ਕੀ ਪੰਜਾਬ ਦੇ ਖਿਡਾਰੀਆਂ ਨੂੰ ਸਿਆਸਤ ਵਿੱਚ ਆਉਣਾ ਚਾਹੀਦਾ ਹੈ ?

ਕੀ ਪੰਜਾਬ ਦੇ ਖਿਡਾਰੀਆਂ ਨੂੰ ਸਿਆਸਤ ਵਿੱਚ ਆਉਣਾ ਚਾਹੀਦਾ ਹੈ ?

2022 -ਚੋਣ ਦੰਗਲ  ਵਿੱਚ ਆਪਣੀ  ਕਿਸਮਤ ਅਜ਼ਮਾਈ ਕਰ ਰਹੇ ਹਨ ਚੋਟੀ ਦੇ 7 ਖਿਡਾਰੀ

ਜਗਰੂਪ ਸਿੰਘ ਜਰਖੜ 
ਫੋਨ : 9814300722

ਵੈਸੇ ਤਾਂ ਦੁਨੀਆਂ ਦੀ ਸਿਆਸਤ ਹਰ ਖੇਤਰ ਤੇ ਭਾਰੂ ਹੈ , ਹਰ ਮਸਲੇ ਦਾ ਹੱਲ ਤੇ ਵੀ ਉੱਥੋਂ ਦੀ ਸਰਕਾਰਾਂ ਦੀ ਹੀ ਪਕੜ ਹੁੰਦੀ ਹੈ। ਸੂਬਾ ਪੰਜਾਬ ਇਸ ਸਿਆਸਤ ਦਾ ਇਸ ਕਦਰ ਭਾਰੂ ਹੈ ਕਿ ਜੇ ਇੱਥੋਂ ਦੇ ਸਿਆਸਤਦਾਨਾਂ ਦਾ ਵੱਸ ਚੱਲੇ ਤਾਂ ਪੰਛੀ ਵੀ ਇਨ੍ਹਾਂ ਦੀ ਮਰਜ਼ੀ ਨਾਲ ਉਡਾਰੀ ਭਰਨ । ਪਰ ਫਿਰ ਵੀ ਮਨੁੱਖਤਾ ਦੇ ਹਰ ਖੇਤਰ ਵਿੱਚ  ਮੌਜੂਦਾ ਪੰਜਾਬ ਸਰਕਾਰ ਤੋਂ ਬਿਨਾਂ ਪੱਤਾ ਨਹੀਂ ਹਿੱਲਦਾ । ਇਸ ਕਰਕੇ ਹੱਦੋਂ ਵੱਧ ਮਕਬੂਲੀਅਤ ਖੱਟਣ ਵਾਲੇ ਫਿਲਮਾਂ ਦੇ ਸੁਪਰਸਟਾਰ ਅਤੇ ਹੋਰ ਖੇਤਰਾਂ ਦੇ ਹੀਰੋ ਵੀ ਸਿਆਸਤ ਵਿੱਚ  ਆਓੁਣਾ ਪਸੰਦ ਕਰਦੇ ਹਨ  ਕਿਉਂਕਿ ਕਿਸੇ ਵੀ ਖੇਤਰ ਦੇ ਸੁਪਰਸਟਾਰ ਜਾਂ ਹੀਰੋ ਬਣਨ ਨਾਲੋਂ ਰਾਜਸੀ ਤਾਕਤ ਦਾ ਨਸ਼ਾ ਜ਼ਿਆਦਾ ਸਕੂਨ ਦਿੰਦਾ ਹੈ । ਇਕ ਵਕਤ ਸੀ ਕਿ ਜਦੋਂ ਪੰਜਾਬ ਦੀ ਸਿਆਸਤ ਵਿੱਚ ਸਿਰਫ਼ ਓੁਹ ਆਗੂ ਹੀ ਲੋਕ ਸੇਵਾ ਦੀ ਭਾਵਨਾ ਅਤੇ ਪੰਜਾਬ ਦੀ ਤਰੱਕੀ ਦੇ ਇਰਾਦਿਆ ਨਾਲ ਆਉਂਦੇ ਸਨ ਜੋ ਆਪਣਾ ਤਨ ਮਨ ਧਨ ਸਿਆਸਤ ਦੇ ਲੇਖੇ ਲਾਉਂਦੇ ਸਨ  । ਸਿਆਸਤ ਨੂੰ  ਰਾਜ ਨਹੀਂ ਸੇਵਾ ਵਜੋਂ ਮੰਨਿਆ ਜਾਂਦਾ ਸੀ ਪਰ ਜਦ ਤੋਂ ਸਿਆਸਤ ਵਿਚ ਸਰਮਾਏਦਾਰ, ਵਪਾਰਕ ਸੋਚ , ਧਨਾਢ ਅਤੇ ਮਾਫੀਆ ਨਾਲ ਸਬੰਧਤ   ਲੋਕਾਂ ਦੀ ਐਂਟਰੀ ਹੋਈ ਹੈ । ਓਸ ਦਿਨ ਤੋਂ  ਸਿਆਸਤ ਇੱਕ  ਸੇਵਾ ਨਹੀਂ  ਸਗੋਂ ਇੱਕ ਵਪਾਰ ਬਣ ਕੇ ਰਹਿ ਗਈ ਹੈ ।  ਅੱਜ ਭਾਵੇਂ ਪੰਜਾਬ  ਜਾਂ ਹਿੰਦੋਸਤਾਨ ਦੇ ਕਿਸੇ ਵੀ ਸੂਬੇ ਦੀ ਸਿਆਸਤ ਹੋਵੇ ਹਰ ਕੋਈ ਐੱਮ ਐੱਲ ਏ, ਮੈਂਬਰ ਪਾਰਲੀਮੈਂਟ ਅਤੇ ਮੰਤਰੀ ਬਣਨਾ ਆਪਣੇ ਹੀ ਮਨ ਵਿੱਚ ਲੋਚਦਾ ਹੈ । ਰਾਜਸੀ ਨਸ਼ੇ ਦਾ ਸਕੂਨ ਲੈਣ ਲਈ ਹਰ ਖੇਤਰ ਦੇ ਲੋਕਾਂ ਨੇ ਸਿਆਸਤ ਵਿੱਚ ਸ਼ਮੂਲੀਅਤ ਕੀਤੀ ਹੈ। ਕੁਝ  ਨੇ ਕਾਮਯਾਬੀ ਵੀ ਹਾਸਿਲ ਕੀਤੀ ਕੁਝ ਬੁਰੀ ਤਰ੍ਹਾਂ ਫੇਲ੍ਹ ਵੀ ਹੋਏ,ਬਹੁਤਿਆਂ ਨੇ ਚੰਗਾ ਮਾਲ ਬਣਾਇਆ ਵੀ , ਬਹੁਤਿਆਂ ਨੇ ਘਰ ਫੂਕ ਤਮਾਸ਼ਾ ਵੀ ਵੇਖਿਆ,   ਕੁਝ ਨੇ ਆਪਣੇ ਖੇਤਰ ਨਾਲੋਂ ਵੀ ਸਿਆਸਤ ਵਿੱਚ ਵੱਡਾ ਨਾਮਣਾ ਖੱਟਿਆ, ਅਤੇ ਸਹੀ ਅਰਥਾਂ ਵਿੱਚ  ਰਾਜਨੀਤਿਕ  ਸੇਵਾ ਵੀ ਕੀਤੀ । ਸਾਬਕਾ ਪ੍ਰਧਾਨ  ਮੰਤਰੀ ਡਾ ਮਨਮੋਹਨ ਸਿੰਘ ਅਤੇ ਸਾਬਕਾ ਰਾਸ਼ਟਰਪਤੀ ਏਪੀਜੇ ਅਬਦੁਲ ਕਲਾਮ ਇਸ ਦੀ ਇਕ ਵੱਡੀ ਉਦਾਹਰਨ ਹਨ  ।

             ਆਮ ਤੌਰ ਤੇ ਪੰਜਾਬ ਦੀ ਸਿਆਸਤ ਵਿੱਚ ਖਿਡਾਰੀਆਂ ਦੀ ਐਂਟਰੀ ਨਾ ਮਾਤਰ ਰਹੀ ਹੈ । ਪਿਛਲੇ ਇੱਕ ਦਹਾਕੇ ਤੋਂ  ਕ੍ਰਿਕਟਰ ਨਵਜੋਤ ਸਿੰਘ ਸਿੱਧੂ ਅਤੇ ਹਾਕੀ ਓਲੰਪੀਅਨ ਪਰਗਟ ਸਿੰਘ ਨੇ ਪੰਜਾਬ ਦੀ ਸਿਆਸਤ ਵਿੱਚ ਵੱਡਾ ਨਾਮਣਾ ਖੱਟਿਆ ਹੈ । ਇਸ ਵਾਰ ਵੀ ਚੋਣ ਦੰਗਲ 2022  ਵਿੱਚ ਪੰਜਾਬ ਦੇ 7 ਅੰਤਰਰਾਸ਼ਟਰੀ ਪੱਧਰ ਦੇ ਖਿਡਾਰੀ ਆਪਣੀ ਕਿਸਮਤ ਅਜ਼ਮਾਈ ਕਰ ਰਹੇ ਹਨ। ਨਵਜੋਤ ਸਿੰਘ ਸਿੱਧੂ ਅਤੇ ਪਰਗਟ ਸਿੰਘ ਤਾਂ ਹੁਣ ਇਕ ਖੇਡ ਦੇ   ਖਿਡਾਰੀ ਨਹੀਂ  ਸਗੋਂ ਸਿਆਸਤ ਦੇ ਚੰਗੇ ਖਿਡਾਰੀ ਬਣ ਗਏ ਹਨ। ਇਸ ਤੋਂ ਇਲਾਵਾ  1975 ਵਿਸ਼ਵ ਕੱਪ ਹਾਕੀ ਦੇ ਜੇਤੂ ਕਪਤਾਨ ਅਜੀਤਪਾਲ ਸਿੰਘ ਸੰਸਾਰਪੁਰ, ਹਲਕਾ ਨਕੋਦਰ ਤੋਂ ,ਕਬੱਡੀ ਸਰਕਲ ਸਟਾਈਲ   ਦੇ ਵਿਸ਼ਵ ਚੈਂਪੀਅਨ ਗੁਰਲਾਲ ਸਿੰਘ ਘਨੌਰ ਹਲਕਾ ਘਨੌਰ ਤੋਂ , ਕਬੱਡੀ ਦਾ ਹੀ ਇਕ ਹੋਰ ਸਟਾਰ  ਗੁਲਜ਼ਾਰ ਸਿੰਘ ਮੂਣਕ ਹਲਕਾ ਦਿੜਬਾ ਤੋਂ  , 1980 ਮਾਸਕੋ ਓਲੰਪਿਕ ਦੇ ਹਾਕੀ  ਸੋਨ ਤਮਗਾ ਜੇਤੂ ਓਲੰਪੀਅਨ ਸੁਰਿੰਦਰ ਸਿੰਘ ਸੋਢੀ ਜਲੰਧਰ ਕੈਂਟ ਤੋਂ ,ਅਰਜਨ ਐਵਾਰਡੀ ਬਾਸਕਟਬਾਲ ਖਿਡਾਰੀ ਸੱਜਣ ਸਿੰਘ ਚੀਮਾ ਹਲਕਾ  ਸੁਲਤਾਨਪੁਰ ਲੋਧੀ ਤੋਂ ਚੋਣ ਲੜ ਰਹੇ  ਹਨ। ਇਨ੍ਹਾਂ ਖਿਡਾਰੀਆਂ ਵਿੱਚੋਂ ਓਲੰਪੀਅਨ ਸੁਰਿੰਦਰ ਸਿੰਘ ਸੋਢੀ ਗੁਰਲਾਲ ਘਨੌਰ ਅਤੇ ਸੱਜਣ ਸਿੰਘ ਚੀਮਾ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਨ।  ਗੁਲਜ਼ਾਰ ਸਿੰਘ ਮੂਣਕ  ਸ਼੍ਰੋਮਣੀ  ਅਕਾਲੀ ਦਲ ਵੱਲੋਂ ਅਤੇ ਓਲੰਪੀਅਨ  ਅਜੀਤਪਾਲ ਸਿੰਘ  ਪੰਜਾਬ ਲੋਕ ਕਾਂਗਰਸ ਤੋਂ ਹਨ। ਖਿਡਾਰੀਆਂ ਦਾ ਸਿਆਸਤ ਵਿੱਚ ਆਉਣਾ ਕੋਈ ਨਵੀਂ ਗੱਲ ਨਹੀਂ ਸਗੋਂ ਖਿਡਾਰੀਆਂ ਨੂੰ ਤਾਂ ਵੱਧ ਤੋਂ ਵੱਧ ਵੱਡੀ ਗਿਣਤੀ ਵਿਚ ਸਿਆਸਤ ਵਿੱਚ ਆਉਣਾ ਚਾਹੀਦਾ ਹੈ। ਜਿਸ ਤਰ੍ਹਾਂ ਖੇਡ ਮੈਦਾਨ ਦੇ ਵਿਚ ਉਹ ਹਾਰ ਜਿੱਤ ਲਈ ਆਪਣਾ ਪਸੀਨਾ ਵਹਾਉਂਦੇ ਹਨ ਅਤੇ ਚੈਂਪੀਅਨ ਬਣਦੇ ਹਨ ਇਸੇ ਤਰ੍ਹਾਂ ਸਿਆਸਤ  ਵਿੱਚ ਵੀ ਉਨ੍ਹਾਂ ਨੂੰ ਲੋਕਾਂ ਦੇ ਹੱਕ , ਸੱਚ ,ਇਨਸਾਫ ਅਤੇ ਅਧਿਕਾਰਾਂ  ਲਈ ਲਡ਼ਨਾ ਚਾਹੀਦਾ ਹੈ। ਜਿਸ ਤਰ੍ਹਾਂ ਉਨ੍ਹਾਂ ਨੇ ਦੁਨੀਆਂ ਵਿੱਚ ਆਪਣੇ ਦੇਸ਼ ਪੰਜਾਬ ਦਾ ਨਾਮ ਰੋਸ਼ਨ ਕੀਤਾ ਉਸੇ ਤਰ੍ਹਾਂ ਸਾਫ ਸੁਥਰੀ  ਅਤੇ ਸੱਚ ਤੇ ਪਹਿਰਾ ਦੇਣ ਵਾਲੀ ਰਾਜਨੀਤੀ ਦੀ ਉਦਾਹਰਣ ਬਣ ਕੇ ਪੰਜਾਬ ਦੀ ਤਰੱਕੀ ਵਿੱਚ ਆਪਣਾ ਅਹਿਮ ਯੋਗਦਾਨ ਪਾਉਣਾ ਚਾਹੀਦਾ ਹੈ । ਖਾਸ ਕਰਕੇ ਖੇਡ ਸੱਭਿਆਚਾਰ ਨੂੰ ਪ੍ਰਫੁੱਲਤ ਕਰਕੇ ਅਤੇ ਨੌਜਵਾਨ ਪੀੜ੍ਹੀ ਨੂੰ ਖੇਡਾਂ ਨਾਲ ਜੋੜ ਕੇ ਇਕ ਤੰਦਰੁਸਤ ਸਮਾਜ ਦੀ ਸਿਰਜਣਾ ਕਰਨੀ ਚਾਹੀਦੀ ਹੈ ਕਿਉਂਕਿ ਜੇਕਰ ਪੰਜਾਬ ਦੇ ਵਿੱਚ ਖੇਡ ਸੱਭਿਆਚਾਰ ਪ੍ਰਫੁੱਲਤ ਹੋਵੇਗਾ ਤਾਂ ਡਰੱਗ ਅਤੇ ਹੋਰ ਨਸ਼ਿਆਂ ਦੀ ਸਮੱਸਿਆ ਆਪਣੇ ਆਪ ਹੀ ਖ਼ਤਮ ਹੋ ਜਾਵੇਗੀ  । ਜਦੋਂ ਖਿਡਾਰੀਆਂ ਦੀ ਉਸਾਰੂ ਸੋਚ ਨਾਲ ਪੰਜਾਬ ਅੱਗੇ ਵਧੇਗਾ ਤਾਂ ਰਾਜਨੀਤੀ ਵਿੱਚ ਘੁਸਪੈਠ ਕਰੀ ਬੈਠੇ ਰਾਜਨੀਤਕ ਡਾਕੂ ਅਤੇ ਮਾਫੀਆ ਲੋਕ  ਭੱਜਣ ਲਈ ਆਪਣੇ ਆਪ ਹੀ ਮਜਬੂਰ ਹੋਣਗੇ । ਪੰਜਾਬ ਦੇ ਖਿਡਾਰੀਆਂ ਦੀ ਰਾਜਨੀਤਕ ਐਂਟਰੀ ਤੋਂ ਪਹਿਲਾਂ ਹਾਕੀ ਓਲੰਪੀਅਨ ਅਸਲਮ ਸ਼ੇਰ ਖਾਨ ਅਤੇ ਰਾਜ ਵਰਧਨ ਰਠੌੜ ਨੇ ਭਾਰਤ ਦੇ ਕੇਂਦਰੀ ਖੇਡ ਮੰਤਰੀ ਬਣ ਕੇ ਆਪਣੀ ਓੁਸਾਰੂ ਭੂਮਿਕਾ ਨਿਭਾਈ ਹੈ ,ਇਸ ਤੋਂ ਇਲਾਵਾ ਹਾਕੀ ਓਲੰਪੀਅਨ ਦਿਲੀਪ ਟਿਰਕੀ ਨੇ ਰਾਜ ਸਭਾ ਮੈਂਬਰ ਬਣ ਕੇ ਉੜੀਸਾ ਦੀ ਹਾਕੀ ਦੀ ਤਰੱਕੀ ਵਿੱਚ  ਵਿਸ਼ਵ  ਪੱਧਰ ਤੇ ਨਾਮਣਾ ਖੱਟਿਆ ਹੈ , ਅੱਜ ਉੜੀਸਾ ਨੇ ਚਾਰ ਵਿਸ਼ਵ ਕੱਪ ਅਤੇ ਹੋਰ ਕਈ ਅੰਤਰਰਾਸ਼ਟਰੀ ਟੂਰਨਾਮੈਂਟਾਂ ਦੀ ਮੇਜ਼ਬਾਨੀ ਹਾਸਲ ਕਰਕੇ ਉੜੀਸਾ ਦੇ ਭੁਵਨੇਸ਼ਵਰ ਸ਼ਹਿਰ  ਦੁਨੀਆਂ ਦੀ ਹਾਕੀ ਦੀ ਰਾਜਧਾਨੀ ਬਣ ਗਿਆ ਹੈ । ਇਸ ਲਈ ਪੰਜਾਬ ਦੇ ਖਿਡਾਰੀਆਂ ਨੂੰ ਵੀ ਰਾਜਨੀਤੀ ਵਿੱਚ  ਆ ਕੇ ਇਕ ਉਸਾਰੂ ਅਤੇ ਸਾਰਥਿਕ ਭੂਮਿਕਾ ਨਿਭਾਉਣੀ ਚਾਹੀਦੀ ਹੈ। ਜਿਸ ਨਾਲ ਪੰਜਾਬ ਜਿੱਥੇ ਖੇਡਾਂ ਦੇ ਖੇਤਰ ਵਿਚ ਤਰੱਕੀ ਕਰੇਗਾ ,ਉਥੇ   ਬਾਕੀ ਖੇਤਰਾਂ ਵਿੱਚ ਵੀ ਕਾਮਯਾਬੀ ਦੀਆਂ ਬੁਲੰਦੀਆਂ ਨੂੰ ਹਾਸਲ ਕਰੇਗਾ । ਇਹ ਆਉਣ ਵਾਲਾ ਵਕਤ ਹੀ ਦੱਸੇਗਾ ਕਿ ਰਾਜਨੀਤੀ ਵਿਚ ਆਏ ਖਿਡਾਰੀਆਂ ਦੀ ਭੂਮਿਕਾ ਕਿਹੋ ਜਿਹੀ ਰਹਿੰਦੀ ਹੈ । ਪ੍ਰਮਾਤਮਾ ਪੰਜਾਬ ਦੀ ਰਾਜਨੀਤੀ ਵਿੱਚ ਜ਼ੋਰ ਅਜ਼ਮਾਈ ਕਰ ਰਹੇ ਖਿਡਾਰੀਆਂ ਤੇ ਰਹਿਮਤ ਬਖਸ਼ੇ। ਰੱਬ ਰਾਖਾ!

You must be logged in to post a comment Login