ਕੇਂਦਰੀ ਜਲ ਆਯੋਗ ਦਾ ਖੁਲਾਸਾ, ਹੜ੍ਹਾਂ ਦੇ ਬਾਵਜੂਦ ਵੀ ਪੰਜਾਬ ਵਿਚ ਸੋਕਾ

ਕੇਂਦਰੀ ਜਲ ਆਯੋਗ ਦਾ ਖੁਲਾਸਾ, ਹੜ੍ਹਾਂ ਦੇ ਬਾਵਜੂਦ ਵੀ ਪੰਜਾਬ ਵਿਚ ਸੋਕਾ

ਨਵੀਂ ਦਿੱਲੀ : ਇਸ ਵਾਰ ਬਾਰਸ਼ ਨੇ ਪੰਜਾਬ ਦੇ ਕਈ ਹਿੱਸਿਆਂ ਨੂੰ ਡੋਬ ਦਿੱਤਾ ਪਰ ਜਲ ਭੰਡਾਰਾਂ ਦੇ ਰੂਪ ’ਚ ਸੂਬੇ ਨੂੰ ਕੋਈ ਜ਼ਿਆਦਾ ਫਾਇਦਾ ਨਹੀਂ ਹੋਇਆ। ਪੰਜਾਬ ਅੰਦਰ ਧਰਤੀ ਹੇਠਲਾ ਪਾਣੀ ਪਹਿਲਾਂ ਹੀ ਕਾਫੀ ਹੇਠਾਂ ਜਾ ਚੁੱਕਾ ਹੈ। ਅਜਿਹੇ ਵਿਚ ਇਸ ਸਾਲ ਕੇਂਦਰੀ ਜਲ ਆਯੋਗ (ਸੀਡਬਲਿਊਸੀ) ਦੀ ਰਿਪੋਰਟ ਵੀ ਪੰਜਾਬ ਲਈ ਚੰਗੀ ਨਹੀਂ ਹੈ। ਹੜ੍ਹਾਂ ਦੀ ਮਾਰ ਦੇ ਬਾਵਜੂਦ ਇਸ ਸਾਲ ਬਾਰਸ਼ ਵੀ ਪੰਜਾਬ ਵਿਚ ਘੱਟ ਹੋਈ ਹੈ। ਦਰਅਸਲ ਪਿਛਲੇ ਚਾਰ ਮਹੀਨਿਆਂ ’ਚ ਦੱਖਣ-ਪੱਛਮੀ ਮੌਨਸੂਨ ਦੌਰਾਨ ਹੋਈ ਭਰਪੂਰ ਬਾਰਸ਼ ਕਰਕੇ ਦੇਸ਼ ਦੇ ਜਲ ਭੰਡਾਰ ਵਿਚ ਰੌਣਕ ਲੱਗੀ ਹੈ। ਕੇਂਦਰੀ ਜਲ ਆਯੋਗ (ਸੀਡਬਲਿਊਸੀ) ਦੀ ਨਿਗਰਾਨੀ ਵਾਲੇ 120 ਜਲ ਭੰਡਾਰਾਂ ’ਚ ਪਾਣੀ ਜਮ੍ਹਾਂ ਹੋਇਆ ਹੈ। ਸਭ ਤੋਂ ਵੱਧ ਪਾਣੀ ਗੁਜਰਾਤ ਤੇ ਮਹਾਰਾਸ਼ਟਰ ਦੇ ਜਲ ਭੰਡਾਰਾਂ ’ਚ ਜਮ੍ਹਾਂ ਹੋਇਆ ਹੈ। ਇਸ ਦੇ ਉਲਟ ਮੈਦਾਨੀ ਸੂਬਿਆਂ ਪੰਜਾਬ, ਹਰਿਆਣਾ ਤੇ ਯੂਪੀ ’ਚ ਬਾਰਸ਼ ਦੀ ਘਾਟ ਦਾ ਅਸਰ ਜਲ ਭੰਡਾਰਾਂ ’ਤੇ ਸਪੱਸ਼ਟ ਨਜ਼ਰ ਆਇਆ ਹੈ, ਜਿੱਥੇ ਹੋਰ ਸੂਬਿਆਂ ਵਿਚਲੇ ਜਲ ਭੰਡਾਰਾਂ ਦੇ ਮੁਕਾਬਲੇ ਘੱਟ ਪਾਣੀ ਜਮ੍ਹਾਂ ਹੋਇਆ ਹੈ। ਮੱਧ ਖੇਤਰ ਦੇ ਸੂਬੇ ਉੱਤਰ ਪ੍ਰਦੇਸ਼, ਉੱਤਰਾਖੰਡ, ਮੱਧ ਪ੍ਰਦੇਸ਼, ਛੱਤੀਸਗੜ੍ਹ ਵਿਚ ਵੀ ਜਲ ਭੰਡਾਰਾਂ ਨੂੰ ਆਸ ਨਾਲੋਂ ਘੱਟ ਪਾਣੀ ਜੁੜਿਆ। ਪਿਛਲੇ ਸਾਲ 10 ਅਕਤੂਬਰ ਨੂੰ ਦੱਖਣ-ਪੱਛਮੀ ਮੌਨਸੂਨ ਦੀ ਵਾਪਸੀ ਸ਼ੁਰੂ ਹੋਣ ਤੋਂ ਬਾਅਦ ਸੀਡਬਲਿਊਸੀ ਅਧਿਕਾਰ ਖੇਤਰ ਵਾਲੇ ਦੇਸ਼ ਦੇ ਸਾਰੇ 120 ਜਲ ਭੰਡਾਰਾਂ ’ਚ 17 ਅਕਤੂਬਰ ਤੱਕ ਕੁੱਲ ਸਮਰੱਥਾ ਦਾ 89 ਫ਼ੀਸਦੀ ਪਾਣੀ ਜਮ੍ਹਾਂ ਹੋ ਗਿਆ ਹੈ। ਮੌਸਮ ਵਿਭਾਗ ਦੇ ਵਿਗਿਆਨੀ ਰਣਜੀਤ ਸਿੰਘ ਨੇ ਇਸ ਸਾਲ ਤੈਅ ਸਮੇਂ ਤੋਂ ਦੇਰ ਨਾਲ ਹੋਈ ਮੌਨਸੂਨ ਵਾਪਸੀ ਦਾ ਹਵਾਲਾ ਦਿੰਦਿਆਂ ਦੱਸਿਆ ਕਿ ਦੱਖਣ-ਪੱਛਮੀ ਮੌਨਸੂਨ ਦੌਰਾਨ ਆਮ ਨਾਲੋਂ ਲਗਪਗ 10 ਫ਼ੀਸਦੀ ਵੱਧ ਮੀਂਹ ਪੈਣ ਸਦਕਾ ਸਾਰੀਆਂ ਨਦੀਆਂ ਸਣੇ ਹੋਰ ਜਲ ਭੰਡਾਰਾਂ ਵਿੱਚ ਰਿਕਾਰਡ-ਤੋੜ ਪਾਣੀ ਜਮ੍ਹਾਂ ਹੋਇਆ ਹੈ। ਉਨ੍ਹਾਂ ਨੇ ਇਸ ਨੂੰ ਮੀਂਹ ਦਾ ਪਾਣੀ ਜਲ ਭੰਡਾਰਾਂ ਤੱਕ ਪਹੁੰਚਾਉਣ ਲਈ ਵਿਭਾਗ ਵੱਲੋਂ ਪਿਛਲੇ ਇੱਕ ਸਾਲ ’ਚ ਕੀਤੇ ਗਏ ਤਕਨੀਕੀ ਹੱਲਾਂ ਦਾ ਨਤੀਜਾ ਦੱਸਿਆ।

You must be logged in to post a comment Login