ਕਰਤਾਰਪੁਰ: 75 ਸਾਲ ਬਾਅਦ ਆਪਣੇ ਸਿੱਖ ਭਰਾਵਾਂ ਨੂੰ ਮਿਲੀ ਮੁਮਤਾਜ਼ ਬੀਬੀ

ਕਰਤਾਰਪੁਰ: 75 ਸਾਲ ਬਾਅਦ ਆਪਣੇ ਸਿੱਖ ਭਰਾਵਾਂ ਨੂੰ ਮਿਲੀ ਮੁਮਤਾਜ਼ ਬੀਬੀ

ਕਰਤਾਰਪੁਰ, 18 ਮਈ- 1947 ਦੀ ਵੰਡ ਵੇਲੇ ਹੋਈ ਹਿੰਸਾ ਦੌਰਾਨ ਆਪਣੇ ਪਰਿਵਾਰ ਤੋਂ ਵਿਛੜੀ ਔਰਤ ਕਰਤਾਰਪੁਰ ਵਿੱਚ ਆਪਣੇ ਸਿੱਖ ਭਰਾਵਾਂ ਨੂੰ ਮਿਲਣ ਆਈ। ਡਾਅਨ ਨਿਊਜ਼ ਦੀ ਰਿਪੋਰਟ ਮੁਤਾਬਕ ਵੰਡ ਵੇਲੇ ਮੁਮਤਾਜ਼ ਬੀਬੀ ਆਪਣੀ ਮਾਂ ਦੀ ਲਾਸ਼ ‘ਤੇ ਪਈ ਸੀ, ਜਿਸ ਨੂੰ ਹਿੰਸਕ ਭੀੜ ਨੇ ਮਾਰ ਦਿੱਤਾ ਸੀ। ਮੁਹੰਮਦ ਇਕਬਾਲ ਅਤੇ ਉਸ ਦੀ ਪਤਨੀ ਅੱਲ੍ਹਾ ਰਾਖੀ ਨੇ ਬੱਚੀ ਨੂੰ ਗੋਦ ਲੈ ਕੇ ਆਪਣੀ ਧੀ ਵਜੋਂ ਪਾਲਿਆ ਅਤੇ ਉਸ ਦਾ ਨਾਮ ਮੁਮਤਾਜ਼ ਬੀਬੀ ਰੱਖਿਆ। ਵੰਡ ਤੋਂ ਬਾਅਦ ਇਕਬਾਲ ਨੇ ਪੰਜਾਬ ਸੂਬੇ ਦੇ ਸ਼ੇਖਪੁਰਾ ਜ਼ਿਲ੍ਹੇ ਦੇ ਪਿੰਡ ਵਾਰਿਕਾ ਤਿਆਨ ਵਿੱਚ ਘਰ ਬਣਾ ਲਿਆ। ਰਿਪੋਰਟ ਮੁਤਾਬਕ ਦੋ ਸਾਲ ਪਹਿਲਾਂ ਇਕਬਾਲ ਦੀ ਸਿਹਤ ਅਚਾਨਕ ਵਿਗੜ ਗਈ ਸੀ ਅਤੇ ਉਸ ਨੇ ਮੁਮਤਾਜ਼ ਨੂੰ ਕਿਹਾ ਸੀ ਕਿ ਉਹ ਉਸ ਦੀ ਅਸਲੀ ਬੇਟੀ ਨਹੀਂ ਹੈ ਅਤੇ ਉਸ ਦਾ ਅਸਲੀ ਪਰਿਵਾਰ ਸਿੱਖ ਹੈ। ਇਕਬਾਲ ਦੀ ਮੌਤ ਤੋਂ ਬਾਅਦ ਮੁਮਤਾਜ਼ ਅਤੇ ਉਸ ਦੇ ਬੇਟੇ ਸ਼ਾਹਬਾਜ਼ ਨੇ ਸੋਸ਼ਲ ਮੀਡੀਆ ਰਾਹੀਂ ਉਸ ਦੇ ਪਰਿਵਾਰ ਦੀ ਭਾਲ ਸ਼ੁਰੂ ਕਰ ਦਿੱਤੀ। ਉਹ ਮੁਮਤਾਜ਼ ਦੇ ਅਸਲੀ ਪਿਤਾ ਦਾ ਨਾਂ ਅਤੇ ਪਟਿਆਲਾ ਦੇ ਪਿੰਡ ਨੂੰ ਜਾਣਦੇ ਸਨ, ਜਿੱਥੇ ਉਹ ਆਪਣਾ ਜੱਦੀ ਘਰ ਛੱਡਣ ਲਈ ਮਜਬੂਰ ਹੋਣ ਬਾਅਦ ਵੱਸ ਗਏ ਸਨ। ਮੁਮਤਾਜ਼ ਦੇ ਭਰਾ ਗੁਰਮੀਤ ਸਿੰਘ, ਨਰਿੰਦਰ ਸਿੰਘ ਅਤੇ ਅਮਰਿੰਦਰ ਸਿੰਘ ਪਰਿਵਾਰਕ ਮੈਂਬਰਾਂ ਸਮੇਤ ਕਰਤਾਰਪੁਰ ਸਥਿਤ ਗੁਰਦੁਆਰਾ ਦਰਬਾਰ ਸਾਹਿਬ ਪਹੁੰਚੇ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਮੁਮਤਾਜ਼ ਆਪਣੇ ਪਰਿਵਾਰ ਦੇ ਹੋਰ ਮੈਂਬਰਾਂ ਨਾਲ ਉੱਥੇ ਪਹੁੰਚੀ ਅਤੇ 75 ਸਾਲਾਂ ਬਾਅਦ ਆਪਣੇ ਗੁਆਚੇ ਭਰਾਵਾਂ ਨੂੰ ਮਿਲੀ।

You must be logged in to post a comment Login