ਔਰਤਾਂ ਖਿਲਾਫ਼ ਅਪਰਾਧ ਨਾ-ਮੁਆਫ਼ੀਯੋਗ ਪਾਪ: ਮੋਦੀ

ਔਰਤਾਂ ਖਿਲਾਫ਼ ਅਪਰਾਧ ਨਾ-ਮੁਆਫ਼ੀਯੋਗ ਪਾਪ: ਮੋਦੀ

ਜਲਗਾਓਂ(ਮਹਾਰਾਸ਼ਟਰ), 25 ਅਗਸਤ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਔਰਤਾਂ ਖਿਲਾਫ਼ ਅਪਰਾਧ ਨੂੰ ਨਾ-ਮੁਆਫ਼ੀਯੋਗ ਪਾਪ ਕਰਾਰ ਦਿੰਦਿਆਂ ਕਿਹਾ ਕਿ ਦੋਸ਼ੀਆਂ ਨੂੰ ਬਖ਼ਸ਼ਿਆ ਨਹੀਂ ਜਾਣਾ ਚਾਹੀਦਾ। ਉੱਤਰੀ ਮਹਾਰਾਸ਼ਟਰ ਦੇ ਜਲਗਾਓਂ ਵਿਚ ‘ਲਖਪਤੀ ਦੀਦੀ ਸੰਮੇਲਨ ਨੂੰ ਸੰਬੋਧਨ ਕਰਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਔਰਤਾਂ ਦੀ ਸੁਰੱਖਿਆ ਤਰਜੀਹ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ, ‘‘ਮਾਵਾਂ, ਭੈਣਾਂ ਤੇ ਧੀਆਂ ਦੀ ਸੁਰੱਖਿਆ ਦੇਸ਼ ਦੀ ਤਰਜੀਹ ਹੈ। ਮੈਂ ਲਾਲ ਕਿਲੇ ਦੀ ਫ਼ਸੀਲ ਤੋਂ ਵਾਰ ਵਾਰ ਇਹ ਮੁੱਦਾ ਚੁੱਕਿਆ ਹੈ। ਦੇਸ਼ ਦਾ ਕੋਈ ਵੀ ਰਾਜ ਹੋਵੇ, ਮੈਂ ਆਪਣੀਆਂ ਭੈਣਾਂ ਤੇ ਧੀਆਂ ਦੀ ਪੀੜ ਤੇ ਗੁੱਸੇ ਨੂੰ ਸਮਝਦਾ ਹਾਂ।’’ ਸ੍ਰੀ ਮੋਦੀ ਨੇ ਕਿਹਾ ਕਿ ਉਹ ਹਰੇਕ ਸਿਆਸੀ ਪਾਰਟੀ ਤੇ ਸੂਬਾ ਸਰਕਾਰ ਨੂੰ ਦੱਸਣਗੇ ਕਿ ਔਰਤਾਂ ਖਿਲਾਫ਼ ਅਪਰਾਧ ਨਾ-ਮੁਆਫੀਯੋਗ ਪਾਪ ਹੈ। ਜੋ ਵੀ ਕੋਈ ਦੋਸ਼ੀ ਹੈ ਉਹ ਬਖਸ਼ਿਆ ਨਹੀਂ ਜਾਣਾ ਚਾਹੀਦਾ। ਉਨ੍ਹਾਂ ਕਿਹਾ, ‘‘ਔਰਤਾਂ ਖਿਲਾਫ਼ ਅਪਰਾਧਾਂ ਦੇ ਸਾਜ਼ਿਸ਼ਘਾੜਿਆਂ ਦੀ ਮਦਦ ਕਰਨ ਵਾਲੇ ਬਖ਼ਸ਼ੇ ਨਹੀਂ ਜਾਣੇ ਚਾਹੀਦੇ। ਹਸਪਤਾਲ ਹੋਵੇ ਜਾਂ ਫਿਰ ਸਕੂਲ, ਸਰਕਾਰ ਜਾਂ ਪੁਲੀਸ ਪ੍ਰਬੰਧ, ਜਿਸ ਕਿਸੇ ਪੱਧਰ ’ਤੇ ਅਣਗਹਿਲੀ ਹੋਈ ਹੈ, ਹਰੇਕ ਦੀ ਜਵਾਬਦੇਹੀ ਨਿਰਧਾਰਿਤ ਹੋਣੀ ਚਾਹੀਦੀ ਹੈ।’’ ਉਨ੍ਹਾਂ ਕਿਹਾ, ‘‘ਉਪਰ ਤੋਂ ਹੇਠਾਂ ਤੱਕ ਸੁਨੇਹਾ ਜਾਣਾ ਚਾਹੀਦਾ ਹੈ। ਇਹ ਪਾਪ ਨਾ-ਮੁਆਫ਼ੀਯੋਗ ਹੈ। ਸਰਕਾਰਾਂ ਆਉਂਦੀਆਂ-ਜਾਂਦੀਆਂ ਰਹਿਣਗੀਆਂ, ਪਰ ਔਰਤਾਂ ਦੇ ਗੌਰਵ ਤੇ ਜੀਵਨ ਦੀ ਰਾਖੀ… ਸਮਾਜ ਤੇ ਸਰਕਾਰ ਦੋਵਾਂ ਵਜੋਂ ਸਾਡੇ ਸਾਰਿਆਂ ’ਤੇ ਵੱਡੀ ਜ਼ਿੰਮੇਵਾਰੀ ਹੈ।’’

You must be logged in to post a comment Login