ਕਹਾਣੀ-ਗਜਾ

ਰੰਜੀਵਨ ਸਿੰਘ, ਮੁਹਾਲੀ (ਪੰਜਾਬ) 98150 68816

ਕਿੱਕਰੀ ਵਾਲੇ ਸਾਧਾਂ ਦੇ ਡੇਰੇ ਦਾ ਸੇਵਾਦਾਰ ਗੁਰਮੀਤ ਸਿੰਘ ਪਿਛਲੇ ਕੋਈ ਦੋ ਕੁ ਸਾਲਾਂ ਤੋਂ ਸ਼ਾਮ ਵਾਲੀ ਗਜਾ ਦੀ ਸੇਵਾ ਨਿਭਾਅ ਰਿਹਾ ਸੀ। ਮੀਂਹ ਜਾਵੇ ਹਨੇਰੀ ਜਾਵੇ, ਗੁਰਮੀਤ ਸਿੰਘ ਸ਼ਾਮੀ ਪੰਜ ਵਜੇ ਸਾਇਕਲ ਪਿੱਛੇ ਪਰਸ਼ਾਦਿਆਂ ਲਈ ਬੋਹੀਆ ਅਤੇ ਦਾਲ—ਭਾਜੀ ਲਈ ਇਕ ਵੱਡਾ ਡੋਲੂ ਟੰਗ ਗਲੀ—ਗਲੀ ਤੁਰ ਪੈਂਦਾ। “ਜੈ ਕਿੱਕਰੀ ਵਾਲੇ ਸਾਧਾਂ ਦੀ” ਦਾ ਹੋਕਾ ਦਿੰਦਿਆਂ ਉਹ ਡੇਰੇ ਦੇ ਪੈਰੋਕਾਰਾਂ ਦੇ ਘਰੋ—ਘਰੀਂ ਜਾ ਅਪੜਦਾ। ਅੱਗੋਂ ਮਾਈ—ਭਾਈ ਗੁਰਮੀਤ ਸਿੰਘ ਦਾ ਹੋਕਾ ਸੁਣ ਪਹਿਲੋਂ ਹੀ ਸੁੱਚੇ ਪਰਸ਼ਾਦੇ ਅਤੇ ਦਾਲ—ਭਾਜੀ, ਸੁਥਰੇ ਪੌਣੇ ਵਿਚ ਢੱਕ, ਦਰਾਂ ਉੱਤੇ ਲਈ ਪਹਿਲੋਂ ਹੀ ਖੜ੍ਹੇ ਹੁੰਦੇ। ਜਿਉਂ ਹੀ ਗੁਰਮੀਤ ਸਿੰਘ ਅਤੇ ਡੇਰੇ ਦੇ ਪੈਰੋਕਾਰਾਂ ਦੀਆਂ ਨਜ਼ਰਾਂ ਮਿਲਦੀਆਂ, ਉਹ ਕਿੱਕਰੀ ਵਾਲੇ ਸਾਧ ਦਾ ਜੈਕਾਰਾ ਸਾਂਝਾ ਕਰਦੇ। ਗੁਰਮੀਤ ਇਕ ਲੱਤ ਦੇ ਭਾਰ ਸਾਇਕਲ ਨੂੰ ਖਲ੍ਹਾਰ ਦਿੰਦਾ ਅਤੇ ਮਾਈ—ਭਾਈ ਅਗੋਂ ਸੁੱਚੇ ਫੁੱਲਕੇ ਅਤੇ ਸੁੱਚੀ ਦਾਲ—ਸਬਜ਼ੀ ਬੋਹੀਏ ਅਤੇ ਡੋਲੂ ਵਿਚ ਸ਼ਰਧਾ ਨਾਲ ਪਾ ਛਡਦੇ। “ਜੈ ਕਿੱਕਰੀ ਵਾਲੇ ਸਾਧਾਂ ਦੀ” ਦਾ ਹੋਕਾ ਦਿੰਦਿਆਂ ਗੁਰਮੀਤ ਸਿੰਘ ਅਗਲੇ ਪੈਰੋਕਾਰ ਦੇ ਘਰੀਂ ਤੁਰ ਪੈਂਦਾ।
ਅੱਜ ਅੱਗੇ ਨਰੈਣ ਸਿੰਘ, ਜੋ ਡੇਰੇ ਦਾ ਪੱਕਾ ਸ਼ਰਧਾਲੂ ਸੀ, ਆਪਣੇ ਦਰ੍ਹਾਂ ਮੁਹਰੇ ਖੜਾ ਸੀ। ਪਰ ਅੱਜ ਉਹ ਖਾਲ੍ਹੀ ਹੱਥੀ ਸੀ। ਗਜਾ ਦੀ ਰੋਟੀ ਉਸ ਕੋਲ ਨਹੀਂ ਸੀ। ਗੁਰਮੀਤ ਸਿੰਘ ਨੇ ਨਰੈਣ ਸਿੰਘ ਦੇ ਦਰ੍ਹਾਂ ਉੱਤੇ ਪੁੱਜ ਕੇ ਫ਼ਤਿਹ ਸਾਂਝੀ ਕੀਤੀ ਅਤੇ ਕਿੱਕਰੀ ਵਾਲੇ ਸਾਧਾਂ ਦਾ ਜੈਕਾਰਾ ਛੱਡਿਆ, ਜਿਸਦਾ ਨਰੈਣ ਸਿੰਘ ਨੇ ਜੈਕਾਰੇ ਨਾਲ ਹੀ ਜਵਾਬ ਦਿਤਾ। ਪਰ ਕਿਹਾ, “ਗੁਰਮੀਤ ਸਿਆਂ, ਬਈ ਅੱਜ ਲਈ ਮਾਫ਼ ਕਰੀਂ। ਮੁੰਡੇ ਦੇ ਕੁੱਝ ਦੋਸਤ—ਮਿੱਤਰ ਆਏ ਹੋਏ ਹਨ ਘਰੇ, ਮੀਟ—ਮੁਰਗਾ ਧਰ ਲਿਆ। ਇਸ ਲਈ ਅੱਜ ਲਈ ਮਾਫ਼ੀ…।” ਗੁਰਮੀਤ ਸਿੰਘ ਨੇ ਆਲਾ ਦੁਆਲਾ ਦੇਖਿਆ, “ਗਜਾ ਦੀ ਰੋਟੀ ਨਾ ਸਈ ਨਰੈਣ ਸਿੰਘ ਜੀ…। ਸੇਵਾਦਾਰਾਂ ਨੂੰ ਅੱਜ ਪਰਸ਼ਾਦਾ ਘਰੇ ਹੀ ਛਕਾ ਦਿਓ, ਮੁੰਡਿਆਂ—ਖੁੰਡਿਆਂ ਵਾਲਾ।” ਗੁਰਮੀਤ ਸਿੰਘ ਨੇ ਖੱਬੀ ਅੱਖ ਦਬਦਿਆਂ ਕਿਹਾ। ਨਰੈਣ ਸਿੰਘ ਨਿੰਮ੍ਹਾ—ਨਿੰਮ੍ਹਾ ਮੁਸਕਰਾਉਂਦਿਆ ਗੁਰਮੀਤ ਸਿੰਘ ਨੂੰ ਅੰਦਰ ਘਰੇ ਲੈ ਗਿਆ। ਤ੍ਰਿਪਤ ਹੋ, ਗੁਰਮੀਤ ਸਿੰਘ ਨੇ ਕਿੱਕਰੀ ਵਾਲੇ ਸਾਧਾਂ ਦਾ ਜੈਕਾਰਾ ਛੱਡਿਆ। ਸਾਇਕਲ ’ਤੇ ਚੜ, ਗੁਰਮੀਤ ਸਿੰਘ ਹੁਣ ਅਗਲੇ ਪੈਰੋਕਾਰ ਦੇ ਘਰੀਂ ਗਜਾ ਲੈਣ ਲਈ ਚਲ ਪਿਆ ਸੀ।

You must be logged in to post a comment Login