ਕੁਲਭੂਸ਼ਣ ਜਾਧਵ ਮਾਮਲਾ : ਫਰਵਰੀ 2019 ‘ਚ ਆਈ.ਸੀ.ਜੇ. ਕਰੇਗਾ ਸੁਣਵਾਈ

ਕੁਲਭੂਸ਼ਣ ਜਾਧਵ ਮਾਮਲਾ : ਫਰਵਰੀ 2019 ‘ਚ ਆਈ.ਸੀ.ਜੇ. ਕਰੇਗਾ ਸੁਣਵਾਈ

ਇਸਲਾਮਾਬਾਦ – ਕੌਮਾਂਤਰੀ ਅਦਾਲਤ (ਆਈ.ਸੀ.ਜੇ.) ਭਾਰਤੀ ਨਾਗਰਿਕ ਕੁਲਭੂਸ਼ਣ ਜਾਧਵ ਦੇ ਮਾਮਲੇ ਦੀ ਸੁਣਵਾਈ ਅਗਲੇ ਸਾਲ ਫਰਵਰੀ ਵਿਚ ਇਕ ਹਫਤੇ ਲਈ ਕਰੇਗੀ। ਬੁੱਧਵਾਰ ਨੂੰ ਮੀਡੀਆ ਵਿਚ ਆਈ ਇਕ ਖਬਰ ਵਿਚ ਇਹ ਦਾਅਵਾ ਕੀਤਾ ਗਿਆ ਹੈ। 47 ਸਾਲਾ ਜਾਧਵ ਨੂੰ ਪਾਕਿਸਤਾਨ ਦੀ ਇਕ ਮਿਲਟਰੀ ਅਦਾਲਤ ਨੇ ਜਾਸੂਸੀ ਕਰਨ ਦੇ ਦੋਸ਼ਾਂ ਵਿਚ ਬੀਤੇ ਸਾਲ ਅਪ੍ਰੈਲ ਵਿਚ ਮੌਤ ਦੀ ਸਜ਼ਾ ਸੁਣਾਈ ਸੀ। ਜਿੱਥੇ ਪਾਕਿਸਤਾਨ ਦਾ ਦਾਅਵਾ ਹੈ ਕਿ ਉਸ ਦੇ ਸੁਰੱਖਿਆ ਬਲਾਂ ਨੇ ਜਾਧਵ ਨੂੰ ਆਪਣੇ ਬਲੋਚਿਸਤਾਨ ਸੂਬੇ ਤੋਂ ਮਾਰਚ 2016 ਵਿਚ ਗ੍ਰਿਫਤਾਰ ਕੀਤਾ ਸੀ। ਉਹ ਕਥਿਤ ਤੌਰ ‘ਤੇ ਈਰਾਨ ਤੋਂ ਪਾਕਿਸਤਾਨ ਦੀ ਸਰਹੱਦ ਵਿਚ ਦਾਖਲ ਹੋਇਆ ਸੀ। ਉੱਥੇ ਭਾਰਤ ਨੇ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਭਾਰਤ ਨੇ ਪਾਕਿਸਤਾਨ ਦੇ ਇਸ ਫੈਸਲੇ ਵਿਰੁੱਧ ਬੀਤੇ ਸਾਲ ਮਈ ਵਿਚ ਆਈ.ਸੀ.ਜੇ. ਦਾ ਰੁਖ਼ ਕੀਤਾ ਸੀ। ਆਈ.ਸੀ.ਜੇ. ਨੇ ਭਾਰਤ ਦੀ ਅਪੀਲ ‘ਤੇ ਅਖੀਰੀ ਫੈਸਲਾ ਆਉਣ ਤੱਕ ਜਾਧਵ ਦੀ ਮੌਤ ਦੀ ਸਜ਼ਾ ਦੇਣ ਦੀ ਪ੍ਰਕਿਰਿਆ ‘ਤੇ ਰੋਕ ਲਗਾ ਦਿੱਤੀ ਸੀ। ਇਕ ਸਮਾਚਾਰ ਏਜੰਸੀ ਦੇ ਹਵਾਲੇ ਨਾਲ ਦੱਸਿਆ ਗਿਆ ਹੈ ਕਿ ਕੌਮਾਂਤਰੀ ਅਦਾਲਤ ਅਗਲੇ ਸਾਲ ਫਰਵਰੀ ਵਿਚ ਇਕ ਹਫਤਾ ਰੋਜ਼ਾਨਾ ਇਸ ਮਾਮਲੇ ‘ਤੇ ਸੁਣਵਾਈ ਕਰੇਗੀ। ਪਾਕਿਸਤਾਨ ਨੇ ਆਪਣੀ ਦਲੀਲ ਵਿਚ ਕਿਹਾ ਹੈ ਕਿ ਜਾਧਵ ਕੋਈ ਸਧਾਰਨ ਵਿਅਕਤੀ ਨਹੀਂ ਹੈ ਕਿਉਂਕਿ ਉਹ ਜਾਸੂਸੀ ਦੇ ਇਰਾਦੇ ਨਾਲ ਦੇਸ਼ ਵਿਚ ਦਾਖਲ ਹੋਇਆ ਅਤੇ ਉਸ ਨੇ ਵਿਨਾਸ਼ਕਾਰੀ ਗਤੀਵਿਧੀਆਂ ਨੂੰ ਅੰਜ਼ਾਮ ਦਿੱਤਾ ਸੀ।

You must be logged in to post a comment Login