ਕਾਮੇਡੀ ਤੇ ਵਿਆਹਾਂ ਦੇ ਸ਼ੋਰ ’ਚ ਗੁਆਚਿਆ ਪੰਜਾਬੀ ਸਿਨਮਾ

ਕਾਮੇਡੀ ਤੇ ਵਿਆਹਾਂ ਦੇ ਸ਼ੋਰ ’ਚ ਗੁਆਚਿਆ ਪੰਜਾਬੀ ਸਿਨਮਾ
  • ਸੁਰਜੀਤ ਜੱਸਲ

ਸਾਲ 2018 ਨੂੰ ਪੰਜਾਬੀ ਸਿਨਮਾ ਲਈ ਕੋਈ ਬਹੁਤੀ ਵੱਡੀ ਪ੍ਰਾਪਤੀ ਵਾਲਾ ਨਹੀਂ ਕਹਿ ਸਕਦੇ। ਇਸ ਸਾਲ ਬਹੁਤ ਫ਼ਿਲਮਾਂ ਰਿਲੀਜ਼ ਹੋਈਆਂ, ਪਰ ਕੋਈ ਅਜਿਹੀ ਫ਼ਿਲਮ ਨਹੀਂ ਬਣੀ ਜੋ ਪੰਜਾਬੀ ਸਿਨਮਾ ਵਿਚ ਮੀਲ ਪੱਥਰ ਸਾਬਤ ਹੋਈ ਹੋਵੇ। ਇੰਜ ਕਹਿ ਸਕਦੇ ਹਾਂ ਕਿ ਭੇਡਚਾਲ ਦੇ ਰਾਹ ਤੁਰੇ ਫ਼ਿਲਮਸਾਜ਼ ਕਾਮੇਡੀ ਅਤੇ ਵਿਆਹਾਂ ਦੀ ਘੁੰਮਣਘੇਰੀ ਵਿਚ ਹੀ ਫਸੇ ਰਹੇ। ‘ਅੰਗਰੇਜ’ ਅਤੇ ‘ਮੰਜੇ ਬਿਸਤਰੇ’ ਨਾਲ ਉੱਠੀ ਵਿਆਹਾਂ ਦੀ ਹਨੇਰੀ ਵਿਚ ਕਈ ਚੰਗੇ ਵਿਸ਼ੇ ਵਾਲੀਆਂ ਅਰਥ ਭਰਪੂਰ ਫ਼ਿਲਮਾਂ ਵੀ ਗੁਆਚ ਗਈਆਂ। ਹਲਕੇ ਮਨੋਰੰਜਨ ਵਾਲੀਆਂ ਫ਼ਿਲਮਾਂ ਨੇ ਚੰਗੀ ਕਮਾਈ ਕੀਤੀ, ਜਦੋਂਕਿ ਚੰਗੀਆਂ ਫ਼ਿਲਮਾਂ ਜਿਵੇਂ ‘ਦਾਣਾ ਪਾਣੀ’, ‘ਆਸੀਸ’, ‘ਸੰਨ ਆਫ ਮਨਜੀਤ ਸਿੰਘ’ ਵਰਗੀਆਂ ਫ਼ਿਲਮਾਂ ਆਪਣੇ ਖ਼ਰਚ ਵੀ ਪੂਰੇ ਨਾ ਕਰ ਸਕੀਆਂ। ਆਓ, ਸਾਲ ਭਰ ਵਿਚ ਰਿਲੀਜ਼ ਹੋਈਆਂ ਇਨ੍ਹਾਂ ਫ਼ਿਲਮਾਂ ’ਤੇ ਝਾਤ ਮਾਰਦੇ ਹਾਂ:
ਸਾਲ ਦੀ ਸ਼ੁਰੂਆਤ ਵਿਚ ਰਿਲੀਜ਼ ਹੋਈਆਂ ਫ਼ਿਲਮਾਂ ‘ਸੱਗੀ ਫੁੱਲ’, ‘ਪੰਜਾਬ ਸਿੰਘ’ ਅਤੇ ‘ਭਗਤ ਸਿੰਘ ਦੀ ਉਡੀਕ’ ਨੇ ਦਰਸ਼ਕਾਂ ਨੂੰ ਨਿਰਾਸ਼ ਹੀ ਕੀਤਾ ਹੈ। ਸ਼ਿਵਤਾਰ ਸ਼ਿਵ ਦੀ ਬਤੌਰ ਨਿਰਦੇਸ਼ਕ ਪਹਿਲੀ ਫ਼ਿਲਮ ‘ਸੱਗੀ ਫੁੱਲ’ ਪੰਜਾਬ ਦੀ ਧਰਾਤਲ ਨਾਲ ਜੁੜੀ ਪਰਿਵਾਰਕ ਕਹਾਣੀ ਸੀ, ਪਰ ਬੇਸ਼ੁਮਾਰ ਕਮੀਆਂ ਤੇ ਕਮਜ਼ੋਰ ਸਕਰੀਨ ਪਲੇਅ ਕਰਕੇ ਇਹ ਦਰਸ਼ਕਾਂ ਦੇ ਮਨਾਂ ’ਚ ਨਾ ਉਤਰੀ। ਅਮਿਤੋਜ਼ ਸ਼ੇਰਗਿੱਲ, ਸਿਮਰਨ ਪ੍ਰੀਤ, ਸ਼ਵਿੰਦਰ ਮਾਹਲ, ਨੀਟੂ ਪੰਧੇਰ, ਸੁੱਖੀ ਬੱਲ ਆਦਿ ਕਲਾਕਾਰਾਂ ਵੱਲੋਂ ਫ਼ਿਲਮ ਵਿਚ ਅਹਿਮ ਕਿਰਦਾਰ ਨਿਭਾਏ ਗਏ।
ਗੁਰਜਿੰਦ ਮਾਨ, ਸਾਰਥੀ ਕੇ, ਕੁਲਜਿੰਦਰ ਸਿੱਧੂ ਦੀ ਫ਼ਿਲਮ ‘ਪੰਜਾਬ ਸਿੰਘ’ ਗੁਰੂ ਕੀ ਨਗਰੀ ਅੰਮ੍ਰਿਤਸਰ ਨੂੰ ਗੁੰਡਾਗਰਦੀ ਵਰਗੇ ਵਿਸ਼ਿਆਂ ਨਾਲ ਮਸ਼ਹੂਰ ਕਹਿਣ ਕਰਕੇ ਅਤੇ ਭੱਦੀ ਸ਼ਬਦਾਵਲੀ ਵਾਲੇ ਸੰਵਾਦਾਂ ਕਰਕੇ ਰਿਲੀਜ਼ ਤੋਂ ਪਹਿਲਾਂ ਹੀ ਵਿਰੋਧ ਦਾ ਸ਼ਿਕਾਰ ਹੋ ਗਈ। ਇਸ ਫ਼ਿਲਮ ਵਿਚ ਨਾਮਵਰ ਅਦਾਕਾਰਾ ਅਨੀਤਾ ਦੇਵਗਨ ਨੇ ਬਦਮਾਸ਼ ਔਰਤ ਦਾ ਕਿਰਦਾਰ ਨਿਭਾਇਆ ਸੀ। ਅਸੱਭਿਅਕ ਸੰਵਾਦਾਂ ਕਰਕੇ ਇਸ ਫ਼ਿਲਮ ਨੂੰ ਕਾਫ਼ੀ ਥੂ-ਥੂ ਕਰਾਉਣੀ ਪਈ।
ਸਮਾਜ ਵਿਚ ਵਧ ਰਹੀਆਂ ਬਲਾਤਕਾਰ ਅਤੇ ਗੁੰਡਾਗਰਦੀ ਦੀਆਂ ਘਟਨਾਵਾਂ ਦੇ ਵਿਸ਼ੇ ’ਤੇ ਆਧਾਰਿਤ ਨਿਰਦੇਸ਼ਕ ਸ਼ਿਵਮ ਸ਼ਰਮਾ ਦੀ ਅਰਸ਼ ਚਾਵਲਾ, ਸਰਦਾਰ ਸੋਹੀ ਤੇ ਸਰਬੀ ਸਿੰਗਲਾ ਨੂੰ ਲੈ ਕੇ ਬਣਾਈ ਫ਼ਿਲਮ ‘ਭਗਤ ਸਿੰਘ ਦੀ ਉਡੀਕ’ ਵੀ ਪੰਜਾਬੀ ਦਰਸ਼ਕਾਂ ਦੀ ਪਸੰਦ ਨਾ ਬਣ ਸਕੀ।
ਸਮੀਪ ਕੰਗ ਵੱਲੋਂ ਨਿਰਦੇਸ਼ਿਤ ਕੀਤੀ ਫ਼ਿਲਮ ‘ਲਾਵਾਂ ਫੇਰੇ’ ਨਾਲ ਪੰਜਾਬੀ ਸਿਨਮਿਆਂ ਵਿਚ ਭੀੜ ਜੁੜਨੀ ਸ਼ੁਰੂ ਹੋਈ। ਰੌਸ਼ਨ ਪ੍ਰਿੰਸ, ਰੂਬੀਨਾ ਬਾਜਵਾ ਦੀ ਜੋੜੀ ਵਾਲੀ ਇਸ ਫ਼ਿਲਮ ਵਿਚ ਤਿੰਨ ਅੜਬ ਪ੍ਰਾਹੁਣਿਆਂ ਦੀ ਤਿੱਕੜੀ ਨੇ ਕਾਮੇਡੀ ਨਾਲ ਦਰਸ਼ਕਾਂ ਦਾ ਖ਼ੂਬ ਮਨੋਰੰਜਨ ਕੀਤਾ ਤੇ ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ ਤੇ ਹਰਬੀ ਸੰਘਾ ਦੀ ਕਾਮੇਡੀ ਨੇ ਵਪਾਰਕ ਸਿਨਮਾ ਦਾ ਖਾਤਾ ਖੋਲ੍ਹਿਆ।
ਲੇਖਕ ਤੋਂ ਨਿਰਦੇਸ਼ਕ ਬਣਿਆ ਅੰਬਰਦੀਪ ਸਿੰਘ ਆਪਣੀ ਫ਼ਿਲਮ ‘ਲੌਂਗ ਲਾਚੀ’ ਵਿਚ ਨੀਰੂ ਬਾਜਵਾ ਨਾਲ ਹੀਰੋ ਬਣਕੇ ਪੰਜਾਬੀ ਪਰਦੇ ’ਤੇ ਨਜ਼ਰ ਆਇਆ। ਫ਼ਿਲਮ ਦੀ ਕਹਾਣੀ ਬੜੀ ਅਜੀਬ ਸੀ ਜਿਸ ਵਿਚ ਇਕ ਗ਼ਰੀਬ ਦਿਹਾੜੀਦਾਰ ਮੁੰਡੇ ਦਾ ਵਿਆਹ ਖ਼ੂਬਸੁਰਤ ਕੁੜੀ ਨਾਲ ਹੋ ਜਾਂਦਾ ਹੈ ਜੋ ਰੰਗ ਤੇ ਸੁਹੱਪਣ ਪੱਖੋਂ ‘ਲੌਂਗ-ਲਾਚੀ’ ਦਰਸਾਏ ਗਏ। ਅੰਬਰਦੀਪ ਦਾ ਹੀਰੋ ਬਣਨਾ ਬਹੁਤੇ ਦਰਸ਼ਕਾਂ ਨੂੰ ਪ੍ਰਵਾਨ ਨਾ ਹੋਇਆ। ਐਮੀ ਵਿਰਕ, ਨੀਰੂ ਬਾਜਵਾ ਤੇ ਅੰਮ੍ਰਿਤ ਮਾਨ ਕਰਕੇ ਇਹ ਫ਼ਿਲਮ ਦਰਸ਼ਕਾਂ ਵਿਚ ਖਿੱਚ ਦਾ ਕੇਂਦਰ ਬਣੀ ਰਹੀ। ਸਾਲ ਦੇ ਅਖੀਰ ਵਿਚ ਆਈ ਅੰਬਰਦੀਪ ਦੀ ਚਾਰ ਛੜੇ ਭਰਾਵਾਂ ਦੀ ਜ਼ਿੰਦਗੀ ’ਤੇ ਆਧਾਰਿਤ ਫ਼ਿਲਮ ‘ਭੱਜੋ ਵੀਰੋ ਵੇ’ ਵਿਸ਼ੇ ਵਿਚ ਤਾਜ਼ਗੀ ਹੋਣ ਕਰਕੇ ਦਰਸ਼ਕਾਂ ਨੂੰ ਪਸੰਦ ਆਈ। ਕਈ ਸਾਲਾਂ ਬਾਅਦ ਗੁੱਗੂ ਗਿੱਲ ਬਦਮਾਸ਼ੀ ਵਾਲੇ ਅੰਦਾਜ਼ ’ਚ ਨਜ਼ਰ ਆਇਆ। ਅੰਬਰਦੀਪ ਤੇ ਸਿੰਮੀ ਚਾਹਲ ਦੀ ਜੋੜੀ ਬਹੁਤੇ ਦਰਸ਼ਕਾਂ ਨੂੰ ਪ੍ਰਵਾਨ ਨਾ ਹੋਈ।
ਇਸ ਸਾਲ ਕੁਝ ਫ਼ਿਲਮਾਂ ਦੇਸ਼ ਕੌਮ ਲਈ ਸ਼ਹਾਦਤਾਂ ਦੇਣ ਵਾਲੇ ਸ਼ਹੀਦਾਂ ਨੂੰ ਵੀ ਸਮਰਪਿਤ ਰਹੀਆਂ। ਪੰਕਜ ਬੱਤਰਾ ਦੇ ਨਿਰਦੇਸ਼ਨ ਵਿਚ ਦਿਲਜੀਤ ਦੁਸਾਂਝ ਨੂੰ ਲੈ ਕੇ ਬਣੀ ਫ਼ਿਲਮ ‘ਸੱਜਣ ਸਿੰਘ ਰੰਗਰੂਟ’ ਹਰ ਪੱਖੋਂ ਕਮਾਲ ਦੀ ਫ਼ਿਲਮ ਸੀ ਜਿਸਨੂੰ ਦਰਸ਼ਕਾਂ ਨੇ ਪਸੰਦ ਕੀਤਾ, ਪਰ ਇਹ ਦਿਲਜੀਤ ਦੀਆਂ ਕਾਮੇਡੀ ਫ਼ਿਲਮਾਂ ਵਾਲਾ ਕਾਰੋਬਾਰ ਨਾ ਕਰ ਸਕੀ। ਪ੍ਰਸਿੱਧ ਗਾਇਕਾ ਸੁਨੰਦਾ ਸ਼ਰਮਾ ਇਸ ਫ਼ਿਲਮ ਵਿਚ ਬਤੌਰ ਨਾਇਕਾ ਦਿਲਜੀਤ ਨਾਲ ਪਹਿਲੀ ਵਾਰ ਫ਼ਿਲਮੀ ਪਰਦੇ ’ਤੇ ਨਜ਼ਰ ਆਈ। ਇਸ ਫ਼ਿਲਮ ਵਿਚ ਪਹਿਲੀ ਵਿਸ਼ਵ ਜੰਗ ਵਿਚ ਪੰਜਾਬੀ ਯੋਧਿਆਂ ਦੀ ਸ਼ਹਾਦਤ ਦਿਖਾਈ ਗਈ।
‘ਅੰਗਰੇਜ’ ਫ਼ਿਲਮ ਵਾਲੇ ਨਿਰਦੇਸ਼ਕ ਸਿਮਰਜੀਤ ਸਿੰਘ ਵੱਲੋਂ ਵੀ ਪਰਮਵੀਰ ਚੱਕਰ ਵਿਜੇਤਾ ‘ਸੂਬੇਦਾਰ ਜੋਗਿੰਦਰ ਸਿੰਘ’ ਦੀ ਜੀਵਨੀ ’ਤੇ ਆਧਾਰਿਤ ਦੇਸ਼ ਭਗਤੀ ਵਾਲੀ ਫ਼ਿਲਮ ਬਣਾਈ ਗਈ। ਇਸ ਵਿਚ ਗਿੱਪੀ ਗਰੇਵਾਲ ਨੇ ਮੁੱਖ ਕਿਰਦਾਰ ਨਿਭਾਇਆ। ਗੁੱਗੂ ਗਿੱਲ, ਅਦਿਤੀ ਸ਼ਰਮਾ, ਸਰਦਾਰ ਸੋਹੀ, ਕਰਮਜੀਤ ਅਨਮੋਲ, ਰੌਸ਼ਨ ਪ੍ਰਿੰਸ ਦੀ ਵੱਡੀ ਸਟਾਰਕਾਸਟ ਵਾਲੀ ਇਹ ਫ਼ਿਲਮ ਟਿਕਟ ਖਿੜਕੀ ’ਤੇ ਬਹੁਤਾ ਕਮਾਲ ਨਾ ਕਰ ਸਕੀ।
ਨਿਰਦੇਸ਼ਕ ਸਿਮਰਜੀਤ ਦੀ ਇਸੇ ਸਾਲ ਆਈ ਗਿੱਪੀ ਗਰੇਵਾਲ, ਬੀਨੂੰ ਢਿੱਲੋਂ, ਜਸਵਿੰਦਰ ਭੱਲਾ ਤੇ ਕਰਮਜੀਤ ਅਨਮੋਲ ਟੀਮ ਵਾਲੀ ‘ਮਰ ਗਏ ਓਏ ਲੋਕੋ’ ਵੀ ਕਾਮੇਡੀ ਫ਼ਿਲਮਾਂ ਦੇ ਦੌਰ ਵਿਚ ਠੀਕ ਠੀਕ ਰਹੀ। ਧਰਮਰਾਜ ਦੇ ਯਮਦੂਤਾਂ ਨੂੰ ਕਾਮੇਡੀ ਦਾ ਆਧਾਰ ਬਣਾਕੇ ਲਿਖੀ ਇਹ ਫ਼ਿਲਮ ਦਰਸ਼ਕਾਂ ਨੂੰ ਆਪਣੇ ਨਾਲ ਜੋੜ ਨਾ ਸਕੀ।
ਪੰਜਾਬੀ ਇੰਡਸਟਰੀ ਵਿਚ ਬਤੌਰ ਨਾਇਕ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਹਰੀਸ਼ ਵਰਮਾ ਦੇ ਇਸ ਸਾਲ ਫ਼ਿਲਮ ‘ਗੋਲਕ ਬੁਗਨੀ ਬੈਂਕ ਤੇ ਬਟੂਆ’ ਨਾਲ ਪੈਰ ਲੱਗਦੇ ਨਜ਼ਰ ਆਏ। ਨੋਟਬੰਦੀ ਦੇ ਵਿਸ਼ੇ ’ਤੇ ਆਧਾਰਿਤ ਪਿਆਰ ਮੁਹੱਬਤ ਦੀ ਚਾਸ਼ਨੀ ਵਾਲੀ ਇਸ ਕਾਮੇਡੀ ਫ਼ਿਲਮ ਵਿਚ ਅਮਰਿੰਦਰ ਗਿੱਲ, ਅਦਿਤੀ ਸ਼ਰਮਾ, ਹਰੀਸ਼ ਵਰਮਾ, ਸਿੰਮੀ ਚਾਹਲ, ਜਸਵਿੰਦਰ ਭੱਲਾ ਅਨੀਤਾ ਦੇਵਗਨ, ਸੁਮਿਤ ਗੁਲਾਟੀ, ਬੀ.ਐੱਨ. ਸ਼ਰਮਾ ਆਦਿ ਕਲਾਕਾਰ ਨਜ਼ਰ ਆਏ। ਦੋ ਸਮਿਆਂ ਦੀ ਕਹਾਣੀ ਦਰਸਾਉਂਦੀ ਇਸ ਫ਼ਿਲਮ ਵਿਚ 1977 ਦੀ ਫਲੈਸ਼ਬੈਕ ਨੂੰ ਦਰਸਾਇਆ ਗਿਆ ਜਦੋਂ ਮੋਰਾਰਜੀ ਦੇਸਾਈ ਨੇ ਹਜ਼ਾਰ ਦੇ ਨੋਟ ’ਤੇ ਪਾਬੰਦੀ ਲਗਾਈ ਸੀ, ਇੱਥੇ ਸਿੱਧੇ ਸਾਦੇ ‘ਭੋਲੇ’ ਅਤੇ ‘ਛਿੰਦੀ’ ਦੇ ਵਿਆਹ ਦੀ ਕਹਾਣੀ ਹੈ। ਦੂਜੇ ਪਾਸੇ ਨਰਿੰਦਰ ਮੋਦੀ ਵੱਲੋਂ 2016 ਵਿਚ ਕੀਤੀ ਨੋਟਬੰਦੀ ਫ਼ਿਲਮ ਦਾ ਆਧਾਰ ਹੈ ਜਿਸ ਵਿਚ ‘ਨੀਟੇ’ ਅਤੇ ‘ਮਿਸ਼ਰੀ’ ਦਾ ਘਰੋਂ ਭੱਜ ਕੇ ਵਿਆਹ ਕਰਾਉਣ ਵਿਚ ਨੋਟਬੰਦੀ ਅੜਿੱਕਾ ਬਣਦੀ ਹੈ। ਇਸ ਫ਼ਿਲਮ ਨੇ ਦਰਸ਼ਕਾਂ ਦਾ ਚੰਗਾ ਪਿਆਰ ਖੱਟਿਆ। ਨਿੱਕੀ ਉਮਰ ਦੇ ਨਿਰਦੇਸ਼ਕ ਤਰੁਣ ਜਗਪਾਲ ਸਿੰਘ ਦੀ ਫ਼ਿਲਮ ‘ਦਾਣਾ ਪਾਣੀ’ ਵਿਸ਼ੇ ਅਤੇ ਤਕਨੀਕ ਪੱਖੋਂ ਸਫਲ ਫ਼ਿਲਮ ਰਹੀ। ਜਿੰਮੀ ਸ਼ੇਰਗਿੱਲ ਤੇ ਸਿੰਮੀ ਚਾਹਲ ਦੀ ਜੋੜੀ ਵਾਲੀ ਕਾਮੇਡੀ ਤੋਂ ਹਟਕੇ ਸੰਜੀਦਾ ਵਿਸ਼ੇ ’ਤੇ ਬਣੀ ਇਹ ਫ਼ਿਲਮ ਦਰਸ਼ਕਾਂ ਦੀ ਪਸੰਦ ਬਣੀ, ਪਰ ਵਪਾਰਕ ਪੱਖ ਤੋਂ ਇਹ ਫ਼ਿਲਮ ਮਾਰ ਖਾ ਗਈ। ਜਿੰਮੀ ਸ਼ੇਰਗਿੱਲ, ਸਿੰਮੀ ਚਾਹਲ, ਗੁਰਪ੍ਰੀਤ ਘੁੱਗੀ, ਹਰਬੀ ਸੰਘਾ, ਮਲਕੀਤ ਰੌਣੀ ਆਦਿ ਕਲਾਕਾਰਾਂ ਦੀ ਅਦਾਕਾਰੀ ਉੱਭਰ ਕੇ ਸਾਹਮਣੇ ਆਈ। ਇਸੇ ਦੌਰਾਨ ਖੇਡ ਜਗਤ ਨਾਲ ਜੁੜੀਆਂ ਕੁਝ ਫ਼ਿਲਮਾਂ ਵੀ ਪੰਜਾਬੀ ਸਿਨਮਾ ਦਾ ਸ਼ਿੰਗਾਰ ਬਣੀਆਂ। ਰੋਹਿਤ ਜੁਗਰਾਜ ਦੇ ਨਿਰਦੇਸ਼ਨ ਵਿਚ ਬਣੀ ਰਣਜੀਤ ਬਾਵਾ ਦੀ ‘ਖਿੰਦੋ ਖੁੰਡੀ’ ਨੇ ਜਿੱਥੇ ਖੇਡ ਅਤੇ ਸਿਨਮਾ ਪ੍ਰੇਮੀਆਂ ਨੂੰ ਨਿਰਾਸ਼ ਕੀਤਾ, ਉੱਥੇ ਨਿਰਦੇਸ਼ਕ ਵਿਜੇ ਅਰੋੜਾ ਵੱਲੋਂ ਇਕ ਹਾਕੀ ਖਿਡਾਰੀ ਦੀ ਜੀਵਨੀ ’ਤੇ ਆਧਾਰਿਤ ਐਮੀ ਵਿਰਕ ਨੂੰ ਲੈ ਕੇ ਬਣਾਈ ਫ਼ਿਲਮ ‘ਹਰਜੀਤਾ’ ਦਰਸ਼ਕਾਂ ਦੀ ਪਸੰਦ ਬਣੀ। ਇਸ ਫ਼ਿਲਮ ਲਈ ਐਮੀ ਵਿਰਕ ਨੇ ਹਰਜੀਤ ਸਿੰਘ ਤੁਲੀ ਦੇ ਸਹੀ ਰੂਪ ਵਿਚ ਆਉਣ ਲਈ ਸਖ਼ਤ ਮਿਹਨਤ ਕਰਦਿਆਂ ਆਪਣਾ ਬਹੁਤ ਜ਼ਿਆਦਾ ਵਜ਼ਨ ਵੀ ਘਟਾਇਆ। ਇਹ ਫ਼ਿਲਮ ਦਰਸ਼ਕਾਂ ਦਾ ਪਿਆਰ ਲੈਣ ਵਿਚ ਸਫਲ ਰਹੀ।
ਰਾਣਾ ਰਣਬੀਰ ਬਹੁਤੀਆਂ ਫ਼ਿਲਮਾਂ ਵਿਚ ਸਹਾਇਕ ਕਲਾਕਾਰ ਵਜੋਂ ਹੀ ਨਜ਼ਰ ਆਇਆ ਹੈ। ਉਹ ਰੰਗਮੰਚ ਦਾ ਪੁਰਾਣਾ ਖਿਡਾਰੀ ਹੈ। ‘ਆਸੀਸ’ ਬਤੌਰ ਲੇਖਕ, ਨਿਰਦੇਸ਼ਕ ਅਤੇ ਨਾਇਕ ਰਾਣੇ ਦੀ ਪਹਿਲੀ ਫ਼ਿਲਮ ਸੀ ਜਿਸਦੀ ਚਰਚਾ ਤਾਂ ਬਹੁਤ ਹੋਈ, ਪਰ ਇਹ ਪੰਜਾਬੀ ਸਿਨਮਾ ਲਈ ਨਵਾਂ ਮੋੜ ਨਾ ਬਣ ਸਕੀ। ਟੁੱਟਦੇ ਪਰਿਵਾਰਕ ਰਿਸ਼ਤਿਆਂ ’ਤੇ ਕਰਾਰੀ ਚੋਟ ਅਤੇ ਸਮਾਜਿਕ ਕਦਰਾਂ ਕੀਮਤਾਂ ਦੀ ਗੱਲ ਕਰਦੀ ਇਹ ਚੰਗੀ ਫ਼ਿਲਮ ਹੋਣ ਕਰਕੇ ਦਰਸ਼ਕਾਂ ਦੀ ਪਸੰਦ ਤਾਂ ਬਣੀ, ਪਰ ਟਿਕਟ ਖਿੜਕੀ ’ਤੇ ਭੀੜ ਨਾ ਜੁਟਾ ਸਕੀ। ਇਸ ਫ਼ਿਲਮ ਵਿਚ ਰਾਣਾ ਰਣਬੀਰ, ਨੇਹਾ ਪਵਾਰ, ਸਰਦਾਰ ਸੋਹੀ, ਕੁਲਜਿੰਦਰ ਸਿੱਧੂ, ਰੁਪਿੰਦਰ ਰੂਪੀ, ਮਲਕੀਤ ਰੌਣੀ, ਜੋਤ ਅਰੋੜਾ, ਸੀਮਾ ਕੌਸ਼ਲ ਆਦਿ ਕਲਾਕਾਰਾਂ ਨੇ ਅਹਿਮ ਕਿਰਦਾਰ ਨਿਭਾਏ। ‘ਆਸੀਸ’ ਬਣਾ ਕੇ ਨਿਰਮਾਤਾ ਲਵਪ੍ਰੀਤ ਸੰਧੂ ਨੇ ਸਮਾਜ ਨੂੰ ਚੰਗੀ ਫ਼ਿਲਮ ਦੇਣ ਦਾ ਵਾਅਦਾ ਪੂਰਾ ਕੀਤਾ।
‘ਕੈਰੀ ਆਨ ਜੱਟਾ’ ਦੀ ਸਫਲਤਾ ਤੋਂ ਬਾਅਦ ਨਿਰਦੇਸ਼ਕ ਸਮੀਪ ਕੰਗ ਇਸ ਸਾਲ ‘ਕੈਰੀ ਆਨ ਜੱਟਾ- 2’ ਲੈ ਕੇ ਆਇਆ। ਗਿੱਪੀ ਗਰੇਵਾਲ, ਜਸਵਿੰਦਰ ਭੱਲਾ, ਬੀਨੂੰ ਢਿੱਲੋਂ, ਗੁਰਪ੍ਰੀਤ ਘੁੱਗੀ ਤੇ ਕਰਮਜੀਤ ਅਨਮੋਲ ਆਦਿ ਕਲਾਕਾਰਾਂ ਦੀ ਇਸ ਫ਼ਿਲਮ ਨੇ ਉਦਾਸ ਪੰਜਾਬੀ ਸਿਨਮਿਆਂ ਵਿਚ ਮੁੜ ਰੌਣਕਾਂ ਲਾ ਦਿੱਤੀਆਂ। ਇਸੇ ਸਾਲ ਆਈ ਸਮੀਪ ਕੰਗ ਦੇ ਨਿਰਦੇਸ਼ਨ ਵਿਚ ਬੀਨੂੰ ਢਿੱਲੋਂ ਦੀ ਫ਼ਿਲਮ ‘ਵਧਾਈਆਂ ਜੀ ਵਧਾਈਆਂ’ ਵੀ ਚੰਗੀ ਕਾਮੇਡੀ ਹੋਣ ਕਰਕੇ ਦਰਸ਼ਕਾਂ ਦੀ ਪਸੰਦ ਬਣੀ। ਗਰੁਦਾਸ ਮਾਨ ਦੀਆਂ ਫ਼ਿਲਮਾਂ ਹਮੇਸ਼ਾਂ ਲੀਕ ਤੋਂ ਹਟਕੇ ਹੁੰਦੀਆਂ ਹਨ। ਮਨਜੀਤ ਮਾਨ ਵੱਲੋਂ ਨਿਰਦੇਸ਼ਿਤ ਕੀਤੀ ਫ਼ਿਲਮ ‘ਨਨਕਾਣਾ’ ਵੀ ਉਸ ਦੀਆਂ ਪਹਿਲੀਆਂ ਫ਼ਿਲਮਾਂ ਵਾਂਗ ਚੰਗੀ ਫ਼ਿਲਮ ਸੀ ਜਿਸ ਨੂੰ ਦਰਸ਼ਕ ਪਹਿਲਾਂ ਸਿੱਖ ਧਰਮ ਦੀ ਇਤਿਹਾਸਕ ਫ਼ਿਲਮ ਸਮਝਦੇ ਰਹੇ। ਗੁਰਦਾਸ ਮਾਨ ਵੱਲੋਂ ਇਸ ਬਾਰੇ ਜਦੋਂ ਸਪੱਸ਼ਟ ਕੀਤਾ ਗਿਆ ਕਿ ਇਹ ਸਮਾਜਿਕ ਤੇ ਪਰਿਵਾਰਕ ਡਰਾਮਾ ਫ਼ਿਲਮ ਹੈ ਤਾਂ ਇਸ ਪ੍ਰਤੀ ਦਰਸ਼ਕਾਂ ਦਾ ਨਜ਼ਰੀਆ ਬਦਲਦਾ ਨਜ਼ਰ ਆਇਆ। ਨਤੀਜਨ ਹਰ ਪੱਖੋਂ ਚੰਗੀ ਬਣੀ ਇਹ ਫ਼ਿਲਮ ਦਰਸ਼ਕਾਂ ਦੀ ਪਸੰਦ ਤਾਂ ਬਣੀ, ਪਰ ਟਿਕਟ ਖਿੜਕੀ ’ਤੇ ਬਹੁਤਾ ਕਮਾਲ ਨਾ ਕਰ ਸਕੀ। ਫ਼ਿਲਮ ਦੀ ਕਹਾਣੀ ਦੇਸ਼ ਦੇ ਬਟਵਾਰੇ ਸਮੇਂ ਦੇ ਹਾਲਾਤ , ਆਪਸੀ ਪਿਆਰ ਤੇ ਭਾਈਚਾਰਕ ਸਾਂਝ ਅਤੇ ਨਫ਼ਰਤ ਦੀ ਅੱਗ ਵਿਚ ਝੁਲਸੀ ਜਵਾਨੀ, ਔਲਾਦ ਲਈ ਤਰਸਦੇ ਮਾਪੇ, ਜ਼ਮੀਨਾਂ ’ਤੇ ਸ਼ਰੀਕੇ ਵਾਲਿਆਂ ਦੀ ਨਜ਼ਰ ਜਿਹੇ ਅਹਿਮ ਮੁੱਦਿਆਂ ਨੂੰ ਉਭਾਰਦੀ ਸੀ। ਇਸ ਫ਼ਿਲਮ ਵਿਚ ਗੁਰਦਾਸ ਮਾਨ, ਕਵਿਤਾ ਕੌਸ਼ਿਕ, ਬੇਬੀ ਗੁਣਜੋਤ, ਮਹਾਂਬੀਰ ਭੁੱਲਰ, ਸਚਿਨ ਸ਼ਰਮਾ, ਅਦਿਤੀ ਸ਼ਰਮਾ, ਗੁਰਮੀਤ ਸਾਜਨ ਆਦਿ ਕਲਾਕਾਰਾਂ ਨੇ ਅਹਿਮ ਕਿਰਦਾਰ ਨਿਭਾਏ।
ਨਿਰਦੇਸ਼ਕ ਅੰਬਰਦੀਪ ਸਿੰਘ ਦੀ ਭੰਗੜੇ ਨੂੰ ਸਮਰਪਿਤ ਫ਼ਿਲਮ ‘ਅਸ਼ਕੇ’ ਵੀ ਆਈ ਜਿਸ ਵਿਚ ਅਮਰਿੰਦਰ ਗਿੱਲ, ਰੂਪੀ ਗਿੱਲ ਤੇ ਜਸਵਿੰਦਰ ਭੱਲਾ ਨੇ ਕੰਮ ਕੀਤਾ। ਕਾਮੇਡੀ ਅਤੇ ਵਿਆਹ ਕਲਚਰ ਤੋਂ ਮੁਕਤ ਚੁੱਪ ਚੁਪੀਤੇ ਆਈ ਇਸ ਫ਼ਿਲਮ ਨੇ ਦਰਸ਼ਕਾਂ ਦਾ ਚੰਗਾ ਮਨੋਰੰਜਨ ਕੀਤਾ। ਨਾਮਵਰ ਲੇਖਕ ਮਿੰਟੂ ਗੁਰੂਸਰੀਆ ਦੀ ਜੀਵਨੀ ਆਧਾਰਿਤ ਫ਼ਿਲਮ ‘ਡਾਕੂਆਂ ਦਾ ਮੁੰਡਾ’ ਨਾਲ ‘ਰੁਪਿੰਦਰ ਗਾਂਧੀ’ ਤੋਂ ਪ੍ਰਸਿੱਧੀ ਖੱਟਣ ਵਾਲਾ ਦੇਵ ਖਰੌੜ ਪੰਜਾਬੀ ਪਰਦੇ ’ਤੇ ਮੁੜ ਸਰਗਰਮ ਹੋਇਆ। ਇਸ ਫ਼ਿਲਮ ਨੂੰ ਦਰਸ਼ਕਾਂ ਦਾ ਚੰਗਾ ਪਿਆਰ ਮਿਲਿਆ। ਇਹ ਐਕਸ਼ਨ ਫ਼ਿਲਮ ਸੀ ਜੋ ਨਸ਼ਿਆਂ ਵਿਚ ਪਏ ਨੌਜਵਾਨ ਦੀ ਚੰਗਾ ਬਣਨ ਤਕ ਦੀ ਹੱਡਬੀਤੀ ਸੀ। ਇਸੇ ਦੌਰਾਨ ਦੇਵ ਦੀ ‘ਜਿੰਦੜੀ’ ਨਾਂ ਦੀ ਫ਼ਿਲਮ ਵੀ ਆਈ, ਪਰ ਪ੍ਰਚਾਰ ਦੀ ਘਾਟ ਕਰਕੇ ਇਸ ਫ਼ਿਲਮ ਦਾ ਦਰਸ਼ਕਾਂ ਨੂੰ ਬਹੁਤਾ ਪਤਾ ਨਾ ਲੱਗਿਆ। ‘ਮਿਸਟਰ ਐਂਡ ਮਿਸਿਜ਼ 420’ ਬਣਾਉਣ ਵਾਲੀ ਟੀਮ ਵੱਲੋਂ ਇਸ ਸਾਲ ‘ਮਿਸਟਰ ਐਂਡ ਮਿਸਿਜ਼ 420 ਰਿਟਰਨ’ ਬਣਾਈ ਗਈ ਜਿਸ ਵਿਚ ਦਰਸ਼ਕਾਂ ਦਾ ਨਵੀਂ ਕਾਮੇਡੀ ਨਾਲ ਮਨੋਰੰਜਨ ਕੀਤਾ ਗਿਆ। ਕਰਮਜੀਤ ਅਨਮੋਲ ਤੇ ਜੱਸੀ ਗਿੱਲ ਪਹਿਲੀ ਵਾਰ ਔਰਤ ਪਾਤਰਾਂ ਦੇ ਰੂਪ ਵਿਚ ਕਾਮੇਡੀ ਕਰਦੇ ਨਜ਼ਰ ਆਏ। ਨਸ਼ਿਆਂ ਦੇ ਮਾੜੇ ਰੁਝਾਨ ’ਤੇ ਬਣੀ ਇਸ ਫ਼ਿਲਮ ਵਿਚ ਰਣਜੀਤ ਬਾਵਾ ਨੇ ਨਸ਼ੇੜੀ ਦੀ ਭੂਮਿਕਾ ਵਿਚ ਚੰਗੀ ਅਦਾਕਾਰੀ ਕੀਤੀ। ਜਸਵਿੰਦਰ ਭੱਲਾ, ਗੁਰਪ੍ਰੀਤ ਘੁੱਗੀ ਵਡੇਰੀ ਉਮਰੇ ਆਸ਼ਕੀ ਕਰਦੇ ਨਜ਼ਰ ਆਏ। ਨਿਰਮਾਤਰੀ ਰੁਪਾਲੀ ਗੁਪਤਾ ਦੀ ਇਸ ਫ਼ਿਲਮ ਦਾ ਨਿਰਦੇਸ਼ਨ ਸ਼ਿਤਿਜ ਚੌਧਰੀ ਨੇ ਕੀਤਾ ਸੀ।
ਫ਼ਿਲਮੀ ਲੇਖਕ ਤੋਂ ਨਿਰਦੇਸ਼ਕ ਬਣੇ ਜਗਦੀਪ ਸਿੱਧੂ ਵੱਲੋਂ ਐਮੀ ਵਿਰਕ ਤੇ ਸਰਗੁਣ ਮਹਿਤਾ ਦੀ ਰੁਮਾਂਟਿਕ ਜੋੜੀ ਨੂੰ ਲੈ ਕੇ ਬਣਾਈ ਫ਼ਿਲਮ ‘ਕਿਸਮਤ’ ਦਰਸ਼ਕਾਂ ਦੀ ਪਹਿਲੀ ਪਸੰਦ ਬਣੀ। ਬਿਨਾਂ ਕਿਸੇ ਪ੍ਰਚਾਰ ਇਹ ਫ਼ਿਲਮ ਲਗਾਤਾਰ ਕਈ ਹਫ਼ਤੇ ਸਿਨਮਿਆਂ ਦਾ ਸ਼ਿੰਗਾਰ ਬਣੀ ਰਹੀ। ਫ਼ਿਲਮ ਦੀ ਹਲਕੀ-ਫੁਲਕੀ ਕਾਮੇਡੀ ਅਤੇ ਚੰਗੇ ਸੰਗੀਤ ਆਧਾਰਿਤ ਇਹ ਫ਼ਿਲਮ ਪਿਆਰ ਅਤੇ ਭਾਵੁਕਤਾ ਭਰਪੂਰ ਸੀ ਜਿਸ ਨੂੰ ਦਰਸ਼ਕਾਂ ਦਾ ਚੰਗਾ ਹੁੰਗਾਰਾ ਮਿਲਿਆ। ਕਾਮੇਡੀ ਫ਼ਿਲਮਾਂ ਦੇ ਦੌਰ ਵਿਚ ਇਹ ਪਹਿਲੀ ਫ਼ਿਲਮ ਸੀ ਜਿਸਨੂੰ ਹਰ ਵਰਗ ਦੇ ਦਰਸ਼ਕਾਂ ਨੇ ਪਸੰਦ ਕੀਤਾ।
ਕੁਲਵਿੰਦਰ ਬਿੱਲਾ ਤੇ ਵਾਮਿਕਾ ਗੱਬੀ ਦੀ ਫ਼ਿਲਮ ‘ਪ੍ਰਾਹੁਣਾ’ ਵਿਆਹ ਦੇ ਮਨੋਰੰਜਨ ਭਰਪੂਰ ਕਲਚਰ ਦੀ ਸਫਲ ਪੇਸ਼ਕਾਰੀ ਕਰਕੇ ਚਰਚਾ ਵਿਚ ਰਹੀ। ਇਸ ਫ਼ਿਲਮ ਵਿਚ ਕਰਮਜੀਤ ਅਨਮੋਲ, ਮਲਕੀਤ ਰੌਣੀ, ਸਰਦਾਰ ਸੋਹੀ, ਨਿਰਮਲ ਰਿਸ਼ੀ, ਹਾਰਬੀ ਸੰਘਾ ਆਦਿ ਕਲਾਕਾਰਾਂ ਨੇ ਅਹਿਮ ਕਿਰਦਾਰ ਨਿਭਾਏ। ‘ਰੱਬ ਦਾ ਰੇਡੀਓ’ ਤੇ ‘ਸਰਦਾਰ ਮੁਹੰਮਦ’ ਵਰਗੀਆਂ ਚਰਚਿਤ ਫ਼ਿਲਮਾਂ ਦੇਣ ਵਾਲਾ ਤਰਸੇਮ ਜੱਸੜ ਆਪਣੀ ਨਵੀਂ ਫ਼ਿਲਮ ‘ਅਫ਼ਸਰ’ ਨਾਲ ਕੋਈ ਵੱਡੀ ਪ੍ਰਾਪਤੀ ਨਾ ਖੱਟ ਸਕਿਆ। ਇਸ ਫ਼ਿਲਮ ਵਿਚ ਤਰਸੇਮ ਜੱਸੜ, ਨਿਮਰਤ ਖਹਿਰਾ, ਗੁਰਪ੍ਰੀਤ ਘੁੱਗੀ, ਨਿਰਮਲ ਰਿਸ਼ੀ, ਕਰਮਜੀਤ ਅਨਮੋਲ, ਪੁਖਰਾਜ ਭੱਲਾ, ਰਾਣਾ ਜੰਗ ਬਹਾਦਰ ਤੇ ਰਵਿੰਦਰ ਮੰਡ ਨੇ ਅਹਿਮ ਕਿਰਦਾਰ ਨਿਭਾਏ।
ਇਸੇ ਸਾਲ ਗਾਇਕ ਗਗਨ ਕੋਕਰੀ ਵੀ ਫ਼ਿਲਮ ‘ਲਾਟੂ’ ਨਾਲ ਹੀਰੋ ਬਣਕੇ ਪੰਜਾਬੀ ਪਰਦੇ ’ਤੇ ਆਇਆ, ਪਰ ਦਰਸ਼ਕਾਂ ਦੀ ਪਸੰਦ ਨਾ ਬਣ ਸਕਿਆ। ‘ਅੰਗਰੇਜ’ ਫ਼ਿਲਮ ਦੀ ਤਰਜ਼ ’ਤੇ ਬਣੀ ‘ਲਾਟੂ’ ਪੰਜਾਬੀ ਸਿਨਮਿਆਂ ਵਿਚ ਬਹੁਤਾ ਚਾਨਣ ਨਾ ਕਰ ਸਕੀ। ਨਿਰਦੇਸ਼ਕ ਮਾਨਵ ਸ਼ਾਹ ਦੀ ਇਸ ਫ਼ਿਲਮ ਵਿਚ ਗਗਨ ਕੋਕਰੀ, ਅਦਿਤੀ ਸ਼ਰਮਾ, ਸਰਦਾਰ ਸੋਹੀ, ਆਸ਼ੀਸ ਦੁੱਗਲ, ਕਰਮਜੀਤ ਅਨਮੋਲ, ਰਾਹੁਲ ਗੁਜਰਾਲ, ਨਿਰਮਲ ਰਿਸ਼ੀ ਆਦਿ ਕਲਾਕਾਰਾਂ ਨੇ ਅਹਿਮ ਕਿਰਦਾਰ ਨਿਭਾਏ। ਨਿਰਮਾਤਾ ਕਪਿਲ ਸ਼ਰਮਾ ਦੀ ਵਿਕਰਮ ਗਰੋਵਰ ਦੇ ਨਿਰਦੇਸ਼ਨ ਵਿਚ ਬਣੀ ਫ਼ਿਲਮ ‘ਸੰਨ ਆਫ ਮਨਜੀਤ ਸਿੰਘ’ ਪਹਿਲੀ ਅਜਿਹੀ ਫ਼ਿਲਮ ਸੀ ਜਿਸ ਵਿਚ ਸਕੂਲ ਸਿੱਖਿਆ ਪ੍ਰਣਾਲੀ ਤੋਂ ਇਲਾਵਾ ਪਿਓ-ਪੁੱਤਰ ਦੀਆਂ ਭਾਵਨਾਵਾਂ ਨੂੰ ਪਰਦੇ ’ਤੇ ਬਹੁਤ ਹੀ ਸੰਜੀਦਾ ਢੰਗ ਨਾਲ ਵਿਖਾਇਆ ਗਿਆ। ਇਹ ਫ਼ਿਲਮ ਜਿਸ ਨੇ ਵੇਖੀ, ਉਹ ਤਾਰੀਫ਼ ਕੀਤੇ ਬਿਨਾਂ ਨਾ ਰਹਿ ਸਕਿਆ, ਪਰ ਇਸ ਫ਼ਿਲਮ ਨੂੰ ਦਰਸ਼ਕਾਂ ਦੀ ਘਾਟ ਰਹੀ।
ਪਰਵਾਸੀ ਪੰਜਾਬੀਆਂ ਦਾ ਵਤਨ ਪ੍ਰਤੀ ਹੇਜ਼ ਦਰਸਾਉਂਦੀ ਤੇਗ ਪ੍ਰੋਡਕਸ਼ਨ ਦੇ ਬੈਨਰ ਹੇਠ ਨਿਰਮਾਤਾ ਚਰਨਜੀਤ ਸਿੰਘ ਵਾਲੀਆ ਦੀ ਗਾਇਕ ਅੰਮ੍ਰਿਤ ਮਾਨ, ਨੀਰੂ ਬਾਜਵਾ ਤੇ ਸਰਦਾਰ ਸੋਹੀ ਨੂੰ ਲੈ ਕੇ ਬਣਾਈ ‘ਆਟੇ ਦੀ ਚਿੜੀ’ ਚੰਗੀ ਫ਼ਿਲਮ ਹੋਣ ਦੇ ਬਾਵਜੂਦ ਆਮ ਫ਼ਿਲਮ ਰਹੀ। ਇੱਕੋ ਦਿਨ ਦੋ-ਦੋ ਪੰਜਾਬੀ ਫ਼ਿਲਮਾਂ ਰਿਲੀਜ਼ ਹੋਣ ਦੇ ਮੁਕਾਬਲੇ ਦੇ ਦੌਰ ਵਿਚ ‘ਜ਼ੋਰਾ ਦਸ ਨੰਬਰੀਆ’ ਵਾਲੇ ਦੀਪ ਸਿੱਧੂ ਦੀ ਫ਼ਿਲਮ ‘ਰੰਗ ਪੰਜਾਬ’ ਦਾ ਮੁਕਾਬਲਾ ਸ਼ੈਰੀ ਮਾਨ ਦੀ ਕਾਮੇਡੀ ਫ਼ਿਲਮ ‘ਮੈਰਿਜ ਪੈਲੇਸ’ ਨਾਲ ਹੁੰਦਾ ਵੇਖਿਆ ਗਿਆ। ਆਪਣੀਆਂ ਪਹਿਲੀਆਂ ਫ਼ਿਲਮਾਂ ਵਿਚ ਅਸਫਲ ਰਹੇ ਸ਼ੈਰੀ ਮਾਨ ਦੀ ਫ਼ਿਲਮ ‘ਮੈਰਿਜ ਪੈਲੇਸ’ ਕਾਮੇਡੀ ਦਾ ਚੰਗਾ ਤੜਕਾ ਹੋਣ ਕਰਕੇ ਚੱਲ ਗਈ।
ਸਾਲ ਦੇ ਅਖੀਰ ’ਚ ਬੱਬੂ ਮਾਨ ਦੀ ਚਾਰ ਸਾਲਾਂ ਬਾਅਦ ਆਈ ਫ਼ਿਲਮ ‘ਬਣਜਾਰਾ’ ਵੀ ਦਰਸ਼ਕਾਂ ਦੀ ਪਸੰਦ ਨਾ ਬਣ ਸਕੀ। ਦੇਵ ਖਰੌੜ ਤੇ ਸੈਬੀ ਸੂਰੀ ਦੀ ਲਵ ਸਟੋਰੀ ‘ਯਾਰ ਬੇਲੀ’ , ਅੰਬਰਦੀਪ ਦੀ ‘ਭੱਜੋ ਵੀਰੋ ਵੇ’ ਦੀ ਚੰਗੀ ਓਪਨਿੰਗ ਹੋਈ, ਪਰ ਇਨ੍ਹਾਂ ਨੇ ਦਰਸ਼ਕਾਂ ਦਾ ਬਹੁਤਾ ਧਿਆਨ ਨਾ ਖਿੱਚਿਆ। ਗਾਇਕ ਅਲਫ਼ਾਜ਼ ਦੀ ਫ਼ਿਲਮ ‘ਵੱਡਾ ਕਲਾਕਾਰ’ ਦਰਸ਼ਕਾਂ ਦੀ ਪਸੰਦ ’ਤੇ ਕਿੰਨੀ ਕੁ ਖਰੀ ਉੱਤਰਦੀ ਹੈ ਇਹ ਤਾਂ ਕੁਝ ਦਿਨਾਂ ਬਾਅਦ ਹੀ ਪਤਾ ਲੱਗੇਗਾ। ਇਸੇ ਦੌਰਾਨ ਮਰਹੂਮ ਗਾਇਕ ਰਾਜ ਬਰਾੜ ਦੀ ਆਖਰੀ ਫ਼ਿਲਮ ‘ਆਮ ਆਦਮੀ’, ਦਲਜੀਤ ਕਲਸੀ ਦੀ ‘ਜੱਗਾ ਜਿਉਂਦਾ ਹੈ’, ਨਵ ਬਾਜਵਾ ਦੀ ‘ਰੇਡੂਆ’, ‘ਸਲਿਊਟ’, ਨਿਰਦੇਸ਼ਕ ਕਵੀ ਰਾਜ ਦੀ ‘ਕੰਡੇ’, ਸੁਰਜੀਤ ਖ਼ਾਨ ਦੀ ‘ਰੱਬ ਰਾਖਾ’, ਰਵਿੰਦਰ ਦੀ ‘ਜੱਟ ਵਰਸਿਜ਼ ਆਇਲੈਟਸ’, ਲੱਖਾ ਲਖਵਿੰਦਰ ਦੀ ‘ਢੋਲ ਰੱਤੀ’, ਹਰਜੀਤ ਹਰਮਨ ਦੀ ‘ਕੁੜਮਾਈਆਂ’, ਰੌਸ਼ਨ ਪ੍ਰਿੰਸ ਦੀ ‘ਰਾਂਝਾ ਰਫਿਊਜੀ’ ਫ਼ਿਲਮਾਂ ਨੇ ਦਰਸ਼ਕ ਅਤੇ ਨਿਰਮਾਤਾਵਾਂ ਨੂੰ ਨਿਰਾਸ਼ ਹੀ ਕੀਤਾ। ਨਵੰਬਰ ਦੇ ਅਖੀਰ ਵਿਚ ਘੱਟ ਬਜਟ ਦੀਆਂ ਫ਼ਿਲਮਾਂ ‘ਚੰਨ ਤਾਰਾ’ ਅਤੇ ‘ਦਿਨ ਦਿਹਾੜੇ ਲੈ ਜਾ ਗੇ’ ਦੀ ਚੁੱਪ ਚੁਪੀਤੇ ਆਮਦ ਹੋਈ ਜੋ ਚੁੱਪ ਹੀ ਰਹਿ ਗਈਆਂ।

You must be logged in to post a comment Login