ਕਤਰ ’ਚ ਅਮਰੀਕੀ ਫੌਜੀ ਅੱਡੇ ’ਤੇ ਹਵਾਈ ਹਮਲੇ ‘ਅਮਰੀਕਾ ਦੇ ਮੂੰਹ ’ਤੇ ਚਪੇੜ’: ਖਮਨੇਈ

ਕਤਰ ’ਚ ਅਮਰੀਕੀ ਫੌਜੀ ਅੱਡੇ ’ਤੇ ਹਵਾਈ ਹਮਲੇ ‘ਅਮਰੀਕਾ ਦੇ ਮੂੰਹ ’ਤੇ ਚਪੇੜ’: ਖਮਨੇਈ

ਦੁਬਈ, 26 ਜੂਨ : ਇਰਾਨ ਦੇ ਸੁਪਰੀਮ ਆਗੂ ਅਯਾਤੁੱਲ੍ਹਾ ਅਲੀ ਖਮਨੇਈ ਨੇ ਕਿਹਾ ਕਿ ਉਨ੍ਹਾਂ ਦੇ ਮੁਲਕ ਨੇ ਕਤਰ ਵਿਚ ਅਮਰੀਕੀ ਬੇਸ ’ਤੇ ਹਵਾਈ ਹਮਲੇ ਕਰਕੇ ‘ਅਮਰੀਕਾ ਦੇ ਮੂੰਹ ’ਤੇ ਚਪੇੜ’ ਮਾਰੀ ਹੈ। ਖਮਨੇਈ ਨੇ ਜੰਗਬੰਦੀ ਮਗਰੋਂ ਸਰਕਾਰੀ ਟੈਲੀਵਿਜ਼ਨ ਚੈਨਲ ’ਤੇ ਆਪਣੇ ਰਿਕਾਰਡ ਕੀਤੇ ਪ੍ਰਸਾਰਣ ਵਿਚ ਪਹਿਲੀ ਜਨਤਕ ਟਿੱਪਣੀ ਕਰਦਿਆਂ ਅਮਰੀਕਾ ਨੂੰ ਅੱਗੇ ਹੋਰ ਕੋਈ ਹਮਲਾ ਕੀਤੇ ਜਾਣ ਖਿਲਾਫ਼ ਚੇਤਾਵਨੀ ਵੀ ਦਿੱਤੀ। ਖਮਨੇਈ 19 ਜੂਨ ਮਗਰੋਂ ਪਹਿਲੀ ਵਾਰ ਜਨਤਕ ਹੋਏ ਹਨ। 86 ਸਾਲਾ ਖਮਨੇਈ ਵੀਡੀਓ ਵਿਚ ਵਧੇਰੇ ਥੱਕੇ ਹੋਏ ਨਜ਼ਰ ਆਏ। ਉਨ੍ਹਾਂ ਦੀ ਆਵਾਜ਼ ਭਾਰੀ ਸੀ ਤੇ ਕਿਤੇ ਕਿਤੇ ਉਨ੍ਹਾਂ ਦੇ ਸ਼ਬਦ ਵੀ ਲੜਖੜਾ ਰਹੇ ਸਨ। ਦਸ ਮਿੰਟ ਦੀ ਆਪਣੀ ਤਕਰੀਰ ਦੌਰਾਨ ਇਰਾਨ ਦੇ ਇਸ ਸਿਖਰਲੇ ਆਗੂ ਨੇ ਚੇਤਾਵਨੀਆਂ ਤੇ ਧਮਕੀਆਂ ਦਿੱਤੀਆਂ, ਜੋ ਸਿੱਧੇ ਤੌਰ ’ਤੇ ਅਮਰੀਕਾ ਤੇ ਇਜ਼ਰਾਈਲ ਵੱਲ ਸੇਧਤ ਸਨ।ਖਮਨੇਈ ਨੇ ਕਿਹਾ ਕਿ ਅਮਰੀਕਾ ਨੂੰ ਇਰਾਨ ਦੇ ਤਿੰਨ ਪ੍ਰਮਾਣੂ ਟਿਕਾਣਿਆਂ ’ਤੇ ਬੰਕਰ ਬਸਟਰ ਬੰਬਾਂ ਤੇ ਕਰੂਜ਼ ਮਿਜ਼ਾਈਲਾਂ ਨਾਲ ਕੀਤੇ ਹਮਲਿਆਂ ਵਿਚ ਕੁਝ ਵੀ ਹਾਸਲ ਨਹੀਂ ਹੋਇਆ। ਖਮਨੇਈ ਇਜ਼ਰਾਈਲ ਵੱਲੋਂ 13 ਜੂਨ ਨੂੰ ਛੇੜੀ ਜੰਗ ਮਗਰੋਂ ਜਨਤਕ ਤੌਰ ’ਤੇ ਨਜ਼ਰ ਨਹੀਂ ਆਏ ਕਿਉਂਕਿ ਉਨ੍ਹਾਂ ਨੂੰ ਇਕ ਗੁਪਤ ਟਿਕਾਣੇ ’ਤੇ ਰੱਖਿਆ ਗਿਆ ਸੀ।

You must be logged in to post a comment Login