ਕਾਂਗਰਸ ਵੱਲੋਂ ਆਪਣੇ ਲੋਕ ਸਭਾ ਸੰਸਦ ਮੈਂਬਰਾਂ ਨੂੰ ਵ੍ਹਿਪ ਜਾਰੀ

ਕਾਂਗਰਸ ਵੱਲੋਂ ਆਪਣੇ ਲੋਕ ਸਭਾ ਸੰਸਦ ਮੈਂਬਰਾਂ ਨੂੰ ਵ੍ਹਿਪ ਜਾਰੀ

ਨਵੀਂ ਦਿੱਲੀ, 1 ਅਪਰੈਲ : ਵਿਵਾਦਤ ਵਕਫ਼ ਸੋਧ ਬਿੱਲ ਭਲਕੇ 12 ਵਜੇ ਪ੍ਰਸ਼ਨ ਕਾਲ ਤੋਂ ਬਾਅਦ ਲੋਕ ਸਭਾ ’ਚ ਪੇਸ਼ ਕੀਤਾ ਜਾਵੇਗਾ। ਸੂਤਰਾਂ ਨੇ ਦੱਸਿਆ ਕਿ ਕਾਂਗਰਸ ਨੇ ਅੱਜ ਆਪਣੇ ਸੰਸਦ ਮੈਂਬਰਾਂ ਨੂੰ ਲੋਕ ਸਭਾ ਵਿੱਚ ਮੌਜੂਦ ਰਹਿਣ ਲਈ ਵ੍ਹਿਪ ਜਾਰੀ ਕਰਦਿਆਂ ਅਗਲੇ ਤਿੰਨ ਦਿਨ ਮੌਜੂਦ ਰਹਿਣ ਲਈ ਕਿਹਾ ਹੈ। ਸਪੀਕਰ ਓਮ ਬਿਰਲਾ ਨੇ ਇਸ ਬਿੱਲ ’ਤੇ ਅੱਠ ਘੰਟੇ ਚਰਚਾ ਕਰਨ ਦਾ ਸਮਾਂ ਨਿਰਧਾਰਿਤ ਕੀਤਾ ਹੈ। ਇਸ ਤੋਂ ਬਾਅਦ ਇਹ ਬਿੱਲ ਲੋਕ ਸਭਾ ਵਿਚ ਪਾਸ ਕਰ ਦਿੱਤਾ ਜਾਵੇਗਾ ਪਰ ਇਸ ਬਿੱਲ ਨੂੰ ਪੇਸ਼ ਕੀਤੇ ਜਾਣ ਨਾਲ ਕਾਂਗਰਸ ਦੀ ਅਗਵਾਈ ਹੇਠਲੀ ਵਿਰੋਧੀ ਧਿਰ ਅਤੇ ਕੇਂਦਰ ਵਿਚਕਾਰ ਟਕਰਾਅ ਪੈਦਾ ਹੋ ਸਕਦਾ ਹੈ। ਹੱਦਬੰਦੀ ਅਤੇ ਤਿੰਨ ਭਾਸ਼ਾਈ ਫਾਰਮੂਲੇ ਨੂੰ ਲੈ ਕੇ ਪਹਿਲਾਂ ਤੋਂ ਹੀ ਵਿਰੋਧੀ ਧਿਰ ਅਤੇ ਸਰਕਾਰ ਆਹਮੋ-ਸਾਹਮਣੇ ਹਨ। ਟੀਡੀਪੀ ਵੱਲੋਂ ਮੁਸਲਮਾਨਾਂ ਦੇ ਹਿੱਤਾਂ ਦੀ ਰਾਖੀ ਦਾ ਭਰੋਸਾ ਦਿੱਤੇ ਜਾਣ ਕਾਰਨ ਹੁਕਮਰਾਨ ਐੱਨਡੀਏ ’ਚ ਵੀ ਦੂਰੀਆਂ ਵਧਣ ਦਾ ਖ਼ਦਸ਼ਾ ਹੈ।

ਪਿਛਲੇ ਹਫ਼ਤੇ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਅਤੇ ਟੀਡੀਪੀ ਮੁਖੀ ਚੰਦਰਬਾਬੂ ਨਾਇਡੂ ਨੇ ਸੂਬੇ ’ਚ ਵਕਫ਼ ਜਾਇਦਾਦਾਂ ਅਤੇ ਹਾਸ਼ੀਏ ’ਤੇ ਧੱਕੇ ਮੁਸਲਮਾਨਾਂ ਦੇ ਪਰਿਵਾਰਾਂ ਦਾ ਜਿਊਣ ਪੱਧਰ ਉੱਚਾ ਚੁੱਕਣ ਦਾ ਵਾਅਦਾ ਦੁਹਰਾਇਆ ਸੀ। ਇਸ ਤੋਂ ਪਹਿਲਾਂ ਐੱਨਡੀਏ ਦੀਆਂ ਦੋ ਹੋਰ ਭਾਈਵਾਲ ਪਾਰਟੀਆਂ ਜਨਤਾ ਦਲ (ਯੂ) ਅਤੇ ਲੋਕ ਜਨਸ਼ਕਤੀ ਪਾਰਟੀ (ਰਾਮਵਿਲਾਸ) ਵੀ ਬਿੱਲ ’ਤੇ ਆਪਣੇ ਖ਼ਦਸ਼ੇ ਜ਼ਾਹਿਰ ਕਰ ਚੁੱਕੀਆਂ ਹਨ। ਸੂਤਰਾਂ ਨੇ ਕਿਹਾ ਕਿ ਬਿਹਾਰ ’ਚ ਮੁਸਲਮਾਨਾਂ ਦਾ ਵੱਡਾ ਵੋਟ ਬੈਂਕ ਹੋਣ ਕਾਰਨ ਉਕਤ ਦੋਵੇਂ ਪਾਰਟੀਆਂ ਉਨ੍ਹਾਂ ਨੂੰ ਨਾਰਾਜ਼ ਨਹੀਂ ਕਰਨਾ ਚਾਹੁੰਦੀਆਂ ਹਨ। ਅਜਿਹੇ ਹਾਲਾਤ ’ਚ ਬਿੱਲ ਸੰਸਦ ’ਚ ਪੇਸ਼ ਕੀਤੇ ਜਾਣ ਨਾਲ ਹੁਕਮਰਾਨ ਭਾਜਪਾ ਨੂੰ ਝਟਕਾ ਲੱਗ ਸਕਦਾ ਹੈ।

You must be logged in to post a comment Login