ਕਾਬੁਲ ਦੇ ਗੁਰਦੁਆਰਾ ਕਰਤੇ ਪ੍ਰਵਾਨ ’ਤੇ ਅਤਿਵਾਦੀ ਹਮਲਾ; ਦੋ ਹਲਾਕ, 7 ਜ਼ਖ਼ਮੀ

ਕਾਬੁਲ ਦੇ ਗੁਰਦੁਆਰਾ ਕਰਤੇ ਪ੍ਰਵਾਨ ’ਤੇ ਅਤਿਵਾਦੀ ਹਮਲਾ; ਦੋ ਹਲਾਕ, 7 ਜ਼ਖ਼ਮੀ

ਨਵੀਂ ਦਿੱਲੀ, 18 ਜੂਨ- ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਦੇ ਗੁਰਦੁਆਰੇ ‘ਕਰਤੇ ਪ੍ਰਵਾਨ’ ਵਿੱਚ ਅੱਜ ਸਵੇਰੇ ਆਈਐੱਸਆਈਐੱਸ (ਖੁਰਸਾਨ) ਨਾਲ ਸਬੰਧਤ ਹਥਿਆਰਬੰਦ ਹਮਲਾਵਰਾਂ ਨੇ ਹਮਲਾ ਕਰ ਦਿੱਤਾ। ਗੁਰਦੁਆਰੇ ਵਿੱਚ ਤਿੰਨ ਧਮਾਕੇ ਕੀਤੇ ਗਏ ਹਨ ਤੇ ਦੋ ਜਣਿਆਂ ਦੀ ਮੌਤ ਹੋਈ ਹੈ ਤੇ ਸੱਤ ਜਣੇ ਜ਼ਖ਼ਮੀ ਹੋਏ ਹਨ।ਇਸ ਦੌਰਾਨ ਅਫਗਾਨਿਸਤਾਨ ਦੇ ਗ੍ਰਹਿ ਵਿਭਾਗ ਦੇ ਬੁਲਾਰੇ ਅਬਦੁਲ ਨਫੀ ਟਾਕੋਰ ਨੇ ਗੁਰਦੁਆਰੇ ’ਤੇ ਹੋਏ ਹਮਲੇ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਹਮਲਾਵਰਾਂ ਨੂੰ ਮਾਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਅਫਗਾਨਿਸਤਾਨ ਦੀ ਫੌਜ ਤੇ ਹਮਲਾਵਰਾਂ ਵਿਚਾਲੇ ਹੋਈ ਗੋਲੀਬਾਰੀ ਕਾਰਨ ਇਕ ਸਿੱਖ ਵਿਅਕਤੀ ਦੀ ਮੌਤ ਹੋਈ ਹੈ ਤੇ ਆਈਈਏ ਦੇ ਇਕ ਜਵਾਨ ਦੀ ਵੀ ਮੌਤ ਹੋਈ ਹੈ। ਇਸੇ ਦੌਰਾਨ ਸੱਤ ਜਣੇ ਜ਼ਖ਼ਮੀ ਹੋਏ ਹਨ। ਅਫਗਾਨਿਸਤਾਨ ਦੀ ਫੌਜ ਤੇ ਹਮਲਾਵਰਾਂ ਵਿਚਾਲੇ ਲੜਾਈ ਖ਼ਤਮ ਹੋ ਗਈ ਹੈ। ਇੰਡੀਅਨ ਵਰਲਡ ਫੌਰਮ ਦੇ ਪ੍ਰਧਾਨ ਪੁਨੀਤ ਸਿੰਘ ਨੇ ਟਵੀਟ ਕੀਤਾ ਹੈ ਕਿ ਗੁਰਦੁਆਰੇ ਵਿੱਚੋਂ ਗੁਰੂ ਗ੍ਰੰਥ ਸਾਹਿਬ ਨੂੰ ਸਿੱਖਾਂ ਨੇ ਸੁਰੱਖਿਅਤ ਬਾਹਰ ਕੱਢ ਲਿਆ ਹੈ ਤੇ ਗੁਰੂ ਗ੍ਰੰਥ ਸਾਹਿਬ ਨੂੰ ਗੁਰਦੁਆਰੇ ਦੇ ਮੈਨੇਜਰ ਗੁਰਨਾਮ ਸਿੰਘ ਦੇ ਘਰ ਪਹੁੰਚਾਇਆ ਜਾ ਰਿਹਾ ਹੈ। ਵੇਰਵਿਆਂ ਅਨੁਸਾਰ ਕਾਬੁਲ ਵਿੱਚ ਰਹਿ ਰਹੇ ਸਿੱਖਾਂ ਨੂੰ ਗੁਰਦੁਆਰੇ ਦੇ ਮੈਨੇਜਰ ਗੁਰਨਾਮ ਸਿੰਘ ਨੇ ਫੋਨ ’ਤੇ ਇਸ ਹਮਲੇ ਬਾਰੇ ਜਾਣਕਾਰੀ ਦਿੱਤੀ। ਇਸੇ ਦੌਰਾਨ ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ ਉਨ੍ਹਾਂ ਨੇ ਗੁਰਦੁਆਰੇ ਦੇ ਮੈਨੇਜਰ ਗੁਰਨਾਮ ਸਿੰਘ ਨਾਲ ਫੋਨ ’ਤੇ ਗੱਲਬਾਤ ਕੀਤੀ ਹੈ। ਮੈਨੇਜਰ ਅਨੁਸਾਰ ਇਹ ਹਮਲਾ ਸਵੇਰੇ 6 ਵਜੇ ਉਸ ਸਮੇਂ ਹੋਇਆ ਜਦੋਂ ਗੁਰਦੁਆਰੇ ਦਾ ਗ੍ਰੰਥੀ ‘ਪ੍ਰਕਾਸ਼’ ਕਰਨ ਲਈ ਗੁਰਦੁਆਰੇ ਵਿੱਚ ਦਾਖਲ ਹੋ ਰਿਹਾ ਸੀ। ਹਮਲਾਵਰਾਂ ਨੇ ਗੁਰਦੁਆਰੇ ਵਿੱਚ ਧਮਾਕਾ ਵੀ ਕੀਤਾ ਅਤੇ ਮੌਜੂਦਾ ਸਮੇਂ ਗੁਰਦੁਆਰਾ ਹਮਲਾਵਰਾਂ ਦੇ ਕਬਜ਼ੇ ਵਿੱਚ ਹੈ। ਇਸੇ ਦੌਰਾਨ ਗੁਰਦੁਆਰੇ ਦੀ ਦੂਜੀ ਮੰਜ਼ਿਲ ’ਤੇ ਕੁਝ ਲੋਕਾਂ ਨੂੰ ਬੰਦੀ ਵੀ ਬਣਾਿਆ ਗਿਆ ਹੈ। ਸ੍ਰੀ ਸਿਰਸਾ ਅਨੁਸਾਰ ਫਿਲਹਾਲ ਇਹ ਸਪੱਸ਼ਟ ਨਹੀਂ ਹੈ ਕਿ ਹਮਲੇ ਵਿੱਚ ਕਿੰਨੇ ਜਣਿਆਂ ਦੀ ਮੌਤ ਹੋਈ ਹੈ। ਇੰਡੀਅਨ ਵਰਲਡ ਫੌਰਮ ਦੇ ਪ੍ਰਧਾਨ ਪੁਨੀਤ ਸਿੰਘ ਨੇ ਵੀ ਦੱਸਿਆ ਕਿ ਮੈਨੇਜਰ ਗੁਰਨਾਮ ਸਿੰਘ ਅਨੁਸਾਰ ਗੁਰਦੁਆਰੇ ’ਤੇ ਵੱਡਾ ਹਮਲਾ ਹੋਇਆ ਹੈ। ਖਬਰ ਏਜੰਸੀ ਰਾਇਟਰਜ਼ ਅਨੁਸਾਰ ਹਮਲੇ ਵੇਲੇ ਗੁਰਦੁਆਰੇ ਵਿੱਚ 30 ਲੋਕ ਸਨ।

You must be logged in to post a comment Login