ਨਵੀਂ ਦਿੱਲੀ, 16 ਸੰਤਬਰ : ਆਮ ਆਦਮੀ ਪਾਰਟੀ (ਆਪ) ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਅਚਨਚੇਤ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਦੇ ਕੀਤੇ ਗਏ ਐਲਾਨ ਤੋਂ ਬਾਅਦ ਉਨ੍ਹਾਂ ਦਾ ਜਾਨਸ਼ੀਨ ਚੁਣਨ ਲਈ ਸੋਮਵਾਰ ਨੂੰ ਪਾਰਟੀ ਵਿਚ ਵਿਚਾਰ-ਵਟਾਂਦਰਿਆਂ ਅਤੇ ਮੀਟਿੰਗਾਂ ਦਾ ਦੌਰ ਜਾਰੀ ਹੈ। ਸੋਮਵਾਰ ਸ਼ਾਮ ਨੂੰ ‘ਆਪ’ ਦੀ ਸਿਆਸੀ ਮਾਮਲਿਆਂ ਬਾਰੇ ਕਮੇਟੀ ਦੀ ਮੀਟਿੰਗ ਵੀ ਤੈਅ ਕੀਤੀ ਗਈ ਹੈ। ਅੱਜ ਸਵੇਰ ਸਮੇਂ ਪਾਰਟੀ ਦੇ ਸੀਨੀਅਰ ਆਗੂ ਅਤੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਇਥੇ ਸਥਿਤ ਕੇਜਰੀਵਾਲ ਦੀ ਸਰਕਾਰੀ ਰਿਹਾਇਸ਼ ਉਤੇ ਪੁੱਜੇ ਅਤੇ ਦੋਵੇਂ ਆਗੂਆਂ ਨੇ ਮੁੱਖ ਮੰਤਰੀ ਦੇ ਅਹੁਦੇ ਲਈ ਸੰਭਾਵਿਤ ਨਾਵਾਂ ਬਾਰੇ ਵਿਚਾਰ-ਚਰਚਾ ਕੀਤੀ। ਕੇਜਰੀਵਾਲ ਦਾ ਜਾਨਸ਼ੀਨ ਬਣਨ ਦੇ ਸੰਭਾਵਿਤ ਉਮੀਦਵਾਰਾਂ ਵਿਚ ਦਿੱਲੀ ਦੇ ਮੰਤਰੀਆਂ ਆਤਿਸ਼ੀ, ਗੋਪਾਲ ਰਾਏ, ਸੌਰਭ ਭਾਰਦਵਾਜ, ਕੈਲਾਸ਼ ਗਹਿਲੋਤ ਤੇ ਰਾਖਵੇਂ ਵਰਗਾਂ ਦੇ ਕੁਝ ਵਿਧਾਇਕਾਂ ਅਤੇ ਦਿੱਲੀ ਵਿਧਾਨ ਸਭਾ ਦੀ ਸਪੀਕਰ ਰਾਖੀ ਬਿਰਲਾ ਤੇ ਕੇਜਰੀਵਾਲ ਦੀ ਪਤਨੀ ਸੁਨੀਤਾ ਆਦਿ ਦੇ ਨਾਂ ਲਏ ਜਾ ਰਹੇ ਹਨ।

You must be logged in to post a comment Login