ਨੈਰੋਬੀ, 12 ਸਤੰਬਰ- ਕੀਨੀਆ ਸਰਕਾਰ ਅਤੇ ਭਾਰਤ ਦੇ ਉਦਯੋਗਪਤੀ ਗੌਤਮ ਅਡਾਨੀ ਦੀ ਅਗਵਾਈ ਵਾਲੇ ਅਡਾਨੀ ਗਰੁੱਪ ਦਰਮਿਆਨ ਹੋਏ ਸਮਝੌਤੇ ਦੇ ਵਿਰੋਧ ਵਿੱਚ ਅੱਜ ਦੇਸ਼ ਦੇ ਮੁੱਖ ਹਵਾਈ ਅੱਡੇ ’ਤੇ ਸੈਂਕੜੇ ਵਰਕਰਾਂ ਨੇ ਪ੍ਰਦਰਸ਼ਨ ਕੀਤਾ, ਜਿਸ ਕਾਰਨ ਉਡਾਣਾਂ ਪ੍ਰਭਾਵਿਤ ਹੋਈਆਂ ਅਤੇ ਸੈਂਕੜੇ ਯਾਤਰੀ ਹਵਾਈ ਅੱਡੇ ’ਤੇ ਫਸੇ ਰਹੇ। ਸਰਕਾਰ ਨੇ ਕਿਹਾ ਕਿ ਅਡਾਨੀ ਗਰੁੱਪ ਨਾਲ ਉਸਾਰੀ ਅਤੇ ਸੰਚਾਲਨ ਸਮਝੌਤੇ ਤਹਿਤ ਜੋਮੋ ਕੀਨੀਅੱਟਾ ਕੌਮਾਂਤਰੀ ਹਵਾਈ ਅੱਡੇ ਦਾ ਨਵੀਨੀਕਰਨ ਕੀਤਾ ਜਾਵੇਗਾ ਅਤੇ ਇੱਕ ਹੋਰ ਰਨਵੇਅ ਤੇ ਟਰਮੀਨਲ ਬਣਾਏ ਜਾਣਗੇ। ਇਸ ਸਮਝੌਤੇ ਤਹਿਤ ਅਡਾਨੀ ਗਰੁੱਪ ਵੱਲੋਂ 30 ਸਾਲਾਂ ਤੱਕ ਹਵਾਈ ਅੱਡੇ ਦਾ ਸੰਚਾਲਨ ਕੀਤਾ ਜਾਵੇਗਾ। ‘ਕੀਨੀਆ ਏਅਰਪੋਰਟ ਵਰਕਰਜ਼ ਯੂਨੀਅਨ’ ਨੇ ਹੜਤਾਲ ਦਾ ਐਲਾਨ ਕਰਦਿਆਂ ਦੋਸ਼ ਲਾਇਆ ਕਿ ਇਸ ਸਮਝੌਤੇ ਨਾਲ ਲੋਕਾਂ ਦੇ ਰੁਜ਼ਗਾਰ ਖੁੱਸ ਜਾਣਗੇ ਅਤੇ ਜਿਨ੍ਹਾਂ ਦੀਆਂ ਨੌਕਰੀਆਂ ਬਚੀਆਂ ਰਹਿਣਗੀਆਂ ਉਨ੍ਹਾਂ ’ਤੇ ‘ਸੇਵਾ ਦੇ ਬੇਹੱਦ ਖ਼ਰਾਬ ਨਿਯਮ ਤੇ ਸ਼ਰਤਾਂ’ ਲਾਈਆਂ ਜਾਣਗੀਆਂ। ਨੈਰੋਬੀ ਵਿੱਚ ਸੇਵਾ ਦੇਣ ਵਾਲੀ ਜਹਾਜ਼ ਕੰਪਨੀ ‘ਕੀਨੀਆ ਏਅਰਵੇਜ਼’ ਨੇ ਐਲਾਨ ਕੀਤਾ ਕਿ ਹਵਾਈ ਅੱਡੇ ’ਤੇ ਜਾਰੀ ਹੜਤਾਲ ਕਾਰਨ ਹਵਾਈ ਉਡਾਣਾਂ ’ਚ ਦੇਰੀ ਹੋਵੇਗੀ ਤੇ ਉਡਾਣਾਂ ਰੱਦ ਵੀ ਕਰਨੀਆਂ ਪੈ ਸਕਦੀਆਂ ਹਨ। ਹਵਾਈ ਅੱਡਾ ਕਰਮਚਾਰੀਆਂ ਨੇ ਪਿਛਲੇ ਹਫ਼ਤੇ ਹੜਤਾਲ ਦੀ ਚਿਤਾਵਨੀ ਦਿੱਤੀ ਸੀ ਪਰ ਸਰਕਾਰ ਨਾਲ ਗੱਲਬਾਤ ਹੋਣ ਤੱਕ ਵਾਪਸ ਲੈ ਲਈ ਸੀ। ਸੈਂਟਰਲ ਆਰਗੇਨਾਈਜੇਸ਼ਨ ਆਫ ਟਰੇਡ ਯੂਨੀਅਨਜ਼ ਦੇ ਜਨਰਲ ਸਕੱਤਰ ਫਰਾਂਸਿਸ ਅਤਵੋਲੀ ਨੇ ਹਵਾਈ ਅੱਡੇ ’ਤੇ ਕਿਹਾ ਕਿ ਸਰਕਾਰ ਵਰਕਰਾਂ ਨੂੰ ਲਿਖਤੀ ਤੌਰ ’ਤੇ ਯਕੀਨੀ ਦਿਵਾਏ ਕਿ ਉਨ੍ਹਾਂ ਦੀਆਂ ਨੌਕਰੀਆਂ ਨਹੀਂ ਜਾਣਗੀਆਂ। ਪਿਛਲੇ ਹਫ਼ਤੇ ਸਥਾਨਕ ਮੀਡੀਆ ਦੀਆਂ ਖ਼ਬਰਾਂ ਮੁਤਾਬਕ, ਹਵਾਈ ਅੱਡਾ ਅਧਿਕਾਰੀਆਂ ਨਾਲ ਅਣਪਛਾਤੇ ਲੋਕਾਂ ਨੂੰ ਉਥੇ ਨੇੜੇ-ਤੇੜੇ ਘੁੰਮਦੇ ਦੇਖਿਆ ਗਿਆ ਜਿਨ੍ਹਾਂ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਹਨ। ਇਸ ਨਾਲ ਇਹ ਚਿੰਤਾ ਵਧ ਗਈ ਕਿ ਭਾਰਤੀ ਕੰਪਨੀ ਦੇ ਅਧਿਕਾਰੀ ਸਮਝੌਤੇ ਲਈ ਤਿਆਰ ਹਨ। ਹਾਈ ਕੋਰਟ ਨੇ ਸੁਣਵਾਈ ਹੋਣ ਤੱਕ ਸਮਝੌਤਾ ਲਾਗੂ ਕਰਨ ’ਤੇ ਆਰਜ਼ੀ ਰੋਕ ਲਾ ਦਿੱਤੀ ਹੈ।
Share on Facebook
Follow on Facebook
Add to Google+
Connect on Linked in
Subscribe by Email
Print This Post

You must be logged in to post a comment Login