ਕਿਸਾਨ ਜਥੇਬੰਦੀਆਂ ਦੇ ਆਗੂਆਂ ਨੂੰ ਚੇਤੰਨ ਰਹਿਣ ਦੀ ਜ਼ਰੂਰਤ

ਕਿਸਾਨ ਜਥੇਬੰਦੀਆਂ ਦੇ ਆਗੂਆਂ ਨੂੰ ਚੇਤੰਨ ਰਹਿਣ ਦੀ ਜ਼ਰੂਰਤ

ਕਿਸਾਨ ਜਥੇਬੰਦੀਆਂ ਦੇ ਆਗੂਆਂ ਨੂੰ ਚੇਤੰਨ ਰਹਿਣ ਦੀ ਜ਼ਰੂਰਤ ਹੈ। ਲਖੀਮਪੁਰ ਖੀਰੀ ਵਿਚ ਹੋਈ ਦੁਖਦਾਈ ਘਟਨਾ ਦੇ ਸੰਦਰਭ ਵਿਚ ਇਹ ਸਪੱਸ਼ਟ ਹੋ ਰਿਹਾ ਹੈ ਕਿ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਟੈਨੀ ਦੇ 25 ਸਤੰਬਰ 2021 ਦੇ ਇਸ ਬਿਆਨ ਕਿ ਉਹ ਅੰਦੋਲਨਕਾਰੀਆਂ ਨੂੰ ਬਲੀਆ ਹੀ ਨਹੀਂ, ਲਖੀਮਪੁਰ ਖੀਰੀ ਤਕ ਭਾਜੜਾਂ ਪਾ ਦੇਵੇਗਾ ਅਤੇ ਲਖੀਮਪੁਰ ਖੀਰੀ ਵਿਚ ਵਾਪਰੇ ਦੁਖਾਂਤ ਜਿਸ ਵਿਚ ਉਸ ਦੇ ਪੁੱਤਰ ਆਸ਼ੀਸ਼ ਮਿਸ਼ਰਾ ਦੁਆਰਾ ਦਨਦਨਾਉਂਦੀਆਂ ਗੱਡੀਆਂ ਰਾਹੀਂ ਕਿਸਾਨਾਂ ਨੂੰ ਕੁਚਲਿਆ ਗਿਆ, ਵਿਚ ਸਿੱਧਾ ਸਬੰਧ ਹੈ। ਇਹੀ ਨਹੀਂ ਬੁੱਧਵਾਰ ਨੂੰ ਇਕ ਟੀਵੀ ਚੈਨਲ ਨੂੰ ਦਿੱਤੀ ਗਈ ਇੰਟਰਵਿਊ ਵਿਚ ਅਜੈ ਮਿਸ਼ਰਾ ਦੇ ਚਿਹਰੇ ’ਤੇ ਕੋਈ ਮਲਾਲ, ਦੁੱਖ ਜਾਂ ਸੰਕਟ ਦੀ ਭਾਵਨਾ ਦਿਖਾਈ ਨਹੀਂ ਦਿੱਤੀ; ਉਲਟਾ ਉਸ ਨੇ ਟੀਵੀ ਐਂਕਰ ਨੂੰ ਪੁੱਛਿਆ, ‘‘ਮੈਂ ਅਸਤੀਫ਼ਾ ਕਿਉਂ ਦੇਵਾਂ ? ਮੇਰੇ ’ਤੇ ਕੋਈ ਦਬਾਉ ਨਹੀਂ ਹੈ। ਅਸੀਂ ਤਫ਼ਤੀਸ਼ ਕਰਾਂਗੇ ਅਤੇ ਸਾਜ਼ਿਸ਼ ਕਰਨ ਵਾਲਿਆਂ ਵਿਰੁੱਧ ਕਾਰਵਾਈ ਕਰਾਂਗੇ।’’ ਵਿਰੋਧੀ ਪਾਰਟੀ ਦੇ ਆਗੂਆਂ ਵੱਲੋਂ ਜਾਰੀ ਕੀਤੀ ਗਈ ਵੀਡੀਓ ਕਲਿੱਪ ਅਤੇ ਚਸ਼ਮਦੀਦ ਗਵਾਹਾਂ ਦੇ ਬਿਆਨਾਂ ਜਿਨ੍ਹਾਂ ਵਿਚੋਂ ਇਕ ਬਿਆਨ ਆਸ਼ੀਸ਼ ਮਿਸ਼ਰਾ ਦੇ ਸਾਥੀ ਦਾ ਵੀ ਹੈ, ਤੋਂ ਪ੍ਰਤੱਖ ਹੈ ਕਿ ਦਰਿੰਦਗੀ ਭਰੀ ਕਾਰਵਾਈ ਆਸ਼ੀਸ਼ ਮਿਸ਼ਰਾ ਨੇ ਹੀ ਕੀਤੀ। ਇਸ ਦੇ ਨਾਲ ਜੇ ਪ੍ਰਧਾਨ ਮੰਤਰੀ, ਕੇਂਦਰੀ ਗ੍ਰਹਿ ਮੰਤਰੀ ਅਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਦੀ ਇਸ ਮਾਮਲੇ ਬਾਰੇ ਚੁੱਪ ਨੂੰ ਦੇਖਿਆ ਜਾਵੇ ਤਾਂ ਸੱਤਾਧਾਰੀ ਪਾਰਟੀ ਦੀ ਅਸੰਵੇਦਨਸ਼ੀਲਤਾ ਅਤੇ ਸਿਆਸਤ ਵੀ ਸਪੱਸ਼ਟ ਹੁੰਦੀ ਹੈ। ਸਾਰੇ ਭਾਰਤੀ ਜਨਤਾ ਪਾਰਟੀ ਦੀ ਅਜਿਹੇ ਮਾਮਲਿਆਂ ਵਿਚ ਕਾਰਵਾਈ ਦੇ ਇਤਿਹਾਸ ਨੂੰ ਜਾਣਦੇ ਹਨ। ਦਿੱਲੀ ਦੰਗਿਆਂ ਤੋਂ ਪਹਿਲਾਂ ਕਪਿਲ ਮਿਸ਼ਰਾ ਅਤੇ ਹੋਰ ਆਗੂਆਂ ਦੇ ਦਿੱਤੇ ਭੜਕਾਊ ਬਿਆਨਾਂ ਦੇ ਸਬੂਤ ਹੋਣ ਦੇ ਬਾਵਜੂਦ ਉਨ੍ਹਾਂ ਵਿਰੁੱਧ ਕੋਈ ਕਾਰਵਾਈ ਨਹੀਂ ਸੀ ਕੀਤੀ ਗਈ। ਇਸੇ ਤਰ੍ਹਾਂ ਨੱਥੂ ਰਾਮ ਗੌਡਸੇ ਦੀ ਵਡਿਆਈ ਕਰਨ ਵਾਲੀ ਪ੍ਰੱਗਿਆ ਸਿੰਘ ਠਾਕੁਰ ਨੂੰ ਨਾ ਤਾਂ ਆਪਣੇ ਬਿਆਨਾਂ ਬਾਰੇ ਕੋਈ ਪਛਤਾਵਾ ਹੈ ਅਤੇ ਨਾ ਹੀ ਪਾਰਟੀ ਨੇ ਉਸ ਨੂੰ ਕੁਝ ਕਿਹਾ ਹੈ। ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਅਜਿਹੀਆਂ ਕਾਰਵਾਈਆਂ ਕਰਨ ਵਾਲੇ ਸੁਰੱਖਿਅਤ ਹਨ ਅਤੇ ਪਾਰਟੀ ਵਿਚ ਉਨ੍ਹਾਂ ਨੂੰ ਮਾਨ-ਸਨਮਾਨ ਮਿਲਦਾ ਹੈ। ਉੱਤਰ ਪ੍ਰਦੇਸ਼ ਸਰਕਾਰ ਦੀ ਕਾਰਗੁਜ਼ਾਰੀ ਵਿਚ ਨਾ ਤੇ ਪਾਰਦਰਸ਼ਤਾ ਹੈ ਅਤੇ ਨਾ ਹੀ ਜਮਹੂਰੀ ਕਦਰਾਂ-ਕੀਮਤਾਂ ਦੀ ਪ੍ਰਵਾਹ। ਪਹਿਲਾਂ ਸਿਆਸੀ ਆਗੂਆਂ ਤੇ ਹੋਰ ਲੋਕਾਂ ਨੂੰ ਲਖੀਮਪੁਰ ਖੀਰੀ ਨਹੀਂ ਜਾਣ ਦਿੱਤਾ ਗਿਆ ਅਤੇ ਨਾਲ ਹੀ ਸੂਬੇ ਦਾ ਐਡੀਸ਼ਨਲ ਡਾਇਰੈਕਟਰ ਜਨਰਲ ਆਫ਼ ਪੁਲੀਸ (ਏਡੀਜੀਪੀ) ਇਹ ਕਹਿੰਦਾ ਰਿਹਾ ਕਿ ਸਰਕਾਰ ਨੇ ਕਿਸੇ ਦੇ ਲਖੀਮਪੁਰ ਖੀਰੀ ਜਾਣ ’ਤੇ ਪਾਬੰਦੀ ਨਹੀਂ ਲਗਾਈ। ਅਜਿਹੀ ਸਿਆਸੀ ਅਤੇ ਪ੍ਰਸ਼ਾਸਨਿਕ ਅਨੈਤਿਕਤਾ ਕੁਝ ਮਹੀਨੇ ਪਹਿਲਾਂ ਹਾਥਰਸ ਵਿਚ ਇਕ ਦਲਿਤ ਕੁੜੀ ਦੇ ਕਤਲ ਦੌਰਾਨ ਵੀ ਉੱਭਰੀ ਸੀ ਅਤੇ ਹੁਣ ਵੀ। ਅਜੈ ਮਿਸ਼ਰਾ ਦਾ ਇਹ ਕਹਿਣਾ ਕਿ ਉਹ ਅਤੇ ਉਸ ਦੇ ਪੁੱਤਰ ਦਾ ਘਟਨਾ ਨਾਲ ਕੋਈ ਸਬੰਧ ਨਹੀਂ ਹੈ ਅਤੇ ਉਹ ਅਸਤੀਫ਼ਾ ਨਹੀਂ ਦੇਵੇਗਾ, ਸਿਆਸੀ ਅਨੈਤਿਕਤਾ ਦੀ ਸਿਖ਼ਰ ਹੈ ਪਰ ਸਵਾਲ ਇਹ ਉੱਠਦਾ ਹੈ ਕਿ ਪ੍ਰਧਾਨ ਮੰਤਰੀ ਕਿਉਂ ਚੁੱਪ ਹੈ; ਅਜੈ ਮਿਸ਼ਰਾ ਨੂੰ ਹੁਣ ਤਕ ਮੰਤਰੀ ਮੰਡਲ ’ਚੋਂ ਬਰਖ਼ਾਸਤ ਕਿਉਂ ਨਹੀਂ ਕੀਤਾ ਗਿਆ। ਬੁੱਧਵਾਰ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਅਜੈ ਮਿਸ਼ਰਾ ’ਤੇ ਕਈ ਤਰ੍ਹਾਂ ਦੇ ਅਪਰਾਧਿਕ ਮਾਮਲਿਆਂ ਨਾਲ ਸਬੰਧਤ ਹੋਣ ਦੇ ਦੋਸ਼ ਲਗਾਏ ਹਨ। ਜੇ ਰਾਕੇਸ਼ ਟਿਕੈਤ ਦੇ ਦੋਸ਼ ਸਹੀ ਹਨ ਤਾਂ ਮਾਮਲਾ ਹੋਰ ਗੰਭੀਰ ਇਸ ਲਈ ਹੋ ਜਾਂਦਾ ਹੈ ਕਿ ਅਜਿਹੇ ਵਿਅਕਤੀ ਨੂੰ ਕੇਂਦਰੀ ਮੰਤਰੀ ਮੰਡਲ ਵਿਚ ਥਾਂ ਕਿਉਂ ਦਿੱਤੀ ਗਈ। ਅਪਾਰ ਦੁੱਖ ’ਚੋਂ ਲੰਘ ਰਹੀਆਂ ਕਿਸਾਨ ਜਥੇਬੰਦੀਆਂ ਬਹੁਤ ਸੰਜਮ ਨਾਲ ਸਥਿਤੀ ਦਾ ਸਾਹਮਣਾ ਕਰ ਰਹੀਆਂ ਹਨ ਪਰ ਪ੍ਰਮੁੱਖ ਸਵਾਲ ਇਹ ਹੈ ਕੀ ਸਾਡੇ ਦੇਸ਼ ਵਿਚ ਜਮਹੂਰੀ ਕਦਰਾਂ-ਕੀਮਤਾਂ ਖ਼ਤਮ ਹੋ ਗਈਆਂ ਹਨ; ਕੀ ਸਰਕਾਰਾਂ ਵਿਚ ਲੋਕਾਂ ਦੇ ਰੋਹ ਅਤੇ ਭਾਵਨਾਵਾਂ ਪ੍ਰਤੀ ਕੋਈ ਸੰਵੇਦਨਾ ਨਹੀਂ? ਭਾਜਪਾ ਲੋਕ ਕਟਹਿਰੇ ਵਿਚ ਖੜ੍ਹੀ ਹੈ ਪਰ ਇਉਂ ਪ੍ਰਤੀਤ ਹੁੰਦਾ ਹੈ ਕਿ ਇਸ ਦੇ ਆਗੂ ਇਸ ਘਟਨਾ ਤੋਂ ਵੀ ਸਿਆਸੀ ਲਾਹਾ ਲੈਣਾ ਚਾਹੁੰਦੇ ਹਨ। ਕਿਸਾਨ ਵਿਰੋਧੀ ਤਾਕਤਾਂ ਇਸ ਘਟਨਾ ਤੋਂ ਉੱਭਰੀਆਂ ਸਥਿਤੀਆਂ ਨੂੰ ਕਿਸਾਨ ਅੰਦੋਲਨ ਵਿਚ ਮੱਤਭੇਦ ਪੈਦਾ ਕਰਨ ਲਈ ਵੀ ਵਰਤ ਸਕਦੀਆਂ ਹਨ। ਅਜਿਹੀ ਮਨੋਬ੍ਰਿਤੀ ਤੇ ਨੀਤੀਆਂ ਦੇਸ਼ ਤੇ ਸਮਾਜ ਲਈ ਘਾਤਕ ਹਨ। ਕਿਸਾਨ ਜਥੇਬੰਦੀਆਂ ਦੇ ਆਗੂਆਂ ਨੂੰ ਪੂਰੀ ਤਰ੍ਹਾਂ ਚੇਤੰਨ ਰਹਿਣ ਦੀ ਜ਼ਰੂਰਤ ਹੈ।ਕੀ ਸਰਕਾਰਾਂ ਕਰੂਰ ਤੇ ਜਬਰ ਕਰਨ ਵਾਲੇ ਅਪਰਾਧੀਆਂ ਦਾ ਸਾਥ ਦੇਣਗੀਆਂ? ਲੋਕ ਇਹ ਸਵਾਲ ਪੁੱਛ ਰਹੇ ਹਨ ਕਿ ਦੇਸ਼ ਦੇ ਸੰਵਿਧਾਨ, ਕਾਨੂੰਨ ਤੇ ਨੈਤਿਕ ਰਵਾਇਤਾਂ ਦਾ ਪਾਲਣ ਕਿਉਂ ਨਹੀਂ ਕੀਤਾ ਜਾ ਰਿਹਾ; ਆਸ਼ੀਸ਼ ਮਿਸ਼ਰਾ ਨੂੰ ਹੁਣ ਤਕ ਗ੍ਰਿਫ਼ਤਾਰ ਕਿਉਂ ਨਹੀਂ ਕੀਤਾ ਗਿਆ?

You must be logged in to post a comment Login