ਕਸ਼ਮੀਰ ਵਿਚ ਖੌਫ਼, ਗੁੱਸੇ ਤੇ ਬੇਚੈਨੀ ਵਿਚਾਲੇ ਅਮਨ ਦੀ ਆਸ ਵੀ

ਕਸ਼ਮੀਰ ਵਿਚ ਖੌਫ਼, ਗੁੱਸੇ ਤੇ ਬੇਚੈਨੀ ਵਿਚਾਲੇ ਅਮਨ ਦੀ ਆਸ ਵੀ

ਸ੍ਰੀਨਗਰ, 24 ਅਪਰੈਲ : ਪੁਣੇ ਵਾਸੀ ਰਸ਼ਮੀ ਸੋਨਾਰਕਰ ਤੇ ਉਨ੍ਹਾਂ ਦਾ ਪਰਿਵਾਰ ਬੁੱਧਵਾਰ ਦੁਪਹਿਰੇ ਬੁਲੇਵਾਰਡ ਰੋਡ ’ਤੇ ਚਹਿਲਕਦਮੀ ਕਰਦਿਆਂ ਮਸ਼ਹੂਰ ਡਲ ਝੀਲ ਦੀ ਖ਼ੂਬਸੂਰਤੀ ਦਾ ਆਨੰਦ ਲੈਣ ਦੀ ਕੋਸ਼ਿਸ਼ ਕਰ ਰਿਹਾ ਹੈ, ਪਰ ਕਸ਼ਮੀਰ ਵਿਚ ਪਿਛਲੇ 12 ਘੰਟਿਆਂ ਵਿਚ ਵਾਪਰੀਆਂ ਘਟਨਾਵਾਂ ਉਨ੍ਹਾਂ ਨੂੰ ਬੇਚੈਨ ਕਰ ਰਹੀਆਂ ਹਨ। ਇਥੋਂ ਮਹਿਜ਼ 100 ਕਿਲੋਮੀਟਰ ਦੂਰ ਪਹਿਲਗਾਮ ਵਿਚ 26 ਸੈਲਾਨੀਆਂ ਦੀ ਹੱਤਿਆ ਨੇ ਉਨ੍ਹਾਂ ਦੇ ਦਿਮਾਗ ’ਤੇ ਡੂੰਘਾ ਅਸਰ ਪਾਇਆ ਹੈ। ਉਨ੍ਹਾਂ ਕਿਹਾ, ‘‘ਲੰਘੇ ਦਿਨ ਅਸੀਂ ਪਹਿਲਗਾਮ ਜਾਣਾ ਸੀ, ਪਰ ਅਸੀਂ ਟਿਊਲਿਪ ਗਾਰਡਨ ਜਾਣ ਦਾ ਫੈਸਲਾ ਕੀਤਾ। ਇਹ ਗੱਲ ਧੁਰ ਅੰਦਰ ਤੱਕ ਕਾਂਬਾ ਛੇੜਦੀ ਹੈ ਕਿ ਅਸੀਂ ਉਥੇ ਜਾਣ ਦੀਆਂ ਯੋਜਨਾਵਾਂ ਘੜ ਰਹੇ ਸੀ, ਜਿੱਥੇ ਅਤਿਵਾਦੀਆਂ ਨੇ ਬੇਗੁਨਾਹ ਲੋਕਾਂ ਦੀ ਹੱਤਿਆ ਕੀਤੀ।’’ ਇਸ ਦੇ ਬਾਵਜੂਦ ਪਰਿਵਾਰ ਨੇ ਹਾਲ ਦੀ ਘੜੀ ਇਥੇ ਹੀ ਰਹਿਣ ਦਾ ਫੈਸਲਾ ਕੀਤਾ ਹੈ। ਸੋਨਾਰਕਰ ਪਰਿਵਾਰ ਕਸ਼ਮੀਰ ਦੀ ਇਕ ਹਫ਼ਤੇ ਦੀ ਯਾਤਰਾ ’ਤੇ ਹੈ। ਰਸ਼ਮੀ ਦੇ ਪਤੀ ਨੇ ਕਿਹਾ, ‘‘ਸਾਨੂੰ ਪਤਾ ਹੈ ਕਿ ਸੁਰੱਖਿਆ ਬਲ ਹਾਲਾਤ ’ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਸਰਕਾਰ ਸੈਲਾਨੀਆਂ ਦੀ ਸੁਰੱਖਿਆ ਲਈ ਹਰ ਸੰਭਵ ਕੋੋਸ਼ਿਸ਼ ਕਰ ਰਹੀ ਹੈ ਤੇ ਸਭ ਤੋਂ ਵੱਧ ਆਮ ਕਸ਼ਮੀਰੀਆਂ ਦਾ ਵਿਹਾਰ ਚੰਗਾ ਹੈ। ਪਰ ਜਿਸ ਬੇਰਹਿਮੀ ਨਾਲ ਬੇਗੁਨਾਹਾਂ ਨੂੰ ਮਾਰਿਆ ਗਿਆ, ਉਹ ਸਾਡੇ ਦਿਮਾਗ ’ਚੋਂ ਨਹੀਂ ਨਿਕਲ ਰਿਹੈ।’’ ਹਾਲੀਆ ਮਹੀਨਿਆਂ ਵਿਚ ਕਸ਼ਮੀਰ ਵਿਚ ਸੈਰ-ਸਪਾਟੇ ਦਾ ਗ੍ਰਾ਼ਫ਼ ਤੇਜ਼ੀ ਨਾਲ ਚੜ੍ਹਿਆ ਹੈ। ਟਿਊਲਿਪ ਗਾਰਡਨ ਖੁੱਲ੍ਹਣ ਨਾਲ ਖਿੱਚ ਵਧੀ ਹੈ। ਪਰ ਪਹਿਲਗਾਮ ਹੱਤਿਆ ਕਾਂਡ ਸੈਰ-ਸਪਾਟੇ ਨਾਲ ਜੁੜੇ ਲੋਕਾਂ ਲਈ ਬੁਰਾ ਸੁਪਨਾ ਲੈ ਕੇ ਆਇਆ ਹੈ।

You must be logged in to post a comment Login