ਕਿਸਾਨ ਜਥੇਬੰਦੀਆਂ ਕੁਲਵਿੰਦਰ ਕੌਰ ਨਾਲ ਡਟੀਆਂ

ਕਿਸਾਨ ਜਥੇਬੰਦੀਆਂ ਕੁਲਵਿੰਦਰ ਕੌਰ ਨਾਲ ਡਟੀਆਂ

ਚੰਡੀਗੜ੍ਹ, 7 ਜੂਨ- ਕਿਸਾਨ ਯੂਨੀਅਨਾਂ ਨੇ ਵੀਰਵਾਰ ਨੂੰ ਚੰਡੀਗੜ੍ਹ ਹਵਾਈ ਅੱਡੇ ’ਤੇ ਮੰਡੀ ਤੋਂ ਭਾਜਪਾ ਸੰਸਦ ਮੈਂਬਰ ਕੰਗਨਾ ਰਣੌਤ ਨੂੰ ਕਥਿਤ ਤੌਰ ‘ਤੇ ਥੱਪੜ ਮਾਰਨ ਵਾਲੀ ਸੀਆਈਐੱਸਐੱਫ ਕਾਂਸਟੇਬਲ ਕੁਲਵਿੰਦਰ ਕੌਰ ਨਾਲ ਖੜਨ ਦਾ ਫ਼ੈਸਲਾ ਕੀਤਾ ਹੈ। ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਅਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਮੁਅੱਤਲ ਕਾਂਸਟੇਬਲ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਹੈ। ਕਿਸਾਨ ਆਗੂਆਂ ਨੇ ਦੋਸ਼ ਲਾਇਆ ਕਿ ਬਾਲੀਵੁੱਡ ਅਦਾਕਾਰਾ ਰਣੌਤ ਨੇ ਕੁਲਵਿੰਦਰ ਨੂੰ ‘ਖਾਲਿਸਤਾਨ ਕੌਰ’ ਕਿਹਾ ਸੀ। ਕੁਲਵਿੰਦਰ ਨੇ ਦਾਅਵਾ ਕੀਤਾ ਸੀ ਕਿ ਉਸ ਦੀ ਮਾਂ 2020 ਦੇ ਕਿਸਾਨਾਂ ਦੇ ਪ੍ਰਦਰਸ਼ਨ ਦਾ ਹਿੱਸਾ ਸੀ, ਜਦੋਂ ਅਭਿਨੇਤੀ ਨੇ ਟਿੱਪਣੀ ਕੀਤੀ ਸੀ ਕਿ ਮਹਿਲਾ ਪ੍ਰਦਰਸ਼ਨਕਾਰੀਆਂ ਨੂੰ 100 ਰੁਪਏ ਵਿੱਚ ਕਿਰਾਏ ’ਤੇ ਲਿਆ ਜਾ ਸਕਦਾ ਹੈ। ਜਥੇਬੰਦੀਆਂ ਨੇ ਕਿਹਾ ਕਿ ਉਹ ਮਾਮਲੇ ਦੀ ਢੁੱਕਵੀਂ ਜਾਂਚ ਦੀ ਮੰਗ ਕਰਨ ਲਈ ਪੰਜਾਬ ਦੇ ਡੀਜੀਪੀ ਨੂੰ ਮਿਲਣਗੇ। ਉਨ੍ਹਾਂ ਦੱਸਿਆ ਕਿ ਕੁਲਵਿੰਦਰ ਨੂੰ ਇਨਸਾਫ਼ ਦਿਵਾਉਣ ਲਈ 9 ਜੂਨ ਨੂੰ ਮੁਹਾਲੀ ਦੇ ਗੁਰਦੁਆਰਾ ਅੰਬ ਸਾਹਿਬ ਤੋਂ ਐੱਸਐੱਸਪੀ ਮੁਹਾਲੀ ਦੇ ਦਫ਼ਤਰ ਤੱਕ ਇਨਸਾਫ਼ ਮਾਰਚ ਕੱਢਿਆ ਜਾਵੇਗਾ। ਆਗੂਆਂ ਨੇ ਚੰਡੀਗੜ੍ਹ ਹਵਾਈ ਅੱਡੇ ਦੀ ਘਟਨਾ ਤੋਂ ਬਾਅਦ ਕੰਗਨਾ ਰਣੌਤ ਵੱਲੋਂ ਵਰਤੇ ਗਏ ਸ਼ਬਦਾਂ ’ਤੇ ਵੀ ਇਤਰਾਜ਼ ਜਤਾਇਆ। ਪੰਜਾਬ ਦੇ ਲੋਕਾਂ ਨੂੰ ਵੱਖਵਾਦੀ ਕਹਿਣ ’ਤੇ ਉਨ੍ਹਾਂ ਅਭਿਨੇਤਰੀ ਖ਼ਿਲਾਫ਼ ਐੱਫਆਈਆਰ ਦਰਜ ਕਰਨ ਦੀ ਮੰਗ ਕੀਤੀ। ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਅਤੇ ਸਰਬਜੀਤ ਸਿੰਘ ਪੰਧੇਰ ਨੇ ਦੱਸਿਆ ਕਿ ਕੁਲਵਿੰਦਰ ਦਾ ਭਰਾ ਉਨ੍ਹਾਂ ਦੀ ਜਥੇਬੰਦੀ ਦਾ ਹਿੱਸਾ ਸੀ ਅਤੇ ਕਿਸਾਨ ਅੰਦੋਲਨਾਂ ਵਿੱਚ ਸਰਗਰਮ ਸੀ।

You must be logged in to post a comment Login