ ਭਵਿੱਖ ’ਤੇ ਸਵਾਲ ਵੀ ਖੜ੍ਹੇ ਹੋ ਗਏ ਸਨ।’

You must be logged in to post a comment Login