ਕਿਸਾਨਾਂ ਨੇ ਪਾਵਰਕਾਮ ਹੈੱਡਕੁਆਰਟਰ ਦੇ ਗੇਟਾਂ ’ਤੇ ਤਾਲੇ ਮਾਰੇ, ਸਰਕਾਰੀ ਕੰਮ ਠੱਪ

ਕਿਸਾਨਾਂ ਨੇ ਪਾਵਰਕਾਮ ਹੈੱਡਕੁਆਰਟਰ ਦੇ ਗੇਟਾਂ ’ਤੇ ਤਾਲੇ ਮਾਰੇ, ਸਰਕਾਰੀ ਕੰਮ ਠੱਪ

ਪਟਿਆਲਾ, 9 ਜੂਨ- ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀਐੱਸਪੀਸੀਐੱਲ) ਦੇ ਪਟਿਆਲਾ ਸਥਿਤ ਮੁੱਖ ਦਫਤਰ ਦੇ ਤਿੰਨੇ ਗੇਟਾਂ ’ਤੇ ਕਿਸਾਨਾਂ ਨੇ ਤਾਲੇ ਲਗਾ ਦਿੱਤੇ ਹਨ। ਇਸ ਕਾਰਨ ਅੱਜ ਕੋਈ ਵੀ ਮੁਲਾਜ਼ਮ ਦਫ਼ਤਰ ਨਹੀਂ ਪੁੱਜਿਆ ਤੇ ਸਾਰਾ ਸਰਕਾਰੀ ਕੰਮ ਠੱਪ ਹੋ ਗਿਆ ਹੈ। ਸੰਯੁਕਤ ਕਿਸਾਨ ਮੋਰਚਾ (ਐੱਸਕੇਐੱਮ) ਨਾਲ ਜੁੜੇ ਕਿਸਾਨਾਂ ਨੇ ਅੱਜ ਦੂਜੇ ਦਿਨ ਵੀ ਪੀਐੱਸਪੀਸੀਐੱਲ ਦੇ ਦਫ਼ਤਰ ਦੇ ਬਾਹਰ ਧਰਨਾ ਜਾਰੀ ਰੱਖਿਆ। ਕਿਸਾਨਾਂ ਨੇ ਵੀਰਵਾਰ ਦੁਪਹਿਰ ਨੂੰ ਪੀਐਸਪੀਸੀਐਲ ਦੇ ਗੇਟਾਂ ਨੂੰ ਬੰਦ ਕਰ ਦਿੱਤਾ ਸੀ। ਇਸ ਕਾਰਨ ਔਰਤਾਂ ਸਮੇਤ ਵੱਖ-ਵੱਖ ਮੁਲਾਜ਼ਮਾਂ ਨੂੰ ਅੱਧੀ ਰਾਤ ਤੱਕ ਅੰਦਰ ਬੰਦ ਰੱਖਿਆ ਗਿਆ। ਇਸ ਤੋਂ ਬਾਅਦ ਪਟਿਆਲਾ ਦੇ ਇੰਸਪੈਕਟਰ ਜਨਰਲ ਪੁਲੀਸ (ਆਈਜੀਪੀ) ਮੁਖਵਿੰਦਰ ਸਿੰਘ ਛੀਨਾ ਨੇ ਮੌਕੇ ‘ਤੇ ਪਹੁੰਚ ਕੇ ਮੁਲਾਜ਼ਮਾਂ ਨੂੰ ਮੁਕਤ ਕਰਵਾਇਆ। ਪੀਐੱਸਪੀਸੀਐੱਲ ਅਧਿਕਾਰੀਆਂ ਨੇ ਦੱਸਿਆ ਕਿ ਕਿਸਾਨਾਂ ਦਾ ਧਰਨਾ ਜਾਰੀ ਰਹਿਣ ਕਾਰਨ ਸ਼ੁੱਕਰਵਾਰ ਸਵੇਰ ਤੋਂ ਦਫ਼ਤਰ ਦਾ ਕੰਮਕਾਜ ਪੂਰੀ ਤਰ੍ਹਾਂ ਠੱਪ ਰਿਹਾ। ਦੂਜੇ ਪਾਸੇ ਸ਼ਹਿਰ ਦੀ ਜੀਵਨ ਰੇਖਾ ਮਾਲ ਰੋਡ ਵੀ ਠੱਪ ਹੋਣ ਕਾਰਨ ਸ਼ਹਿਰ ਦੀ ਆਵਾਜਾਈ ਦੀ ਸਮੱਸਿਆ ਗੰਭੀਰ ਹੋ ਗਈ ਹੈ। ਲੋਕਾਂ ਕਹਿਣਾ ਹੈ ਕਿ ਪਹਿਲਾਂ ਇਥੇ ਕਈ ਦਿਨਾਂ ਲਈ ਬੇਰੁ਼ਜ਼ਗਾਰਾਂ ਨੇ ਧਰਨਾ ਦੇ ਕੇ ਸੜਕ ਬੰਦ ਕੀਤੀ ਹੋਈ ਸੀ ਤੇ ਉਨ੍ਹਾਂ ਤੋਂ ਤੁਰੰਤ ਬਾਅਦ ਕਿਸਾਨਾਂ ਨੇ ਸੜਕ ਜਾਮ ਕਰਕੇ ਆਵਾਜਾਈ ਦੀ ਗੰਭੀਰ ਸਥਿਤੀ ਪੈਦਾ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਇਸ ਪਾਸੇ ਤੁਰੰਤ ਧਿਆਨ ਦੇਵੇ।

You must be logged in to post a comment Login